ਕਾਲੇ ਬੱਦਲ ਗਰਜਦੇ, ਨਿੱਕੀ-ਨਿੱਕੀ
ਕਣੀ-ਕਣੀ ਦਾ ਮੀਂਹ ਵਰਸਾਇਆ।
ਕੋਇਲ ਕੂਕਦੀ ਬਾਗਾਂ ਦੇ ਵਿੱਚ,
ਅੰਬ ਜਮੋਏ ਵਿੱਚ ਰਸ ਭਰ ਆਇਆ।
ਬਾਗਾਂ ਦੇ ਵਿੱਚ ਮੋਰਾਂ ਨੇ ਵੀ,
ਖੰਭ ਖਿਲਾਰ ਕੇ ਨਾਚ ਦਿਖਾਇਆ।
ਧਰਤੀ ਨੇ ਵੀ ਹਰੀ ਚਾਦਰ ਤਾਣੀ,
ਚਾਰ ਚੁਫੇਰੇ ਨੂਰ ਲਿਸ਼ਕਾਇਆ।
ਸਾਉਣ ਮਹੀਨਾ ਚੜ੍ਹ ਆਇਆ।
ਸਜ ਵਿਆਹੀਆਂ ਪੇਕੇ ਫੇਰਾ ਪਾਇਆ।
ਵੀਰ ਗਏ ਨੇ ਭੈਣਾਂ ਨੂੰ ਲੈਣ,
ਮਾਪਿਆਂ ਨੇ ਵੀ ਚਾਅ ਮਨਾਇਆ।
ਗੁੜ ਦੇ ਪੂੜੇ ਤੇ ਖੀਰ ਨੂੰ ਬਣਾਇਆ।
ਬੜੇ ਚਾਵਾਂ ਨਾਲ ਸਭ ਨੂੰ ਖਵਾਇਆ।
ਸਾਉਣ ਮਹੀਨਾ ਚੜ੍ਹ ਆਇਆ।
ਸਭ ਇਕੱਠੀਆਂ ਹੋ ਕੇ ਨਣਦ-ਭਰਜਾਈਆਂ,
ਸੱਭੇ ਰਲ ਕੇ ਤੀਆਂ ਨੂੰ ਲਾਇਆ।
ਹੱਥੀਂ ਰੰਗ-ਬਰੰਗੀਆਂ ਚੂੜੀਆਂ ਸਜੀਆਂ,
ਤਲੀਆਂ ਉੱਤੇ ਮਹਿੰਦੀ ਨੂੰ ਲਾਇਆ।
ਸਜ ਫੱਬ ਨਿਵੇਕਲਾ ਰੂਪ ਦਿਖਾਇਆ।
ਸਾਉਣ ਮਹੀਨਾ ਚੜ੍ਹ ਆਇਆ।
ਪਿੱਪਲਾਂ ਦੇ ਉੱਤੇ ਪੀਂਘਾਂ ਨੂੰ ਪਾਇਆ।
ਝੂਟ ਕੇ ਪੀਂਘਾਂ ਨੂੰ ਅੰਬਰੀਂ ਚੜ੍ਹਾਇਆ।
ਗਿੱਧੇ ਵਿੱਚ ਖੂਬ ਰੌਣਕਾਂ ਨੂੰ ਲਾਇਆ।
ਰਲ-ਮਿਲ ਖਾਧਾ ਤੇ ਹੱਸ-ਖੇਡ ਸਭ ਨੇ,
ਖੁਸ਼ੀਆਂ ਦੇ ਨਾਲ ਦਿਨ ਮਨਾਇਆ।
ਸਾਉਣ ਮਹੀਨਾ ਚੜ੍ਹ ਆਇਆ।
ਪਰਮਬੀਰ ਕੌਰ ਰਿਆੜ
