ਅੱਖਾਂ ਭਾਂਬੜ ਮੂੰਹ ਵਿਚ ਅੱਗ ਹੈ ।
ਜ਼ਹਿਰੀ ਚਿਹਰਾ ਝੱਗੋ ਝੱਗ ਹੈ ।
ਅਜਗਰ ਵੇਖੋ !
ਜੰਗਲ ਵਿਚ ਦਹਾੜਦਾ ਹੈ ।
ਕੁੱਲ ਆਲਮ ਨੂੰ
ਹਰ ਪਲ ਸੂਲ਼ੀ ਚਾੜ੍ਹਦਾ ਹੈ ।
ਧਰਤੀ ਦੀ ਕੁਖ਼ ਵਿਚ ਵੀ,
ਇਹ ਹਥਿਆਰ ਧਰੇ ।
ਅੰਬਰ ਵਿਚ ਮਿਜ਼ਾਈਲਾਂ,
ਮਾਰੋ ਮਾਰ ਕਰੇ ।
ਫੁੱਲ ਪੱਤੀਆਂ ਨੂੰ
ਅੱਡੀਆਂ ਹੇਠ ਲਿਤਾੜਦਾ ਹੈ ।
ਕੁੱਲ ਆਲਮ ਨੂੰ,
ਹਰ ਪਲ ਸੂਲੀ ਚਾੜ੍ਹਦਾ ਹੈ ।
ਅਮਨ ਚੈਨ ਦੇ ਅਰਥਾਂ ਨੂੰ
ਤਬਦੀਲ ਕਰੇ ।
ਆਪਣੀ ਮੁੱਛ ਦੀ ਖ਼ਾਤਰ
ਲੋਕ ਜ਼ਲੀਲ ਕਰੇ ।
ਕੌਡਾ ਰਾਖਸ਼,
ਤੇਲ ਕੜਾਹੇ ਚਾੜ੍ਹਦਾ ਹੈ ।
ਅਜਗਰ ਵੇਖੋ!
ਜੰਗਲ ਵਿਚ ਦਹਾੜਦਾ ਹੈ ।
ਪਾਣੀ ਪੌਣ ਧਰਤ ਨੂੰ,
ਲਾਲੋ ਲਾਲ ਕਰੇ ।
ਅਜਬ ਕਸਾਈ ਸੁਪਨੇ
ਫੜੇ, ਹਲਾਲ ਕਰੇ ।
ਉੱਡਣੇ ਪੰਛੀ,
ਪਿੰਜਰਿਆਂ ਵਿਚ ਤਾੜਦਾ ਹੈ ।
ਅਗਨ-ਦਰਿੰਦਾ
ਜੰਗਲ ਵਿਚ ਦਹਾੜਦਾ ਹੈ ।
ਹਰੇ ਕਚੂਰ ਦਰਖ਼ਤੀਂ,
ਪੱਤੇ ਛਾਣਨੀਆਂ ।
ਕਾਲਾ ਅੰਬਰ,
ਲੁਕੀਆਂ ਰਾਤਾਂ ਚਾਨਣੀਆਂ ।
ਧਰਮ ਕਰਮ ਦੇ ਵਰਕੇ,
ਬਾਂਦਰ ਪਾੜਦਾ ਹੈ ।
ਅਗਨ ਦਰਿੰਦਾ ਜੰਗਲ ਵਿਚ ਦਹਾੜਦਾ ਹੈ ।
ਦੂਜੇ ਦੇ ਘਰ ਝਾਕੇ,
ਚੰਦਰੀ ਵਾਦੀ ਹੈ ।
ਲੋਕ ਰਾਜ ਦਾ ਜਾਪ,
ਕਰੇ ਬਰਬਾਦੀ ਹੈ ।
ਸੁਪਨ ਪੰਘੂੜੇ,
ਅਗਨੀ ਦੇ ਵਿਚ ਸਾੜਦਾ ਹੈ ।
ਆਦਮ ਖਾਣਾ ਜੰਤੂ,
ਜਦ ਸਾਹ ਭਰਦਾ ਹੈ ।
ਮੁਲਕ ਸਬੂਤੇ,
ਵਿਚ ਜਬਾੜੇ ਧਰਦਾ ਹੈ ।
ਤਪਦੀ ਲੋਹ ’ਤੇ,
ਕੋਮਲ ਜ਼ਿੰਦਾਂ ਸਾੜਦਾ ਹੈ ।
ਵੀਤਨਾਮ ਤੋਂ ਤੁਰਿਆ,
ਪਹੁੰਚ ਇਰਾਕ ਗਿਆ ।
ਉਹੀ ਬੂਟਾ ਸੁੱਕਿਆ,
ਜਿੱਧਰ ਝਾਕ ਗਿਆ ।
ਗੁੰਡਾ ਗਰਦੀ ਕਰਦਾ,
ਨਾਲੇ ਤਾੜਦਾ ਹੈ ।
ਅਗਨ ਦਰਿੰਦਾ
ਜੰਗਲ ਵਿਚ ਦਹਾੜਦਾ ਹੈ ।
ਕੁੱਲ ਦੁਨੀਆਂ ਦੇ
ਮਾਲ ਖ਼ਜ਼ਾਨੇ ਲੁੱਟਦਾ ਹੈ ।
ਜਿਹੜਾ ਅੱਗੋਂ ਬੋਲੇ
ਦੱਬ ਕੇ ਕੁੱਟਦਾ ਹੈ ।
ਹੰਕਾਰੀ ਦੇ ਵਾਂਗੂੰ,
ਫਿਰੇ ਚੰਗਿਆੜਦਾ ਹੈ ।
ਅਗਨ ਦਰਿੰਦਾ
ਜੰਗਲ ਵਿਚ ਦਹਾੜਦਾ ਹੈ ।
ਅੱਥਰੇ ਘੋੜੇ ਦੀ ਹੁਣ,
ਕਿਹੜਾ ਵਾਗ ਫੜੇ?
ਮਾਰ ਪਲਾਕੀ ਜੋ ਹੁਣ,
ਇਹਦੀ ਕੰਡ ਚੜ੍ਹੇ ।
ਸਾਡੀਆਂ ਫ਼ਸਲਾਂ,
ਜਿਹੜਾ ਫਿਰੇ ਉਜਾੜਦਾ ਹੈ ।
ਅਗਨ ਦਰਿੰਦਾ
ਜੰਗਲ ਵਿਚ ਦਹਾੜਦਾ ਹੈ।
🔴
ਗੁਰਭਜਨ ਗਿੱਲ
