
ਲੁਧਿਆਣਾ 3 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੀ.ਏ.ਯੂ. ਦੇ 32 ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਹਾਈਕਿੰਗ ਅਤੇ ਟਰੈਕਿੰਗ ਸਿਖਲਾਈ ਕੈਂਪ ਹਿਮਾਚਲ ਪ੍ਰਦੇਸ਼ ਖੇਤੀ ਯੂਨੀਵਰਸਿਟੀ ਪਾਲਮਪੁਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਆਯੋਜਿਤ ਕੀਤਾ ਗਿਆ। ਕੈਂਪ ਵਿਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉਤਸ਼ਾਹ ਅਤੇ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ ਸੀ।
ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕੈਂਪ ਦੌਰਾਨ ਕੁਝ ਵਿਸ਼ੇਸ਼ ਗਤੀਵਿਧੀਆਂ ਵਿਚ ਭਾਗ ਲਿਆ ਜਿਨ੍ਹਾਂ ਵਿਚ ਪਹਾੜ ਚੜ੍ਹਨਾ ਅਤੇ ਪਾਲਮਪੁਰ ਦੇ ਆਸ ਪਾਸ ਦੇ ਇਤਿਹਾਸਕ ਸਮਾਰਕਾਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਵਿਦਿਆਰਥੀਆਂ ਨੂੰ ਡੇਢ ਸਦੀ ਤੋਂ ਵਧੇਰੇ ਪੁਰਾਣੇ ਚਾਹ ਦੇ ਬਾਗ ਦਾ ਦੌਰਾ ਕਰਵਾ ਕੇ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਸ. ਸੋਭਾ ਸਿੰਘ ਕਲਾ ਗੈਲਰੀ ਦਾ ਦੌਰਾ ਵੀ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੀਆਂ ਬੌਧਿਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਲੇਖਣ ਸ਼ੈਲੀ, ਕਵਿਤਾ ਉਚਾਰਨ, ਵਾਦ-ਵਿਵਾਦ ਆਦਿ ਗਤੀਵਿਧੀਆਂ ਵਿਚ ਭਾਗ ਲਿਆ। ਕੈਂਪ ਵਿਚ ਡਾ. ਰਾਜਵਿੰਦਰ ਸਿੰਘ, ਡਾ. ਕਿਸ਼ਾਨੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਅਗਵਾਈ ਲਈ ਹਾਜ਼ਰ ਰਹੇ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੈਂਪ ਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਹਨਾਂ ਆਸ ਪ੍ਰਗਟਾਈ ਕਿ ਇਸ ਕੈਂਪ ਦੌਰਾਨ ਭਾਗੀਦਾਰਾਂ ਦਾ ਸ਼ਖ਼ਸੀ ਵਿਕਾਸ ਨਵੀਆਂ ਉਚਾਈਆਂ ਛੂਹ ਸਕਿਆ ਹੋਵੇਗਾ। ਡਾ. ਗੋਸਲ ਨੇ ਇਸ ਕੈਂਪ ਨੂੰ ਆਯੋਜਿਤ ਕਰਨ ਲਈ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਸ਼ਲਾਘਾ ਵੀ ਕੀਤੀ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਅਹਿਦ ਕੀਤਾ।

