ਜ਼ੇਲ੍ਹ ਦੇ ਹਰ ਹਿੱਸੇ ਦੀ ਕੀਤੀ ਗਈ ਗਹਿਰਾਈ ਨਾਲ ਜਾਂਚ : ਡੀਐਸਪੀ
ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰਬੰਸ ਸਿੰਘ ਬੈਂਸ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਨੀਵਾਰ ਨੂੰ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ, ਫਰੀਦਕੋਟ ਵਿੱਚ ਅਚਾਨਕ ਅਤੇ ਵਿਸਤ੍ਰਿਤ ਚੈਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ ਮੁਹਿੰਮ ਲਗਭਗ 100 ਪੁਲਿਸ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਕੀਤੀ ਗਈ। ਇਹ ਆਪ੍ਰੇਸ਼ਨ ਅਵਤਾਰ ਸਿੰਘ ਡੀ.ਐਸ.ਪੀ. (ਡੀ) ਫਰੀਦਕੋਟ ਅਤੇ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਅਤੇ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਚਲਾਇਆ ਗਿਆ, ਜਿਸ ਦੌਰਾਨ ਉਹਨਾ ਨਾਲ ਸਬੰਧਤ ਮੁੱਖ ਅਫ਼ਸਰ ਥਾਣਾ ਸਦਰ ਫਰੀਦਕੋਟ ਸਮੇਤ ਜੇਲ੍ਹ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। ਜਿਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ੍ਹ ਦੇ ਹਰ ਹਿੱਸੇ ਦੀ ਬਾਰੀਕੀ ਨਾਲ ਜਾਚ ਕੀਤੀ ਗਈ, ਜਿਸ ਵਿੱਚ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ ਗਈ। ਇਸ ਸਬੰਧੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ, ਜਿਸ ਵਿੱਚ ਬੈਰਕਾਂ, ਕੰਟੀਨ, ਬਾਥਰੂਮ, ਚਾਰਦੀਵਾਰੀ ਅਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਹ ਚੈਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਅਤੇ ਜੇਲ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕੀਤੀ ਗਈ। ਇਹ ਮੁਹਿੰਮ ਗੁਪਤ ਰੱਖੀ ਗਈ ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਦੀ ਜਾਣਕਾਰੀ ਲੈ ਕੇ ਬਚ ਨਾ ਸਕਣ। ਉਹਨਾ ਅੱਗੇ ਕਿਹਾ ਕਿ ਅਜਿਹੀਆਂ ਅਚਾਨਕ ਚੈਕਿੰਗਾ ਨਾਲ ਜੇਲ ਅੰਦਰ ਬੰਦ ਬੁਰੇ ਰੁਝਾਨ ਵਾਲੇ ਕੈਦੀਆਂ ਵਿੱਚ ਡਰ ਪੈਦਾ ਕਰਦੀਆਂ ਹਨ ਅਤੇ ਅਜਿਹੀਆਂ ਜਾਂਚਾਂ ਆਉਣ ਵਾਲੇ ਸਮੇਂ ਵਿੱਚ ਨਿਯਮਤ ਤੌਰ ’ਤੇ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਥਾਣਾ ਇੰਚਾਰਜ ਅਤੇ ਹੋਰ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜੇਲ ਦੇ ਆਲੇ ਦੁਆਲੇ ਰਹਿਣ ਵਾਲੇ ਨਿਵਾਸੀਆਂ ਦਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਉਹ ਕੈਦੀਆਂ ਜਾਂ ਉਨ੍ਹਾਂ ਦੇ ਸਾਥੀਆਂ ਨਾਲ ਮਿਲਕੇ ਜੇਲ ਵਿੱਚ ਨਸ਼ਾ ਜਾਂ ਹੋਰ ਗੈਰਕਾਨੂੰਨੀ ਚੀਜ਼ਾਂ ਅੰਦਰ ਸੁੱਟਣ ਵਿੱਚ ਸ਼ਾਮਿਲ ਨਾ ਹੋਣ।

