ਰੂਹ ਅੰਦਰ ਵਿਸਮਾਦ ਭਰ ਗਿਆ, ਤੇਰੇ ਨਾਲ ਗੁਫ਼ਤਗੂ ਕਰਕੇ।
ਕਰਾਮਾਤ ਨਹੀਂ ਦੱਸਣੀ ਤੈਨੂੰ , ਕਿੰਜ ਮੁੜਿਆਂ ਇੱਕ ਵਾਰੀ ਮਰ ਕੇ।
ਇਹ ਜ਼ਿੰਦਗੀ ਰੰਗਾਂ ਦਾ ਮੇਲਾ,ਮਾਨਣ ਵੇਲ਼ਾ ਖੁੰਝ ਨਾ ਜਾਵੇ,
ਇਸ ਵਾਰੀ ਭਰ ਫੇਰ ਹੁੰਗਾਰਾ,ਆਵਾਂ ਦਿਲ-ਦਰਿਆ ਨੂੰ ਤਰ ਕੇ।
ਸਾਬਤ ਕਦਮ,ਅਡੋਲ ਇਰਾਦਾ, ਜਿੱਤ ਦਾ ਪਰਚਮ ਲੈ ਕੇ ਤੁਰਦਾਂ,
ਮੈਂ ਧਰਦਾਂ ਹਰ ਕਦਮ ਅਗੇਰੇ, ਮਨ ਦੇ ਸ਼ੀਸ਼ੇ ਤੋਂ ਡਰ ਕੇ।
ਚੜ੍ਹਦੇ ਸੂਰਜ ਵੇਲੇ ਜਿੱਸਰਾਂ, ਲੱਗਦਾ ਸੀ ਕਿਰਨਾਂ ਦਾ ਮੇਲਾ
ਦਿਲ ਕਰਦਾ ਏ ਉਹ ਪਲ ਪਰਤਣ,
ਮਾਣਾਂ ਫੇਰ ਕਲ਼ਾਵਾ ਭਰ ਕੇ।
ਤੇਰਾ ਮੇਰਾ ਕੀ ਰਿਸ਼ਤਾ ਹੈ, ਕੀ ਹੋਇਆ ਜੇ ਨਾਮ ਨਾ ਕੋਈ,
ਧੜਕਣ ਅੰਦਰ ਵੱਸਦੀ ਰਹਿ ਤੂੰ,
ਕੀ ਲੈਣਾ ਇਸ ਦਾ ਨਾਂ ਧਰ ਕੇ।
ਇਸ ਤੋਂ ਵੱਧ ਜੀ, ਗੂੜ੍ਹੇ ਅੱਖਰ ਲਿਖ ਕੇ ਦੇਂਦੇ ਬਾਬੇ ਸਾਨੂੰ,
ਮਨ ਜਿੱਤਿਆਂ ਜੱਗ ਜੀਤ ਬਣੇਂਗਾ,
ਵੇਖ ਕਦੇ ਖ਼ੁਦ ਕੋਲੋਂ ਹਰ ਕੇ।
ਤੂੰ ਪਰਬਤ ਨੂੰ ਚੀਰਨ ਵਾਲਾ, ਸਿਰ ਪੈਰੋਂ ਪਰਚੰਡ ਜਵਾਲਾ,
ਮਿਹਣਾ ਹੈ, ਮਰਦਾਂ ਨੂੰ ਬਹਿਣਾ,
ਬਰਫ਼ -ਡਲ਼ੀ ਦੇ ਵਾਂਗੂੰ ਠਰ ਕੇ।
ਗੁਰਭਜਨ ਗਿੱਲ
