— ‘ਅਵਾਰਡ ਆਫ਼ ਐਪਰੀਸੀਏਸ਼ਨ’ ਨਾਲ ਸਨਮਾਨਿਤ —
ਫ਼ਰੀਦਕੋਟ 12 ਜੁਲਾਈ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕਾਬਲੇ ਤਾਰੀਫ਼ ਨਾਮਣਾ ਖੱਟਣ ਵਾਲੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸਥਾਨਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ। ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਦੀ ਸਾਂਝੀ ਪ੍ਰਧਾਨਗੀ ਹੇਠਲੇ ਇਸ ਵਫ਼ਦ ਵਿੱਚ ਜਿਲ੍ਹਾ ਚੀਫ਼ ਪੈਟਰਨ ਮੈਡਮ ਹੀਰਾਵਤੀ, ਚੇਅਰਮੈਨ ਡਾ. ਹਰਪਾਲ ਸਿੰਘ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਸੀਨੀਅਰ ਮੈਂਬਰ ਨਿਰਮਲ ਸਿੰਘ ਸੰਧੂ, ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ, ਮੁੱਖ ਸਲਾਹਕਾਰ ਸ੍ਰੀ ਕ੍ਰਿਸ਼ਨ ਆਦਿ ਸ਼ਾਮਲ ਸਨ। ਵਫ਼ਦ ਦੁਆਰਾ ਵਾਇਸ ਚਾਂਸਲਰ ਵੱਲੋਂ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਸਮੁੱਚੀ ਯੂਨੀਵਰਸਿਟੀ, ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ, ਯੂਨੀਵਰਸਿਟੀ ਅਧੀਨ ਬਾਕੀ ਸਾਰੇ ਕੰਨਸਟੀਚਿਊਟ ਕਾਲਜ ਅਤੇ ਹਸਪਤਾਲਾਂ ਨੂੰ ਹਰ ਪੱਖੋਂ ਉੱਚਾ ਚੁਕਣ ਲਈ ਵਿਜ਼ੀਨਰੀ ਇਮੇਜ਼ ਅਤੇ ਇਤਿਹਾਸਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ। ਜਿਕਰਯੋਗ ਹੈ ਕਿ ਡਾ. ਸੂਦ ਨੇ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਹੈ। ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਨਵੀਆਂ ਇਮਾਰਤਾਂ ਬਣਾਈਆਂ ਗਈਆਂ ਹਨ ਅਤੇ ਜੀਵਨ ਬਚਾਊ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ। ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਗਰੀਨ ਯੂਨੀਵਰਸਿਟੀ ਵਜੋਂ ਮਾਨਤਾ ਦਿੱਤੀ ਗਈ ਹੈ। ਐਨਾ ਹੀ ਨਹੀਂ ਦੋ ਦਿਨ ਪਹਿਲਾਂ ਹੀ ਨਵੀਂ ਦਿੱਲੀ ਵਿਖੇ ‘ਐਸੋਚੈਂਮ’ ਸੰਸਥਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਸੂਦ ਨੂੰ ਇਸ ਸਾਲ ਦਾ ਸਭ ਤੋਂ ਵਧੀਆ ਵਾਇਸ ਚਾਂਸਲਰ ‘ਵਾਇਸ ਚਾਂਸਲਰ ਆਫ਼ ਦਿ ਯੀਅਰ’ ਦੇ ਵਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਸੀ। ਇਸ ਮਾਣਮੱਤੀ ਪ੍ਰਾਪਤੀ ਲਈ ਵੀ ਟਰੱਸਟ ਵੱਲੋਂ ਡਾ. ਸੂਦ ਨੂੰ ਵਧਾਈ ਦਿੱਤੀ ਗਈ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਡਾ. ਸੂਦ ਦੇ ਡਾ. ਸੂਦ ਦੇ ਮੌਜੂਦਾ ਕਾਰਜਕਾਲ ਦੇ ਆਖਰੀ ਹਫ਼ਤੇ ਟਰੱਸਟ ਵੱਲੋਂ ਕੀਤੀ ਗਈ ਇਸ ਮੁਲਾਕਾਤ ਦੌਰਾਨ ਟਰੱਸਟ ਆਗੂਆਂ ਨੇ ਡਾ. ਸੂਦ ਦੇ ਲੋਕ/ਮੁਲਾਜ਼ਮ ਪੱਖੀ ਕਾਰਜਾਂ ਸਦਕਾ ਉਨ੍ਹਾਂ ਦੇ ਦੌਰ ਨੂੰ ਸੁਨਿਹਰੀ ਕਾਲ ਵਜੋਂ ਯਾਦ ਕੀਤਾ ਜਾਵੇਗਾ। ਸਮੁੱਚਾ ਇਲਾਕਾ ਉਨ੍ਹਾਂ ਦਾ ਸਦਾ ਰਿਣੀ ਰਹੇਗਾ। ਮੁਲਾਕਾਤ ਦੌਰਾਨ ਡਾ. ਸੂਦ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਯੂਨੀਵਰਸਿਟੀ ਅਤੇ ਹਸਪਤਾਲ ਦੇ ਵਿਕਾਸ ਵੱਲ ਹੀ ਕੇਂਦਰਿਤ ਰੱਖਿਆ। ਇਸ ਨੂੰ ਉਚਾਈਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਮੁਲਾਕਾਤ ਦੌਰਾਨ ਟਰੱਸਟ ਵੱਲੋਂ ਡਾ. ਸੂਦ ਦੀਆਂ ਸ਼ਾਨਦਾਰ ਪ੍ਰਬੰਧਕੀ ਕਾਰਜ ਕੁਸ਼ਲਤਾ, ਵਿਜੀਨਰੀ ਇਮੇਜ ਅਤੇ ਦੂਰ ਅੰਦੇਸ਼ੀ ਲਈ ‘ਅਵਾਰਡ ਆਫ਼ ਐਪਰੀਸੀਏਸ਼ਨ’ ਭੇਂਟ ਕਰਕੇ ਸਨਮਾਨਿਤ ਵੀ ਕੀਤਾ।

