
ਲੁਧਿਆਣਾ 28 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਆਗਾਮੀ ਅਕਾਦਮਿਕ ਵਰ੍ਹੇ 2026-27 ਵਿਚ ਦਾਖਲਾ ਲੈਣ ਲਈ ਚਾਹਵਾਨ ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ ਏ ਏ ਟੀ ਅੱਜ ਕਾਮਯਾਬੀ ਨਾਲ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਕੰਟਰੋਲਰ ਇਮਤਿਹਾਨ ਡਾਕਟਰ ਵਿਸ਼ਵਜੀਤ ਸਿੰਘ ਹਾਂਸ ਨੇ ਕਿਹਾ ਕਿ ਪ੍ਰਵੇਸ਼ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਛੇ ਕੇਂਦਰ ਬਣਾਏ ਗਏ ਸਨ। ਪ੍ਰਵੇਸ਼ ਪ੍ਰੀਖਿਆ ਵਿੱਚ ਕੁੱਲ ਮਿਲਾ ਕੇ 1014 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚ 665 ਮੁੰਡੇ ਅਤੇ 349 ਕੁੜੀਆਂ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 92 ਫ਼ੀਸਦ ਵਿਦਿਆਰਥੀ ਪ੍ਰੀਖਿਆ ਦੇਣ ਲਈ ਪੁੱਜੇ। 66 ਫੀਸਦੀ ਮੁੰਡਿਆਂ ਅਤੇ 34 ਫੀਸਦੀ ਕੁੜੀਆਂ ਨੇ ਬਿਨੈ ਪੱਤਰ ਤੋਂ ਬਾਅਦ ਦਾਖਲਾ ਪ੍ਰੀਖਿਆ ਵਿੱਚ ਭਾਗ ਲਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਅਜੋਕੀ ਪੀੜ੍ਹੀ ਵਿਚ ਪੀ ਏ ਯੂ ਨਾਲ ਜੁੜ ਕੇ ਆਪਣੀ ਵਿੱਦਿਅਕ ਯੋਗਤਾ ਨੂੰ ਦ੍ਰਿੜ ਕਰਨ ਦੀ ਚਾਹ ਕਿੰਨੀ ਤੀਬਰ ਹੈ।
ਡਾ ਸਤਬੀਰ ਸਿੰਘ ਗੋਸਲ ਵਾਈਸ ਚਾਂਸਲਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਜ਼ਿੰਦਗੀ ਚ ਸਫਲਤਾ ਲਈ ਡਟ ਕੇ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।

