-ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਕੀਤੀ ਅਪੀਲ
ਫ਼ਰੀਦਕੋਟ 17 ਜੁਲਾਈ:(ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਲਈ ਪਹਿਲਾਂ ਜਾਰੀ ਕੀਤੇ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਦੇ ਸ਼ਡਿਊਲ ਵਿੱਚ ਤਬਦੀਲੀ ਕਰਨ ਉਪਰੰਤ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮਿਤੀ 24.07.2026 ਤੱਕ ਚੱਲਣ ਵਾਲਾ ਇਨਿਊਮੀਰੇਸ਼ਨ ਫੇਜ਼ (ਘਰ-ਘਰ ਸਰਵੇ) ਹੁਣ ਮਿਤੀ 03.08.2026 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਤਹਿਤ ਯੋਗ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਅਤੇ ਗਣਨਾ ਫਾਰਮਾਂ ਦੀ ਭਰਵਾਈ, ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਤੇਜ਼ ਕਰਨ ਲਈ 19 ਜੁਲਾਈ (ਐਤਵਾਰ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ। ਇਸ ਦੌਰਾਨ ਬੂਥ ਪੱਧਰੀ ਅਧਿਕਾਰੀ (ਬੀ.ਐਲ.ਓ.) ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿਣਗੇ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਡਿਜੀਟਾਈਜ਼ੇਸ਼ਨ ਸਬੰਧੀ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਬੀ.ਐਲ.ਓਜ਼ ਵੱਲੋਂ ਡਿਜੀਟਾਈਜ਼ੇਸ਼ਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਉਹ ਲੋੜੀਂਦੇ ਦਸਤਾਵੇਜ਼ਾਂ ਦੀ ਪ੍ਰਾਪਤੀ ਅਤੇ ਜੇਕਰ ਕੋਈ ਤਰੁੱਟੀਆਂ ਜਾਂ ਕਮੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਕਰਨ ‘ਤੇ ਵਿਸ਼ੇਸ਼ ਧਿਆਨ ਦੇਣਗੇ। ਜਿਨ੍ਹਾਂ ਬੂਥਾਂ ‘ਤੇ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਬਾਕੀ ਹੈ, ਉੱਥੇ ਇਕੱਤਰ ਕੀਤੇ ਗਏ ਫਾਰਮਾਂ ਨੂੰ ਤੁਰੰਤ ਡਿਜੀਟਾਈਜ਼ ਕਰਨ ਦੇ ਨਾਲ-ਨਾਲ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾਣਗੇ। ਘੱਟ ਪ੍ਰਗਤੀ ਵਾਲੇ ਬੂਥਾਂ ‘ਤੇ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਚਲਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕੈਂਪਾਂ ਬਾਰੇ ਵੋਟਰਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਯੋਗ ਵੋਟਰ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 19 ਜੁਲਾਈ ਨੂੰ ਆਪਣੇ ਨਜ਼ਦੀਕੀ ਪੋਲਿੰਗ ਬੂਥ ‘ਤੇ ਲੱਗਣ ਵਾਲੇ ਵਿਸ਼ੇਸ਼ ਕੈਂਪ ਵਿੱਚ ਪਹੁੰਚ ਕੇ ਗਣਨਾ ਫਾਰਮ ਭਰਨ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਆਪਣਾ ਵੇਰਵਾ ਸਮੇਂ ਸਿਰ ਡਿਜੀਟਾਈਜ਼ ਕਰਵਾ ਕੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

