ਅਸੀਂ ਅਕਾਲ ਤਖ਼ਤ ਸਾਹਿਬ ਦੇ ਐਲਾਨ ਨੂੰ ਲਾਗੂ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ : ਭਾਈ ਰਣਜੀਤ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ ਯਾਦ ਵਿੱਚ ਹਰੀਕੇ ਪੱਤਣ ਸਤਲੁਜ ਦਰਿਆ ਦੇ ਕੰਢੇ ‘ਤੇ ਕਰਵਾਏ ਸ਼ਹੀਦੀ ਸਮਾਗਮ ਵਿੱਚ ਐਲਾਨ ਕੀਤਾ ਸੀ ਕਿ ਹਰੀਕੇ ਪੱਤਣ ਦਾ ਨਾਂ ਅੱਜ ਤੋਂ ਸ਼ਹੀਦੀ ਪੱਤਣ ਹੋਵੇਗਾ। ਜਿਸ ਨੂੰ ਲੈ ਕੇ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਹਰੀਕੇ ਪੱਤਣ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰਾਂ ਅਤੇ ਸ਼ਹੀਦੀ ਪੱਤਣ ਲਿਖ ਕੇ ਬੋਰਡ ਲਗਾ ਦਿੱਤੇ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਰਵਉੱਚ ਹੈ ਜੋ ਲਾਗੂ ਹੋਣਾ ਚਾਹੀਦਾ ਹੈ। ਅੱਜ ਅਸੀਂ ਸੰਕੇਤਕ ਤੌਰ ‘ਤੇ ਸ਼ੁਰੂਆਤ ਕੀਤੀ ਹੈ ਤੇ ਹੋਰ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਦੇ ਆਸ-ਪਾਸ ਸ਼ਹੀਦੀ ਪੱਤਣ ਲਿਖ ਕੇ ਵੱਧ ਤੋਂ ਵੱਧ ਬੋਰਡ ਲਗਾਏ ਜਾਣ ਤਾਂ ਜੋ ਹਰੀਕੇ ਪੱਤਣ ਹੁਣ ਸ਼ਹੀਦੀ ਪੱਤਣ ਦੇ ਨਾਂ ‘ਤੇ ਪ੍ਰਚਲਿਤ ਹੋ ਜਾਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਇਸ ਨੂੰ ਸ਼ਹੀਦੀ ਪੱਤਣ ਵਜੋਂ ਹੀ ਲਿਖੇ ਅਤੇ ਸਥਾਪਿਤ ਕਰੇ। ਫੈਡਰੇਸ਼ਨ ਨੇ ਜਥੇਦਾਰ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਪੰਜ ਸਿੰਘਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਖੁਦ ਵੀ ਇੱਥੇ ਆ ਕੇ ਬੋਰਡ ਸਥਾਪਿਤ ਕਰਕੇ ਜਾਣ। ਜੇ ਇਸ ਬੋਰਡ ਨੂੰ ਕੋਈ ਉਤਾਰਦਾ ਹੈ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਅਤੇ ਚੁਣੌਤੀ ਹੋਵੇਗੀ, ਖ਼ਾਲਸਾ ਪੰਥ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।
ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਸ਼ਹੀਦ ਕਰਕੇ ਇਸੇ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਹਿੰਦੁਸਤਾਨੀ ਹਕੂਮਤ ਨੇ ਸਿੱਖ ਹੱਕਾਂ ਲਈ ਉੱਠੀਆਂ ਇਹਨਾਂ ਅਵਾਜ਼ਾਂ ਨੂੰ ਖ਼ਾਮੋਸ਼ ਕਰਨਾ ਚਾਹਿਆ ਸੀ ਪਰ ਸਾਡੇ ਸ਼ਹੀਦਾਂ ਦੀ ਗੂੰਜ ਪੂਰੀ ਦੁਨੀਆਂ ਵਿੱਚ ਪੈ ਰਹੀ ਹੈ। ਸ਼ਹੀਦਾਂ ਦੀ ਜੈ-ਜੈਕਾਰ ਸਦਾ ਹੁੰਦੀ ਰਹੇਗੀ ਤੇ ਭਾਰਤੀ ਹਕੂਮਤ ਦੇ ਬੁੱਚੜਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ। ਹਕੂਮਤ ਨੇ ਕੇਵਲ ਪੰਜਾਬ ਦੇ ਦਰਿਆਵਾਂ ਵਿੱਚ ਵਗਦੇ ਪਾਣੀਆਂ ਨੂੰ ਹੀ ਨਹੀਂ ਲੁੱਟਿਆ ਬਲਕਿ ਇਹਨਾਂ ਦਰਿਆਵਾਂ ਨੂੰ ਸਾਡੇ ਖ਼ੂਨ ਨਾਲ਼ ਲਾਲ ਵੀ ਕੀਤਾ ਹੈ। ਇਹ ਦਰਿਆ ਅਤੇ ਸ਼ਮਸ਼ਾਨ ਘਾਟ ਸਾਡੇ ਉੱਤੇ ਵਾਪਰੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਗਵਾਹੀ ਭਰਦੇ ਹਨ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
