ਸਪੀਕਰ ਸੰਧਵਾਂ ਸਮੇਤ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਹੰਝੂਆਂ ਭਰੀ ਵਿਦਾਇਗੀ
ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀ.ਐਸ.ਐਫ਼ ਦੇ ਸਬ-ਇੰਸਪੈਕਟਰ (ਜੀ.ਡੀ) ਬਲਵੀਰ ਸਿੰਘ, 57 ਬੀ.ਐਨ, ਜੋ ਕਿ 13 ਜੁਲਾਈ ਨੂੰ ਸਿਲੀਗੁੜੀ (ਪੱਛਮੀ ਬੰਗਾਲ) ਵਿਖੇ ਸਰਹੱਦ ’ਤੇ ਰਾਤ ਦੀ ਡਿਊਟੀ ਦੌਰਾਨ ਅਚਾਨਕ ਬਿਜਲੀ ਡਿੱਗਣ ਕਾਰਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅੱਜ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਇਕ ਵਿਸ਼ੇਸ਼ ਗੱਡੀ ਰਾਹੀਂ ਅੱਜ ਕੋਟਕਪੂਰਾ ਵਿਖੇ ਲਿਆਂਦਾ ਗਿਆ। ਉਨ੍ਹਾਂ ਦੀ ਅਚਾਨਕ ਸ਼ਹਾਦਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਇਲਾਕੇ ’ਚ ਸੋਗ ਦਾ ਮਾਹੌਲ ਬਣ ਗਿਆ। ਸਥਾਨਕ ਬਠਿੰਡਾ ਸੜਕ ’ਤੇ ਸਥਿਤ ਸਮਸ਼ਾਨਘਾਟ ਵਿਖੇ ਬੇਹੱਦ ਸੋਗਮਈ ਮਾਹੌਲ ’ਚ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਫ਼ੌਜੀ ਬਲਵੀਰ ਸਿੰਘ (57) ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਫ਼ੌਜ ਦੇ ਅਧਿਕਾਰੀ ਅਤੇ ਕਰਮਚਾਰੀਆਂ ਵਲੋਂ ਰੀਤ ਦੀ ਰਸਮ ਕੀਤੀ ਗਈ ਅਤੇ ਫ਼ੁੱਲਾਂ ਦੀ ਵਰਖਾ ਕਰਕੇ ਸ਼ਹੀਦ ਫ਼ੌਜੀ ਨੂੰ ਸ਼ਰਧਾਂਜਲੀ ਅਤੇ ਅੰਤਿਮ ਵਿਦਾਇਗੀ ਦਿੱਤੀ ਗਈ। ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਮਾਤਮੀ ਧੁਨਾਂ ਵਜਾ ਕੇ, ਹਵਾਈ ਫ਼ਾਇਰ ਦਾਗ ਕੇ ਅਤੇ ਹਥਿਆਰ ਨੀਵੇਂ ਕਰਕੇ ਫ਼ੌਜੀ ਬਲਵੀਰ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮਿ੍ਰਤਕ ਦੀ ਪਤਨੀ, ਬੇਟੀ, ਬੇਟਾ ਅਤੇ ਹੋਰਨਾਂ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਨ੍ਹਾਂ ਕੋਲੋਂ ਇਹ ਸਦੀਵੀ ਵਿਛੋੜਾ ਝੱਲਿਆ ਨਹੀਂ ਜਾ ਰਿਹਾ ਸੀ। ਸ਼ਹੀਦ ਫ਼ੌਜੀ ਨੇ ਮਹਿਜ਼ 9 ਮਹੀਨਿਆਂ ਬਾਅਦ ਸੇਵਾ ਮੁਕਤ ਹੋ ਜਾਣਾ ਸੀ ਅਤੇ ਉਨ੍ਹਾਂ ਵਲੋਂ ਅਜੇ ਪਿਛਲੇ ਸਾਲ ਹੀ ਆਪਣੀ ਬੇਟੀ ਕਮਲਪ੍ਰੀਤ ਕੌਰ ਦਾ ਵਿਆਹ ਕੀਤਾ ਗਿਆ ਸੀ, ਜਦ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਅਮਨਪ੍ਰੀਤ ਸਿੰਘ (14) ਸਥਾਨਕ ਡੀ.ਏੇ.ਵੀ. ਸਕੂਲ ਵਿੱਚ ਅੱਠਵੀਂ ਜਮਾਤ ’ਚ ਪੜ੍ਹਦਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ ਦਾ ਵਸਨੀਕ ਇਹ ਪਰਿਵਾਰ ਕਰੀਬ ਪੰਜ ਕੁ ਸਾਲ ਪਹਿਲਾਂ ਹੀ ਕੋਟਕਪੂਰਾ ਦਾ ਵਸਨੀਕ ਬਣਿਆ ਹੈ। ਬੀ.ਐਸ.ਐਫ਼ (ਆਰ.ਟੀ) ਹੈਡਕੁਆਟਰ ਦੇ ਡੀ.ਆਈ.ਜੀ ਅਮਿਤਾਜ ਵਾਜਪਾਈ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਸਾਰੀਆਂ ਵਿਭਾਗੀ ਕਾਰਵਾਈਆਂ ਮੁਕੰਮਲ ਕਰਕੇ ਸ਼ਹੀਦ ਦੇ ਪਰਿਵਾਰ ਨੂੰ ਬਣਦੇ ਸਾਰੇ ਸਰਕਾਰੀ ਲਾਭ ਦਿਵਾਏ ਜਾਣਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਫ਼ੌਜੀ ਦੀ ਸ਼ਹਾਦਤ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਥਾਨਕ ਪ੍ਰਸ਼ਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ, ਕੌਂਸਲਰ ਸੁਤੰਤਰ ਜੋਸ਼ੀ, ਰੋਮਾ ਬਰਾੜ, ਜਰਨੈਲ ਸਿੰਘ ਮੋਗੇਵਾਲੇ, ਰੰਗ ਹਰਜਿੰਦਰ ਸਿੰਘ, ਸਰਪੰਚ ਡਿਪਟੀ ਸਿੰਘ ਬਰਾੜ ਨੱਥੇਵਾਲਾ ਸਮੇਤ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਪਰਿਵਾਰ ਦੇ ਰਿਸ਼ਤੇਦਾਰ ਵੱਡੀ ਗਿਣਤੀ ’ਚ ਹਾਜ਼ਰ ਸਨ।

