1974 ਵਿੱਚ ਡਾ. ਜਗਤਾਰ ਤੇ ਡਾ. ਅਤਰ ਸਿੰਘ ਨੇ ਪਾਕਿਸਤਾਨ ਵਿੱਚ ਲਿਖੀ ਕਵਿਤਾ ਦਾ ਪਹਿਲਾ ਸੰਗ੍ਰਹਿ “ਦੁੱਖ ਦਰਿਆਉਂ ਪਾਰ ਦੇ” ਛਾਪਿਆ ਸੀ। ਇਸ ਦਾ ਨਾਮਕਰਨ ਤਾਂ ਜਫ਼ਰ ਇਕਬਾਲ ਜੀ ਦੀ ਗ਼ਜ਼ਲ ਦੇ ਇਸ ਸ਼ਿਅਰ ਤੇ ਸੀ
ਕੱਲ ਮੁ ਕੱਲ੍ਹਾ ਜ਼ਫ਼ਰ ਮੈਂ ਦਰਿਆ ਕੰਢੇ ਖੜ੍ਹਾ ਸਾਂ,
ਮੇਰੀ ਝੋਲੀ ਵਿੱਚ ਸਨ ਦੁੱਖ ਦਰਿਆਉਂ ਪਾਰ ਦੇ।
ਉਨ੍ਹਾਂ ਦਾ ਇੱਕ ਹੋਰ ਸ਼ਿਅਰ ਸੀਃ
ਕਦ ਤਾਈਂ ਸ਼ਰਮਾਵਣਾ ਤੇ ਕਿੱਥੋਂ ਤਾਈਂ ਸੰਗਣਾ।
ਆਖ਼ਰ ਇਨ੍ਹਾਂ ਪੁਲ਼ਾਂ ਦੇ ਹੇਠੋਂ ਪਾਣੀ ਲੰਘਣਾ।
ਇਸ ਵਕਤ ਜ਼ਫ਼ਰ ਇਕਬਾਲ ਸਾਹਿਬ 95 ਸਾਲ ਤੋਂ ਉੱਪਰ ਹਨ। ਟੋਰੰਟੋ ਰਹਿੰਦੇ ਵੀਰ ਇੰਦਰਜੀਤ ਸਿੰਘ ਬੱਲ ਜ਼ਫ਼ਰ ਇਕਬਾਲ ਸਾਹਿਬ ਦੀ ਸਮੁੱਚੀ ਪੰਜਾਬੀ ਸ਼ਾਇਰੀ “ ਪੰਡੋਕੜੀ” ਏਧਰ ਗੁਰਮੁਖੀ ਅੱਖਰਾਂ ਵਿੱਚ ਛਪਵਾ ਰਹੇ ਹਨ ਹੁਣ।
ਗੱਲ ਸ਼ੁਰੂ ਕੀਤੀ ਸੀ ਮੈਂ ਮੰਗਵੇਂ ਕੋਟ ਦੀ।
“ਦੁੱਖ ਦਰਿਆਉਂ ਪਾਰ ਦੇ “ ਕਿਤਾਬ ਵਿੱਚ ਸ਼ਾਮਿਲ ਕਵੀ ਤਨਵੀਰ ਬੁਖਾਰੀ ਦਾ ਮੈਂ ਬਹੁਤ ਕਾਇਲ ਹਾਂ। ਉਹ ਇਸ ਕਿਤਾਬ ਵਿੱਚ ਲਿਖਦਾ ਹੈਃ
ਮੇਰੇ ਸ਼ਿਅਰੀਂ ਮੇਰਾ ਆਲ ਦੁਆਲਾ ਇੰਜ ਦਿਸ ਆਵੇ।
ਜਿਸਰਾਂ ਕਿਸੇ ਡਰੈਵਰ ਕੋਲੋਂ, ਡੀਜ਼ਲ ਦੀ ਬੂ ਆਵੇ।
ਮਾਲੀ ਕੇਡ ਕਰੇ ਰਖਵਾਲੀ, ਪਹਿਰੇ ਲੱਖ ਬਿਠਾਵੇ,
ਉੱਚੀਆਂ ਉੱਚੀਆਂ ਕੰਧਾਂ ‘ਚੋਂ ਵੀ ਖ਼ੁਸ਼ਬੂ ਉੱਧਲ ਜਾਵੇ।
ਮੰਜ਼ਲ ਕੋਲੋਂ ਮੇਰੀਆਂ ਵਾਟਾਂ ਇੰਜ ਤਰਹਿੰਦੀਆਂ ਰਹੀਆਂ,
ਜਿਸਰਾਂ ਕੋਈ ਬੇਟਿਕਟ ਮੁਸਾਫ਼ਰ ਬਾਬੂ ਤੋਂ ਘਬਰਾਵੇ।
ਉਹਦਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ,
ਮੰਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ।
ਇਕਲਾਪੇ ਦੀ ਬੁੱਕਲੇ ਅਪਣਾ ਆਪਾ ਕੁੰਜੀ ਬੈਠਾਂ,
ਖੋਲ਼ੇ ਅੰਦਰ, ਚੋਰ ਜਿਵੇਂ ‘ਤਨਵੀਰ’ ਕਿਤੇ ਸ਼ਹਿ ਜਾਵੇ।
ਹੁਣ ਵਾਰਤਾ ਮੇਰੇ ਮੰਗਵੇਂ ਕੋਟ ਦੀ।
ਗੌਰਮਿੰਟ ਕਾਲਿਜ ਲੁਧਿਆਣਾ ਪੜ੍ਹਦਿਆਂ ਮੈਂ “ਸ਼ੀਸ਼ਾ ਝੂਠ ਬੋਲਦਾ ਹੈ” ਕਵਿਤਾ ਲਿਖੀ। ਇਹ ਕਵਿਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦੋ ਕੁ ਸਾਲ ਪਹਿਲਾਂ ਸ਼ੁਰੂ ਕੀਤੇ “ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ” ਲਈ ਭੇਜੀ। ਇਹ ਕਵਿਤਾ ਪਹਿਲੇ ਨੰਬਰ ਤੇ ਆਉਣ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਨਵੋਕੇਸ਼ਨ ਤੇ ਸ਼ਿਵ ਕੁਮਾਰ ਗੋਲਡ ਮੈਡਲ ਪ੍ਰਾਪਤ ਕਰਨ ਲਈ ਕਨਵੋਕੇਸ਼ਨ ਤੇ ਪਹੁੰਚਣ ਦੀ ਚਿੱਠੀ ਮੈਨੂੰ ਵੀ ਆ ਗਈ।
ਚਾਅ ਵੀ ਸੀ ਤੇ ਉਤਸ਼ਾਹ ਵੀ। ਸ਼ਮਸ਼ੇਰ ਸਿੰਘ ਸੰਧੂ ਨੇ ਕਿਹਾ, ਟੌਅਰ ਕੱਢ ਕੇ ਜਾਵੀਂ ਓਥੇ। ਕੋਟ ਵਾਲੇ ਬਹੁਤ ਹੋਣਗੇ ਓਥੇ, ਤੂੰ ਵੀ ਮੇਰਾ ਕੋਟ ਪਾ ਜਾਵੀਂ। ਉਸ ਨੂੰ ਪਤਾ ਸੀ ਕਿ ਮੇਰੇ ਕੋਲ ਸਿਰਫ਼ ਦੋ ਸਵੈਟਰਾਂ ਨੇ ਤੇ ਉਨ੍ਹਾਂ ਵਿੱਚੋਂ ਵੀ ਉਨਾਭੀ ਰੰਗ ਦੀ ਸਵੈਟਰ ਇੱਕ ਸਵੇਰ ਪਾਸ਼ ਕੁਰਤੇ ਥੱਲਿਓਂ ਦੀ ਪਾ ਗਿਆ ਸੀ। ਤਲਵੰਡੀ ਸਲੇਮ ਜਾ ਕੇ ਖ਼ਤ ਲਿਖ ਦਿੱਤਾ ਸੀ ਓਸ, ਲੱਭਦਾ ਨਾ ਰਹੀ, ਸਵੈਟਰ ਮੈਂ ਲੈ ਗਿਆਂ। ਸਿਆਲ ਮੁੱਕਿਆਂ ਮੋੜ ਦਿਆਂਗਾ।
ਇਹ ਗੋਲਡ ਮੈਡਲ ਮੈਂ ਸ਼ਮਸ਼ੇਰ ਦਾ ਕੋਟ ਪਾ ਕੇ ਭਾਰਤ ਦੇ ਉਪ ਰਾਸ਼ਟਰਪਤੀ ਬੀ ਡੀ ਜਤੀ ਜੀ ਪਾਸੋਂ ਹਾਸਲ ਕੀਤਾ। ਜੇ ਕਿਤੇ ਸਾਡੇ ਦੋਹਾਂ ਕੋਲ ਟਾਈ ਵੀ ਹੁੰਦੀ ਤਾਂ ਆਕੜ ਹੋਰ ਹੋਣੀ ਸੀ।
ਅੱਜ ਸਵੇਰ ਸਾਰ ਇਹ ਤਸਵੀਰ ਸਾਹਮਣੇ ਆ ਗਈ ਤਾਂ ਸੋਚਿਆ ਬਈ ਤੁਹਾਨੂੰ ਦੱਸ ਦਿਆਂ। ਕਦੇ ਇੱਕ ਕੋਟ ਨਹੀਂ ਸੀ, ਹੁਣ ਅਲਮਾਰੀਆਂ ਚ ਕੈਦ ਕੋਟ ਤਰਸ ਰਹੇ ਨੇ ਕਿ ਸਾਨੂੰ ਕਦੋਂ ਪਾਵੇੰਗਾ। ਯੂਨੀਵਰਸਿਟੀ ਤੋਂ 2013 ਵਿੱਚ ਸੇਵਾ – ਮੁਕਤੀ ਤੋਂ ਬਾਦ ਬਹੁਤ ਸਾਰੇ ਕੋਟ ਵੀ ਰਿਟਾਇਰ ਹੀ ਹਨ।
ਹੁਣ ਕੁਰਤੇ ਪਜਾਮੇ ਤੇ ਜੈਕਿਟ ਚੰਗੀ ਲੱਗਦੀ ਹੈ ਮੈਨੂੰ।
ਮੰਗਵੇਂ ਕੇਟ ਦੀ ਵਾਰਤਾ ਮਗਰੋਂ ਮੇਰੀ ਇਹ ਗ਼ਜ਼ਲ ਪੜ੍ਹਨਾ।
ਗੁਰਭਜਨ ਗਿੱਲ
ਬਿਰਖ਼ ਤਾਂ ਹਰਿਆਵਲੇ ਸੀ ਕਿਉਂ ਕਿਰੇ ਪੱਤਰ ਹਰੇ?
ਛਾਂ ਵਿਹੂਣੀ ਧਰਤ ਵੇਖਾਂ, ਖ੍ਵਾਬ ਵਿੱਚ ਵੀ ਮਨ ਡਰੇ ।
ਇਸ ਤਰ੍ਹਾਂ ਦਾ ਕਹਿਰ ਅੱਜ ਤੱਕ, ਵੇਖਿਆ ਸੀ ਨਾ ਕਦੇ,
ਸਾਜ਼ਿਸ਼ੀ ਚਾਲਾਂ ਨੂੰ ਲੋਕੀਂ ਕਹਿਣ ਲੱਗ ਪਏ ਮਸ਼ਵਰੇ ।
ਨੇੜ ਦੀ ਐਨਕ ਲੁਆ ਕੇ, ਦੂਰ ਚਾਹੁੰਦੇ ਵੇਖਣਾ,
ਅਕਲ ਤੋਂ ਪੈਦਲ ਜ਼ਮਾਨਾ, ਦੱਸੋ ਸ਼ੀਸ਼ਾ ਕੀ ਕਰੇ?
ਉੱਡਦੇ ਪੰਛੀ ਦੀ ਸ਼ਾਮਤ, ਰਾਤ ਪੈ ਗਈ ਓਸ ਥਾਂ,
ਧਰਤ ਸਾਰੀ ਓਪਰੀ ਹੈ, ਜਾਲ ਵੀ ਥਾਂ ਥਾਂ ਧਰੇ ।
ਏਸ ਦਰਿਆ ਦੀ ਕਹਾਣੀ, ਨਾ ਸੁਣਾ, ਮੈਂ ਜਾਣਦਾਂ,
ਏਸ ਰਾਵੀ ਜ਼ਖ਼ਮ ਦਿੱਤੇ, ਅੱਜ ਵੀ ਓਵੇਂ ਹਰੇ ।
ਦਰਦ ਮੇਰੇ ਪੁਰਖ਼ਿਆਂ ਦਾ, ਸ਼ੁੱਧ ਕੌੜਾ ਜ਼ਹਿਰ ਸੀ,
ਵੇਖ ਪੀ ਗਏ ਫੇਰ ਵੀ ਉਹ, ਘੁੱਟ ਵੀ ਪੂਰੇ ਭਰੇ ।
ਬਾਬਲਾ ਮੇਰਾ ਸਿਖਾਉਂਦਾ ਸੀ, ਹਮੇਸ਼ਾਂ ਸਬਕ ਇਹ,
ਥੱਕ ਜਾਂਦਾ ਹੈ ਇਕੱਲ੍ਹਾ, ਕਾਫ਼ਲਾ ਮੰਜ਼ਿਲ ਵਰੇ ।
ਗੁਰਭਜਨ ਗਿੱਲ

