ਲੁਧਿਆਣਾ 3 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਇਸ ਵਾਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਭਰਵੀਂ ਹਾਜ਼ਰੀ ਦੀ ਗਵਾਹ ਬਣੀ। 80 ਕਿਸਾਨ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ।
ਇਸ ਕੈਂਪ ਦੇ ਪ੍ਰੋਗਰਾਮ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਨ। ਡਾ. ਰਿਆੜ ਨੇ ਕਿਸਾਨਾਂ ਨੂੰ ਕਿਸਾਨ ਕਲੱਬ ਦੀਆਂ ਗਤੀਵਿਧੀਆਂ ਆਪਣੇ ਆਸ ਪਾਸ ਦੇ ਕਾਸ਼ਤਕਾਰਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਆਪਣੇ ਆਰੰਭ ਤੋਂ ਹੀ ਕਿਸਾਨਾਂ ਨਾਲ ਨੇੜਲੇ ਸੰਬੰਧ ਸਥਾਪਿਤ ਕੀਤੇ ਹਨ। ਇਸੇ ਦਾ ਸਿੱਟਾ ਹੈ ਕਿ ਯੂਨੀਵਰਸਿਟੀ ਨੂੰ ਦੇਸ਼ ਪੱਧਰ ਤੇ ਲਗਾਤਾਰ ਸਰਵੋਤਮ ਸੰਸਥਾ ਹੋਣ ਦਾ ਮਾਣ ਹਾਸਲ ਹੋ ਰਿਹਾ ਹੈ।
ਖੇਤੀ ਮਾਹਿਰਾਂ ਵਜੋਂ ਇਸ ਵਾਰ ਡਾ. ਰਵਿੰਦਰ ਸਿੰਘ ਚੰਦੀ ਨੇ ਬਰਸਾਤ ਰੁੱਤ ਦੀਆਂ ਸਬਜ਼ੀਆਂ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ, ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਬਰਸਾਤ ਰੁੱਤ ਵਿਚ ਸ਼ਹਿਦ ਮੱਖੀ ਕੁਟੰਬਾਂ ਦੀ ਸੰਭਾਲ ਬਾਰੇ, ਡਾ. ਮਧੂ ਸ਼ੈਲੀ ਨੇ ਪਸ਼ੂਆਂ ਦਾ ਬਿਮਾਰੀਆਂ ਤੋਂ ਬਚਾਅ ਕਰਨ ਦੇ ਨੁਕਤਿਆਂ ਬਾਰੇ ਅਤੇ ਡਾ. ਕਿਸ਼ਾਨੀ ਨੇ ਪੀਣ ਵਾਲੇ ਪਾਣੀ ਦੀ ਪਰਖ ਕਿੱਟ ਬਾਰੇ ਵਿਸਥਾਰ ਨਾਲ ਆਪਣੇ ਭਾਸ਼ਣ ਦਿੱਤੇ।
ਸਵਾਗਤ ਦੇ ਸ਼ਬਦ ਕੈਂਪ ਦੇ ਸੰਚਾਲਕ ਸ਼੍ਰੀ ਵਰਿੰਦਰ ਸਿੰਘ ਨੇ ਕਹੇ। ਅੰਤ ਵਿਚ ਧੰਨਵਾਦ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕੀਤਾ।

