ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਓਬੀਸੀ ਅਧਿਕਾਰ ਚੇਤਨਾ ਮੰਚ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸ੍ਰੀ ਪੂਰਨ ਚੰਦ ਦੀ ਅਗਵਾਈ ਹੇਠ ਪੱਛੜੀਆਂ ਸ਼੍ਰੇਣੀਆਂ ਦੀ ਮਰਦਮਸ਼ੁਮਾਰੀ ਕਰਵਾਉਣ ਲਈ ਪ੍ਰੋਫਾਰਮ ਵਿੱਚ ਕਾਲਮ ਦਰਜ਼ ਕਰਵਾਉਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਫਿਰੋਜ਼ਪੁਰ ਵਿਖ਼ੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਾਨ ਸਿੰਘ ਪ੍ਰਧਾਨ ਪ੍ਰਜਾਪਤੀ ਸਭਾ ਫਿਰੋਜ਼ਪੁਰ, ਬਾਬੂ ਰਾਮ ਪ੍ਰਜਾਪਤੀ ਖਜਾਨਚੀ, ਕ੍ਰਿਸ਼ਨ ਕੁਮਾਰ ਪ੍ਰਜਾਪਤੀ, ਫਤਿਹ ਚੰਦ ਪ੍ਰਜਾਪਤੀ, ਵਿਕਰਮ ਕੁਮਾਰ, ਭਗਤ ਰਾਮ, ਨਰੇਸ਼ ਕੁਮਾਰ ਪ੍ਰਜਾਪਤੀ ਯੂਥ ਪ੍ਰਧਾਨ ਪ੍ਰਜਾਪਤੀ ਸਭਾ ਫਿਰੋਜ਼ਪੁਰ ਤੇ ਹੋਰ ਸਾਥੀ ਵੀ ਮੌਜੂਦ ਸਨ। ਮੰਗ ਪੱਤਰ ਦੇਣ ਤੋਂ ਬਾਅਦ ਪੂਰਨ ਚੰਦ ਪ੍ਰਜਾਪਤੀ ਨੇ ਦੱਸਿਆ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਓਬੀਸੀ ਵਰਗ ਨਾਲ ਹਮੇਸ਼ਾਂ ਦੀ ਤਰਾਂ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਓਹਨਾਂ ਦੱਸਿਆ ਕਿ ਜਾਤੀ ਜੰਨਗਣਨਾ ਦੇ ਫਾਰਮ ਵਿੱਚ ਓਬੀਸੀ ਵਰਗ ਦਾ ਕਾਲਮ ਨਾ ਹੋਣਾ ਓਬੀਸੀ ਸਮਾਜ ਦੀ ਜੰਨਗਣਨਾ ਪਿੱਛੇ ਭਾਜਪਾ ਸਰਕਾਰ ਦੀ ਕੋਈ ਡੂੰਘੀ ਸਾਜਿਸ਼ ਹੈ। ਕੇਂਦਰ ਸਰਕਾਰ ਜਾਣਦੀ ਹੈ ਕਿ ਅਗਰ ਓਬੀਸੀ ਵਰਗ ਦੀ ਜਾਤੀ ਜੰਨਗਣਨਾ ਕਰਵਾ ਦਿੱਤੀ ਗਈ ਤਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਅਪਣੇ ਸੰਵਿਧਾਨਿਕ ਅਧਿਕਾਰਾਂ ਤੋਂ ਵਾਂਝਾ ਰਹਿ ਗਿਆ ਓਬੀਸੀ ਵਰਗ ਵੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕਰੇਗਾ ਕਿ ਓਬੀਸੀ ਵਰਗ ਦੇ ਲੋਕਾਂ ਨੂੰ ਅਧਿਕਾਰ ਕਿਉਂ ਨਹੀਂ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਬਾਬੂ ਰਾਮ ਪ੍ਰਜਾਪਤੀ ਨੇ ਦੱਸਿਆ ਕਿ ਪਹਲੇ ਗੇੜ ਦੀ ਜੰਨਗਣਨਾ ਐੱਚ.ਐੱਲ.ਓ. ਐਪ ਰਾਹੀਂ ਕੀਤੀ ਜਾ ਰਹੀ ਜਾਤੀ ਜੰਨਗਣਨਾ ਸੰਦੇਹ ਪੂਰਣ ਹੈ। ਜਿਸਦੇ ਅੰਕੜਿਆਂ ਦੀ ਸਹੀ ਜਾਂ ਗਲਤ ਜਾਣਕਾਰੀ ਲਈ ਵਿਭਾਗ ਦਾ ਕੋਈ ਕਰਮਚਾਰੀ ਜਿੰਮੇਵਾਰ ਨਹੀਂ ਹੋਵੇਗਾ। ਓਹਨਾਂ ਮੰਗ ਕੀਤੀ ਕਿ ਡਿਜੀਟਲ ਗਿਣਤੀ ਦੇ ਨਾਲ ਨਾਲ ਅਧਿਕਾਰਿਤ ਰੂਪ ਵਿੱਚ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇ।

