ਹਾਸ਼ਮ ਸ਼ਾਹ ਦੇ ਗਿਰਾਈਂ ਬਾਬਾ ਨਜਮੀ ਦੀ ਸਮੂਲਚੀ ਸ਼ਾਇਰੀ ਦਾ ਸੰਗ੍ਰਹਿ “ ਮੈਂ ਇਕਬਾਲ ਪੰਜਾਬੀ ਦਾ” ਪਰਸੋਂ ਚੇਤਨਾ ਪ੍ਰਕਾਸ਼ਨ ਵੱਲੋਂ ਪੰਜਵੀਂ ਵਾਰ ਛਪ ਕੇ ਆਈ ਹੈ।
ਇਸ ਦੇ ਸ਼ਾਇਰ ਪ੍ਰਕਾਸ਼ਕ ਸਤੀਸ਼ ਗੁਲਾਟੀ ਦੀ ਇੱਛਾ ਸੀ ਕਿ ਇਸ ਦੇ ਪੰਜ ਪਹਿਲੇ ਹੱਥ ਉਹ ਹੋਣ ਜੋ ਜਾਂ ਤਾਂ ਕਵਿਤਾ ਲਿਖਦੇ ਹੋਣ ਜਾਂ ਲੋਕ ਸ਼ਾਇਰੀ ਦੀ ਰਮਜ਼ ਸਮਝਦੇ ਹੋਣ।
ਕੱਲ੍ਹ ਪੰਜਾਬੀ ਸਾਹਿੱਤ ਇਕਾਡਮੀ ਲੁਧਿਆਣਾ ਦੀ ਮੀਟਿੰਗ ਉਪਰੰਤ ਉਨ੍ਹਾਂ ਪੰਜਾਂ ਵਿੱਚ ਮੈਂ ਵੀ ਆ ਗਿਆ ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ , ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਦੇ ਅੰਗ ਸੰਗ।
ਪੰਜਵਾਂ ਸੰਸਕਰਨ ਸ਼ਤੀਸ਼ ਗੁਲਾਟੀ ਦੇ ਦਫ਼ਤਰ ਵਿੱਚ ਅਸਾਂ ਪੰਜਾਂ ਨੇ ਲੋਕ ਅਰਪਨ ਕਰਕੇ ਬਾਬਾ ਨਜਮੀ ਨੂੰ ਮੁਬਾਰਕ ਦਿੱਤੀ। ਇਸ ਦੇ ਮੁੱਖ ਪੰਨੇ ਤੇ ਗੁਰਪ੍ਰੀਤ ਬਠਿੰਡਾ ਦੀ ਉੁਹ ਪੇਂਟਿੰਗ ਹੈ ਜੋ ਉਸ ਨੇ ਲਾਹੌਰ ਜਾ ਕੇ ਬਾਬਾ ਨਜਮੀ ਨੂੰ ਆਪ ਭੇਂਟ ਕੀਤੀ ਸੀ ਪਰੂੰ ਪਰਾਰ।
ਇਸ ਨੂੰ ਜਸਪਾਲ ਘਈ ਜੀ ਨੇ ਗੁਰਮੁਖੀ ਅੱਖਰਾਂ ਵਿੱਚ ਢਾਲ਼ਿਆ ਹੈ।
ਹੁਣ ਕੁਝ ਗੱਲਾਂ ਬਾਬੇ ਬਾਰੇ
ਦੱਖਣੀ ਏਸ਼ੀਆ ਦੇ ਕੱਦਾਵਰ ਆਦਮ ਖਾਣੇ ਜੰਗ ਪੱਖੀ ਦੈਂਤ ਨਾਲ ਲੜਨ ਲਈ ਕਲਮੀ ਸੂਰਮਿਆਂ ਦੀ ਲੰਮੀ ਕਤਾਰ ਹੈ। ਫ਼ੈਜ਼ ਅਹਿਮਦ ਫ਼ੈਜ਼, ਸ਼ਰੀਫ਼ ਕੁੰਜਾਹੀ, ਅਹਿਮਦ ਰਾਹੀ, ਹਬੀਬ ਜਾਲਿਬ ਤੇ ਕਿੰਨੇ ਹੋਰ ਕਲਮ ਦੇ ਸਿਪਾਹੀ ਪੂਰੀ ਉਮਰ ਅਮਨ ਦੀ ਲੋੜ ਤੇ ਮੁਹੱਬਤ ਦੀ ਬਾਤ ਪਾਉਂਦੇ ਰਹੇ ਪਰ ਜੰਗਬਾਜ਼ਾਂ ਨੇ ਆਪਣੀ ਕਰਤੂਤ ਤੇ ਬਦਨੀਤੀ ਨਾਲ ਸਾਨੂੰ ਖੱਜਲ-ਖੁਆਰ ਹੀ ਕੀਤਾ ਹੈ। ਰਾਵੀ ਦੇ ਉਰਵਾਰ ਪਾਰ ਬਲਦੀਆਂ ਸਰਹੱਦਾਂ ਦਾ ਸੇਕ ਸਹਿੰਦਿਆਂ 79 ਵਰ੍ਹੇ ਬੀਤ ਗਏ ਨੇ। ਹਥਿਆਰਾਂ ’ਤੇ ਲੱਗਦੇ ਸਰਮਾਏ ਨਾਲ ਕਿੰਨੇ ਸਕੂਲ, ਕਾਲਜ, ਹਸਪਤਾਲ ਤੇ ਆਵਾਜਾਈ ਦੇ ਰਾਹ ਖਹਿੜੇ ਪੱਕੇ ਪਕੇਰੇ ਤੇ ਜਿਉਣਯੋਗ ਹਾਲਾਤ ਸਿਰਜੇ ਜਾ ਸਕਦੇ ਸਨ।
ਇਸ ਥੁੜਾਂ ਮਾਰੀ ਜ਼ਿੰਦਗੀ ਵਿੱਚੋਂ ਉੱਗੇ ਨਵੇਂ ਨਵੇਲੇ ਅੰਦਾਜ਼ ਦੇ ਸ਼ਾਇਰ ਬਾਬਾ ਨਜਮੀ ਨੂੰ ਵੀ ਇਸੇ ਗਲ ਦਾ ਤੌਖ਼ਲਾ ਹੈ ਕਿ ਮਨੁੱਖ ਲਈ ਜਿਉਣਯੋਗ ਹਾਲਾਤ ਕਦੋਂ ਬਣਨਗੇ। ਕਦੋਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਹੋਵੇਗੀ।ਉੱਚੇ ਨੀਵੇਂ ਦਾ ਭੇਦ-ਭਾਵ ਮਿਟਾਉਂਦੀ ਉਸਦੀ ਨਾਬਰ ਸ਼ਾਇਰੀ ਸਾਨੂੰ ਨਵੇਂ ਅਨੁਭਵ ਦੇ ਰੂਬਰੂ ਖੜਾ ਕਰਦੀ ਹੈ।
ਜਦੋਂ ਦੇਸ਼ ਦੋ ਟੋਟੇ ਹੋ ਗਿਆ, ਉਸਦੇ ਅੱਬਾ ਹਜ਼ੂਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਤੋਂ ਲਾਹੌਰ ਜਾ ਵੱਸੇ। ਵੰਡ ਤੋਂ ਅਗਲੇ ਸਾਲ ਹੀ ਲਾਹੌਰ ਦੇ ਘੁਮਾਰਪੁਰਾ ਇਲਾਕੇ ‘ਚ ਬਾਬਾ ਨਜਮੀ ਦਾ 6 ਸਤੰਬਰ 1948 ਨੂੰ ਜਨਮ ਹੋਇਆ। ਸੁਰਤ ਸੰਭਲੀ ਤਾਂ ਪਤਾ ਲੱਗਾ ਕਿ ਇਹ ਜਗਦੇਵ ਕਲਾਂ ਪਿੰਡ ਤਾਂ ਸੱਸੀ-ਪੁਨੂੰ ਦਾ ਸਮਰੱਥ ਕਿੱਸਾ ਤੇ ਦੋਹੜੇ ਲਿਖਣ ਵਾਲੇ ਉੱਚ ਦੋਮਾਲੜੇ ਸ਼ਾਇਰ ਹਾਸ਼ਮ ਸ਼ਾਹ ਦਾ ਪਿੰਡ ਹੈ। ਹਾਸ਼ਮ ਦਾ ਗਿਰਾਈ ਹੋਣ ਦਾ ਬਾਬਾ ਨਜਮੀ ਨੇ ਕਲਮ ਦਾ ਪੂਰਾ ਮਾਣ ਰੱਖਿਆ ਹੈ।
ਬਾਬਾ ਨਜਮੀ ਦੇ ਪਹਿਲੇ ਬੋਲ ਪੱਚੀ ਕੁ ਸਾਲ ਪਹਿਲਾਂ ਜਦ ਮੇਰੇ ਕੰਨੀਂ ਹਰਭਜਨ ਸਿੰਘ ਹੁੰਦਲ ਦੇ ਮੈਗਜ਼ੀਨ ਚਿਰਾਗ ਰਾਹੀਂ ਪਏ ਤਾਂ ਇੱਕ ਦਮ ਮਨ ਵਿੱਚ ਹਜ਼ਾਰਾਂ ਜੁਗਨੂੰ ਜਗਮਗਾਏ।ਲੱਗਿਆ ਇਸ ਸ਼ਾਇਰ ਨੇ ਉਹ ਬੋਲੀ ਝੂਠੀ ਪਾ ਦਿੱਤੀ ਹੈ। ਲੋਕ ਬੋਲੀ ਇੰਝ ਸੀਃ
ਰਾਈ! ਰਾਈ! ਰਾਈ
ਇਹ ਵੀ ਤੇਰਾ ਸ਼ੁਕਰ ਰੱਬਾ,
ਸਿੱਧੀ ਦਿਲ ਨੂੰ ਜੀਭ ਨਾ ਲਾਈ।
ਪਰ ਬਾਬਾ ਨਜਮੀ ਦੀ ਸ਼ਾਇਰੀ ਤਾਂ ਸਿੱਧੀ ਦਿਲ ਦੀ ਜ਼ਬਾਨ ‘ਚੋਂ ਨਿਕਲਦੀ ਪ੍ਰਤੀਤ ਹੋਈ। ਸਿੱਧ-ਅਸਿੱਧਾ ਮਹਿਕਦਾ ਅਹਿਸਾਸ ! ਮਹਿਕ ਵੀ ਉਹ ਸੋਂਧੀ-ਸੋਂਧੀ, ਜੋ ਤਪਦੇ ਜੂਨ ਮਹੀਨੇ ਪਹਿਲੀਆਂ ਕਣੀਆਂ ਪੈਣ ਨਾਲ ਧਰਤੀ ‘ਚੋਂ ਆਉਂਦੀ ਹੈ। ਲੱਗਦੈ! ਧਰਤੀ ਕਹਿ ਰਹੀ ਹੈ ਅੰਬਰ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਤੂੰ ਮੇਰੀ ਮਾਂਗ ’ਚ ਜਲ ਭਰਿਆ। ਹੁਣ ਮੈਂ ਦੱਸਾਂਗੀ, ਮੈਂ ਤੇਰਾ ਕੀਤਾ ਕਿਵੇਂ ਮੋੜਦੀ ਹਾਂ! ਅਨਾਜ, ਫ਼ਲ, ਸਬਜ਼ੀਆਂ ਤੇ ਹੋਰ ਅਨੰਤ ਭੰਡਾਰਿਆਂ ਨਾਲ ! ਇਸ ਗੱਲ ਵਿੱਚ ਰੰਚਕ ਮਾਤਰ ਵੀ ਸ਼ੱਕ ਨਹੀਂ ਕਿ ਪਾਰਦਰਸ਼ੀ ਬੋਲਾਂ ਵਾਲੀ ਸ਼ਾਇਰੀ ਨੂੰ ਓਹਲਿਆਂ ਤੇ ਵਿਚੋਲਿਆਂ ਦੀ ਲੋੜ ਨਹੀਂ ਹੁੰਦੀ। ਖ਼ੁਸ਼ਬੂ ਸਿਰਨਾਵੇਂ ਨਹੀਂ ਲੱਭਦੀ, ਵਿੱਥਾਂ ਖੂੰਜਿਆਂ ‘ਚ ਵੀ ਪਹੁੰਚ ਜਾਂਦੀ ਹੈ। ਲੋਕ ਪੀੜਾਂ ਦੇ ਹਾਣ ਦੀ ਸ਼ਾਇਰੀ ਸਿਰਜਣ ਵਾਲੇ ਬਾਬਾ ਨਜਮੀ ਨੂੰ ਤ੍ਰੈਕਾਲਦਰਸ਼ੀ ਨਜ਼ਰ ਤੇ ਨਜ਼ਰੀਆ ਨਸੀਬ ਹੈ। ਉਹ ਆਪਣਿਆਂ ਪੁਰਖਿਆਂ ਦੀ ਵਿਰਾਸਤ ਦਾ ਅੰਦਰੋਂ ਭੇਤੀ ਹੋਣ ਕਾਰਨ ਵਰਤਮਾਨ ਲਈ ਕੀ ਲੋੜੀਂਦਾ ਹੈ, ਇਹ ਗੱਲ ਭਲੀ-ਭਾਂਤ ਜਾਣਦਾ ਹੈ। ਵਰਤਮਾਨ ਦੇ ਆਸਰੇ ਹੋਵੇ ਤਾਂ ਕਲਮ ਕੁਰਾਹੇ ਨਹੀਂ ਪੈਂਦੀ। ਥੁੜਾਂ ਮਾਰੇ ਲੋਕਾਂ ਦੀ ਬਹੁਗਿਣਤੀ ਹੋਣ ਕਾਰਨ ਉਨ੍ਹਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਆਵਾਜ਼ ਬਹੁਤ ਬੁਲੰਦ ਹੋਣੀ ਚਾਹੀਦੀ ਹੈ। ਬਾਬਾ ਨਜਮੀ ਏਸੇ ਕਰਕੇ ਜਦ ਵੀ ਕਲਾਮ ਸੁਣਾਉਂਦਾ ਹੈ ਤਾਂ ਬੁੜਕ-ਬੁੜਕ ਪੈਂਦਾ ਹੈ। ਸ਼ਬਦਾਂ ਨੂੰ ਅਗਨ ਬਾਣ ਵਾਂਗ ਦਾਗਦਾ ਹੈ। ਮਾਈਕ੍ਰੋਫੋਨ ਨੂੰ ਆਖਦਾ ਪ੍ਰਤੀਤ ਹੁੰਦਾ ਹੈ, ਹਟ ਪਰੇ, ਮੈਨੂੰ ਆਪਣੇ ਲੋਕਾਂ ਨਾਲ ਸਿੱਧੀ ਗੱਲ ਕਰਨ ਦੇ। ਕਈ ਸਾਲ ਪਹਿਲਾਂ ਲਾਹੌਰ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਵਿੱਚ ਇਹ ਦ੍ਰਿਸ਼ ਮੈਂ ਅੱਖੀਂ ਵੇਖਿਆ। ਆਵਾਜ਼ ਦਾ ਗੜ੍ਹਕਾ ਦੱਸਦਾ ਸੀ ਕਿ ਬਾਬਾ ਨਜਮੀ ਅੰਦਰ ਕਿੰਨਾ ਵੰਗਾਰਸ਼ੀਲ ਰੋਹ ਹੈ। ਉਹ ਜਾਗਦੀ ਜ਼ਮੀਰ ਵਾਲਾ ਤੇ ਸੁੱਤੀ ਜ਼ਮੀਰ ਨੂੰ ਜਗਾਉਣ ਦਾ ਪਹਿਰੇਦਾਰ ਸ਼ਾਇਰ ਹੈ।
ਤਾਹੀਓਂ ਕਹਿੰਦੈ-
ਮਿੱਟੀ-ਪਾਣੀ, ਸੰਚਾ ਇੱਕੋ, ਪੱਕੀਆਂ ਇੱਕ ਭੱਠੇ।
ਇਹ ਕਿਉਂ ਨਾਲੀ ਵਿੱਚ ਨੇ ਲੱਗੀਆਂ, ਉਹ ਕਿਉਂ ਮਹਿਲ ਦੇ ਮੱਥੇ।
ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਕੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿੱਚੋਂ ਜਿਹੜਾ, ਖਾਣ ਨਹੀਂ ਦੇਂਦਾ ਪੱਠੇ।
ਸਾਡੇ ਵਿੱਚ ਕਮੀ ਏ ਕਿਹੜੀ, ਸਾਨੂੰ ਆਖੋ ਕੰਮੀ,
ਸਾਡੇ ਨਾਲ ਖਲੋ ਕੇ ਵੇਖਣ, ਰਾਂਝੇ, ਚੀਮੇ, ਚੱਠੇ ।
ਪਰ੍ਹਿਆ ਦੇ ਵਿੱਚ ਤਾਂ ਆਵਾਂਗਾ, ਸ਼ਰਤ ਮੇਰੀ ਜੇ ਮੰਨੋ,
ਕਿਸੇ ਵੀ ਇੱਕ ਦੀ ਖਾਤਰ ਉੱਥੇ, ਮੰਜਾ ਕੋਈ ਨਾ ਡੱਠੇ।
ਬਾਬਾ ਨਜਮੀ ਆਪਣੇ ਮੁਆਸ਼ਰੇ ਦੀ ਹਰ ਪੀੜ ਨੂੰ ਭਲੀ ਭਾਂਤ ਜਾਣਦਾ, ਪਛਾਣਦਾ, ਵੇਖਦਾ, ਪਰਖ਼ਦਾ, ਜਾਂਚਦਾ ਤੇ ਵਿਸ਼ਲੇਸ਼ਣ ਕਰਦਾ ਹੈ। ਪਾਕਿਸਤਾਨ ਹੋਵੇ ਜਾਂ ਭਾਰਤ, ਧੀਆਂ ਦੇ ਲੇਖ ਇੱਕੋ ਜਹੇ ਨੇ। ਜਾਗੀਰਦਾਰੀ ਨਿਜ਼ਾਮ ਹੋਵੇ ਜਾਂ ਉਦਯੋਗਕ ਵਿਕਾਸ ਦੇ ਭਰਮਜਾਲ ਵਿੱਚ ਫ਼ਸਿਆ ਭਾਈਚਾਰਾ। ਔਰਤ ਦੀ ਹੋਣੀ ਕਿਸੇ ਤਰਾਂ ਵੀ ਵੱਖਰੀ ਨਹੀਂ। ਸਿਰਫ਼ ਦੁਸ਼ਮਣ ਤਾਕਤਾਂ ਦਾ ਮੂੰਹ ਮੁਹਾਂਦਰਾ ਬਦਲਦਾ ਹੈ।
ਬਾਬਾ ਨਜ਼ਮੀ ਦੀ ਸ਼ਾਇਰੀ ’ਚ ਕਾਇਨਾਤ ਦੇ ਸਤੇ ਰੰਗ ਵਿਦਮਾਨ ਨੇ। ਬੜੇ ਗੂੜ੍ਹੇ ਅੰਦਾਜ਼ ਵਿੱਚ ਵੱਖ-ਵੱਖ ਵੀ ਤੇ ਆਪਸ ‘ਚ ਘੁਲੇ-ਮਿਲੇ ਵੀ। ਕਿਸੇ ਸ਼ਾਇਰ ਦੀ ਸਰਬ ਪੱਖਤਾ ਹੀ ਉਸਨੂੰ ਤ੍ਰੈਕਾਲ ਦਰਸ਼ੀ ਦ੍ਰਿਸ਼ਟੀਵੇਤਾ ਬਣਾਉਂਦੀ ਹੈ। ਬਾਬਾ ਨਜਮੀ ਆਪਣੇ ਪੂਰਬਲੇ ਕਵੀਆਂ ਲਈ ਸਤਿਕਾਰ ਰੱਖਦਾ ਹੈ ਤੇ ਮਗਰਲਿਆਂ ਲਈ ਆਸਵੰਦ ਹੈ। ਉਸ ਨੂੰ ਮਾਣ ਹੈ ਕਿ ਉਸ ਦੀ ਜ਼ਬਾਨ ਦੇ ਕਵੀ ਧਰਮ ਦੇ ਤੰਦੂਆ ਜਾਲ ਤੋਂ ਮੁਕਤ ਹੋ ਕੇ ਆਪਣੀ ਆਜ਼ਾਦ ਗੱਲ ਕਹਿਣੀ ਜਾਣਦੇ ਨੇ।
ਆਪਣੀ ਬੇਬਾਕੀ ਅਤੇ ਸਪੱਸ਼ਟਤਾ ਦੇ ਨਾਲ-ਨਾਲ ਬਾਬਾ ਨਜਮੀ ਵਿਸ਼ਵ ਰਾਜਨੀਤੀ ਦਾ ਵੀ ਪੂਰਨ ਗਿਆਤਾ ਹੈ। ਉਸ ਦੇ ਵਤਨ ਪਾਕਿਸਤਾਨ ਦੇ ਲੋਕਾਂ ਲਈ ਕਿਸ ਦੇਸ਼ ਨਾਲ ਦੋਸਤੀ ਚੰਗੀ ਹੈ ਜਾਂ ਨਹੀਂ, ਉਹ ਬੜਾ ਹੀ ਪਾਰਦਰਸ਼ੀ ਹੈ।
ਉਸ ਦੀ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ (ਸੰਪਰਕ 98762 07774 ) ਇਲਾਵਾ ਪੰਜਾਬੀ ਦੇ ਸਮੂਹ ਪੁਸਤਕ ਵਿਕਰੇਤਾਵਾਂ ਕੋਲੋਂ ਲੈ ਸਕਦੇ ਹੋ
ਗੁਰਭਜਨ ਗਿੱਲ
