ਮੁਹੱਲਾ ਨਾਲ ਸਬੰਧਤ ਸਮੱਸਿਆਵਾਂ ਸੁਨਣ ਤੋਂ ਬਾਅਦ ਜਲਦ ਹੱਲ ਦਾ ਦਿਵਾਇਆ ਭਰੋਸਾ
ਕੋਟਕਪੂਰਾ 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਥਾਨਕ ਲਾਜਪਤ ਨਗਰ ਦੀ ਮੁੱਖ ਗਲੀ ਨੰਬਰ ਦੋ ਅਤੇ ਇਸ ਦੀਆਂ ਸਹਾਇਕ ਗਲੀਆਂ ਦੇ ਨਿਵਾਸੀਆਂ ਨਾਲ ਵਿਸ਼ੇਸ਼ ਲੋਕ ਮਿਲਣੀ ਕੀਤੀ ਗਈ। ਸੰਦੀਪ ਮਾਰਬਲ ਦੇ ਮਾਲਕ ਵੇਦ ਪ੍ਰਕਾਸ਼ ਗੋਇਲ ਦੀ ਰਿਹਾਇਸ਼ ‘ਤੇ ਹੋਈ ਇਸ ਮਿਲਣੀ ਵਿੱਚ ਲਾਜਪਤ ਨਗਰ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਨਾਲ-ਨਾਲ ਕੌਂਸਲਰ ਸਿਮਰਨਜੀਤ ਸਿੰਘ, ਅਨੀਤਾ ਅਰੋੜਾ, ਰਾਜਾ ਠੇਕੇਦਾਰ ਅਤੇ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਸਪੀਕਰ ਸੰਧਵਾਂ ਦੇ ਧਰਮ ਪਤਨੀ ਗੁਰਮੀਤ ਕੌਰ ਨੇ ਮੁਹੱਲਾ ਨਿਵਾਸੀ ਔਰਤਾਂ ਨਾਲ ਮਿਲ ਕੇ ਮੁਹੱਲੇ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੀ ਸ਼ੁਰੂਆਤ ਦਵਿੰਦਰ ਕੁਮਾਰ ਨੀਟੂ ਨੇ ਮਹਿਮਾਨਾਂ ਦਾ ਸਵਾਗਤ ਕਰਕੇ ਅਤੇ ਮੁੱਹਲਾ ਵਾਸੀਆਂ ਤੇ ਮੈਂਬਰਾਂ ਦੀ ਜਾਣ-ਪਹਿਚਾਣ ਕਰਵਾ ਕੇ ਕੀਤੀ। ਇਸ ਦੌਰਾਨ ਮੁਹੱਲੇ ਦੀਆਂ ਸਮੱਸਿਆਵਾਂ ਨਾਲ ਸਬੰਧਤ ਮੰਗ ਪੱਤਰ ਪ੍ਰੋਫੈਸਰ ਹਰਬੰਸ ਸਿੰਘ ਪਦਮ ਨੇ ਸਪੀਕਰ ਸੰਧਵਾਂ ਅਤੇ ਮੁਹੱਲਾ ਵਾਸੀਆਂ ਨੂੰ ਪੜ੍ਹ ਕੇ ਸੁਣਾਇਆ, ਜਿਸ ਵਿੱਚ ਮੁਹੱਲੇ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕੀਤਾ ਗਿਆ, ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਵਾਟਰ ਵਰਕਸ ਦੇ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪ ਪਾਉਣਾ, ਨਾਲੀਆਂ ਦਾ ਪਾਣੀ ਸੀਵਰੇਜ ਵਿੱਚ ਪਾ ਕੇ ਨਾਲੀਆਂ ਨੂੰ ਕਵਰ ਕਰਨਾ, ਮੁਹੱਲੇ ਦੀ ਦੋ ਨੰਬਰ ਗਲੀ ਵਿੱਚ ਸਥਿਤ ਮਿੰਨੀ ਪਾਰਕ ਵਿੱਚ ਸੀਮੈਂਟ ਬੈਚਾਂ ਨੂੰ ਸਥਾਪਤ ਕਰਨਾ, ਗਲੀ ਅੰਦਰ ਸਟਰੀਟ ਲਾਈਟਾਂ ਲਗਾਉਣਾ ਸ਼ਾਮਿਲ ਕੀਤੀਆਂ ਗਈਆਂ। ਉਪਰੋਕਤ ਮੰਗਾਂ ਸਬੰਧੀ ਸੁਣਨ ਤੋਂ ਬਾਅਦ ਸਪੀਕਰ ਸੰਧਵਾਂ ਵੱਲੋਂ ਇੰਨਾਂ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਵਾਇਆ ਅਤੇ ਸਬੰਧਤ ਅਧਿਕਾਰੀਆਂ ਨੂੰ ਇੰਨਾਂ ਦੇ ਹੱਲ ਲਈ ਹਦਾਇਤ ਕੀਤੀ। ਸਪੀਕਰ ਸੰਧਵਾਂ ਨੇ ਮੁਹੱਲਾ ਨਿਵਾਸੀਆਂ ਨੂੰ ਦੱਸਿਆ ਕਿ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਅਤੇ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਵੱਲੋਂ ਮੁਹੱਲੇ ਦੀ ਮਿੰਨੀ ਪਾਰਕ ਵਿੱਚ ਜਿਮ ਲਗਾਉਣ ਦਾ ਵਾਅਦਾ ਵੀ ਕੀਤਾ ਗਿਆ ਅਤੇ ਰਾਜਾ ਠੇਕੇਦਾਰ ਦੁਆਰਾ ਸਫਾਈ ਤੇ ਸਟੀਲ ਲਾਈਟਾਂ ਦਾ ਕੰਮ ਪੂਰਾ ਕਰਨ ਦੀ ਜਿੰਮੇਵਾਰੀ ਲਈ ਗਈ। ਇਸ ਮੌਕੇ ਸੰਦੀਪ ਕੁਮਾਰ ਗੋਇਲ, ਵਿਸ਼ਾਲ ਗੋਇਲ, ਤੋਂ ਇਲਾਵਾ ਮੁਹੱਲਾ ਨਿਵਾਸੀ ਪ੍ਰੀਤਮ ਸਿੰਘ ਮੱਕੜ, ਡਾ.ਰਾਜਿੰਦਰ ਅਰੋੜਾ, ਸੁਭਾਸ਼ ਗੋਇਲ, ਸਤੀਸ਼ ਬਾਂਸਲ, ਸੁਰਿੰਦਰ ਦਮਦਮੀ, ਅਨਿਲ ਬਤਰਾ, ਅਜੇ ਪਸਰੀਚਾ, ਚੰਦਰ ਗੋਇਲ, ਦਵਿੰਦਰ ਰਾਜੂ, ਰਵੀ ਮੰਗਲ, ਅਸ਼ੋਕ ਗਰਗ, ਡਾਕਟਰ ਸੋਨੂ ਗਰਗ ਤੇ ਦਵਿੰਦਰ ਰਾਜੂ ਆਦਿ ਹਾਜਰ ਸਨ।

