ਕੋਟਕਪੂਰਾ, 30 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਅਤੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਖੂਬ ਸਮਾਂ ਬੰਨਿ੍ਹਆ। ਸਮਾਗਮ ਦੌਰਾਨ ਪੰਜਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੂੰ ਤਿੰਨ ਵਰਗਾਂ (ਪੰਜਵੀਂ-ਛੇਵੀਂ, ਸੱਤਵੀਂ-ਅੱਠਵੀਂ ਅਤੇ ਨੌਵੀਂ-ਦਸਵੀਂ) ਵਿੱਚ ਵੰਡਿਆ ਗਿਆ ਸੀ, ਜਿਸ ਵਿੱਚੋਂ ਹਰੇਕ ਵਰਗ ਦੇ ਮੋਹਰੀ ਰਹਿਣ ਵਾਲੇ ਕੁੱਲ 9 ਜੇਤੂ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਲਈ ਚੁਣਿਆ ਗਿਆ। ਇਸ ਤੋਂ ਇਲਾਵਾ 20 ਵਿਦਿਆਰਥੀਆਂ ਨੂੰ ਸਰਟੀਫਿਕੇਟ ਆਫ ਪਾਰਟੀਸਿਪੇਸ਼ਨ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਟੁਰਨਾ ਵੱਲੋਂ ਜੇਤੂ ਬੱਚਿਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਡਾ. ਟੁਰਨਾ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਿਹੇ ਰਚਨਾਤਮਕ ਪ੍ਰੋਗਰਾਮ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਹਨਾਂ ਦਾ ਉਤਸ਼ਾਹ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ, ਜੋ ਭਵਿੱਖ ਵਿੱਚ ਉਹਨਾਂ ਲਈ ਰਾਹ-ਦਸੇਰਾ ਬਣਦੇ ਹਨ।

