ਲੁਧਿਆਣਾ 5 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਵੱਲੋਂ ਕੀਤੇ ਜਾ ਰਹੇ ਸਰਵੇਖਣ ਦੌਰਾਨ ਸ਼ਹਿਦ ਮੱਖੀ ਫਾਰਮਾਂ ਤੇ ਸਮਾਲ ਹਾਈਵ ਬੀਟਲ ਦਾ ਹਮਲਾ ਦੇਖਣ ਵਿੱਚ ਆਇਆ ਹੈ। ਇਹ ਬੀਟਲ ਪੰਜਾਬ ਵਿੱਚ ਸ਼ਹਿਦ ਮੱਖੀਆਂ ਲਈ ਇੱਕ ਨਵਾਂ ਖਤਰਾ ਹੈ।
ਇਹ ਬੀਟਲ ਭੂਰੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਖੰਭ ਪੇਟ ਨੂੰ ਪੂਰੀ ਤਰ੍ਹਾਂ ਨਹੀਂ ਢੱਕਦੇ। ਬੀਟਲਾਂ ਸਫੇਦ ਰੰਗ ਦੇ ਛੋਟੇ ਅਤੇ ਲੰਬੂਤਰੇ ਅੰਡੇ ਝੁੰਡ ਵਿੱਚ ਦਿੰਦੀਆਂ ਹਨ। ਅੰਡਿਆਂ ਵਿੱਚੋਂ ਨਿਕਲਣ ਵਾਲੀਆਂ ਸੁੰਡੀਆਂ ਪੂਰਾ ਪਲਣ ਤੇ ਜ਼ਮੀਨ ਵਿੱਚ ਪਿਊਪੇ ਬਣਾਉਂਦੀਆਂ ਹਨ ਜਿਨ੍ਹਾਂ ਵਿੱਚੋਂ ਬਾਲਗ ਬੀਟਲ ਪੈਦਾ ਹੁੰਦੇ ਹਨ।
ਇਸ ਕੀੜੇ ਦੀਆਂ ਸੁੰਡੀਆਂ ਅਤੇ ਬਾਲਗ ਬੀਟਲ ਅਤੇ ਦੋਨੋਂ ਸ਼ਹਿਦ ਮੱਖੀਆਂ ਦੇ ਬਰੂਡ, ਸ਼ਹਿਦ, ਪਰਾਗ ਅਤੇ ਛੱਤਿਆਂ ਨੂੰ ਨੁਕਸਾਨ ਪੰਹੁਚਾਉਂਦੇ ਹਨ। ਸ਼ਹਿਦ ਵਿੱਚ ਇਨ੍ਹਾਂ ਦੁਆਰਾ ਮਲ ਤਿਆਗਣ ਕਰਕੇ ਸ਼ਹਿਦ ਖਰਾਬ ਹੋ ਜਾਂਦਾ ਹੈ। ਇਹ ਬੀਟਲ ਅਤੇ ਸੁੰਡੀਆਂ ਹਾਈਵ ਦੇ ਹਨੇਰੇ ਵਾਲੀਆਂ ਨੁੱਕਰਾਂ ਅਤੇ ਝੀਥਾਂ ਜਾਂ ਸੈੱਲਾਂ ਵਿੱਚ ਲੁਕਦੇ ਹਨ।
ਇਸ ਬੀਟਲ ਦੀ ਰੋਕਥਾਮ ਲਈ ਸ਼ਹਿਦ ਮੱਖੀ ਕਟੁੰਬਾਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਛੱਤਿਆਂ ਨੂੰ 4-6 ਮਿਲੀਮੀਟਰ ਵਿਰਲ ਵਾਲੀ ਜ਼ਾਲੀ ਲੱਗੇ ਖਾਲੀ ਹਾਈਵ ਵਿੱਚ ਝਾੜ ਕੇ ਬੀਟਲਾਂ ਨੂੰ ਮੱਖੀਆਂ ਤੋਂ ਵੱਖ ਕੀਤਾ ਜਾ ਸਕਦਾ ਹੈ। ਇਕੱਠੀਆਂ ਕੀਤੀਆਂ ਬੀਟਲਾਂ ਨੂੰ ਅੱਗ ਦੀ ਲਾਟ ਨਾਲ ਜਾਂ ਸਾਬਣ ਵਾਲੇ ਪਾਣੀ ਵਿੱਚ ਡੁਬੋ ਕੇ ਮਾਰ ਦਿਓ। ਇਨ੍ਹਾਂ ਬੀਟਲਾਂ ਨੂੰ ਮੱਖੀ ਫਾਰਮ ਤੋਂ ਦੂਰ ਝਾੜਨ ਦੀ ਗਲਤੀ ਕਦੇ ਵੀ ਨਾ ਕਰੋ ਕਿਉਂਕਿ ਇਹ ਬੀਟਲਾਂ ਕਈ ਕਿਲੋਮੀਟਰ ਤੱਕ ਉੱਡ ਕੇ ਜਾ ਸਕਦੀਆਂ ਹਨ ਜਿਸ ਨਾਲ ਹੋਰਨਾਂ ਫਾਰਮਾਂ ਤੇ ਵੀ ਇਹ ਨੁਕਸਾਨ ਕਰ ਸਕਦੀਆਂ ਹਨ। ਕਟੁੰਬਾਂ ਵਿੱਚ ਬੀਟਲ ਟਰੈਪ ਲਾ ਕੇ ਵੀ ਇਹ ਬੀਟਲਾਂ ਮਾਰੀਆਂ ਜਾ ਸਕਦੀਆਂ ਹਨ। ਇਨ੍ਹਾਂ ਟਰੈਪਾਂ ਵਿੱਚ 25-30 ਮਿਲੀਲਿਟਰ ਖਾਣ ਵਾਲਾ ਤੇਲ ਅਤੇ 5 ਮਿਲੀਲਿਟਰ ਸੇਬ ਦਾ ਸਿਰਕਾ ਪਾਓ ਅਤੇ ਬੀਟਲ ਹਮਲੇ ਅਨੁਸਾਰ ਪ੍ਰਤੀ ਕਟੁੰਬ 2-4 ਟਰੈਪ ਛੱਤਿਆਂ ਵਿੱਚਕਾਰ ਟੰਗ ਦਿਓ।
ਜਿਸ ਕਟੁੰਬ ਵਿੱਚ ਸਮਾਲ ਹਾਈਵ ਬੀਟਲ ਦੀਆਂ ਸੁੰਡੀਆਂ ਦਾ ਬਹੁਤ ਜ਼ਿਆਦਾ ਹਮਲਾ ਹੋਵੇ ਉਨ੍ਹਾਂ ਵਿੱਚੋਂ ਸਾਰੇ ਛੱਤੇ ਕੱਢ ਕੇ ਹਾਈਵ ਨੂੰ ਅੱਗ ਦਾ ਸੇਕ ਦਿਓ ਅਤੇ ਬਹੁਤ ਖਰਾਬ ਹੋ ਚੁੱਕੇ ਛੱਤਿਆਂ ਨੂੰ ਪਿਘਲਾ ਕੇ ਮੋਮ ਕੱਢ ਲਵੋ। ਸੁੰਡੀਆਂ ਬਾਹਰ ਬਿਲਕੁਲ ਨਾ ਸੁੱਟੋ। ਸ਼ਹਿਦ ਮੱਖੀ ਦੀ ਖਰੀਦ/ਵੇਚ ਸਮੇਂ ਇਹ ਯਕੀਨੀ ਬਣਾਓ ਕਿ ਕਟੁੰਬਾਂ ਵਿੱਚ ਸਮਾਲ ਹਾਈਵ ਬੀਟਲ ਜਾਂ ਇਸਦੀਆਂ ਸੁੰਡੀਆਂ ਨਾ ਹੋਣ।
ਡਾ. ਜਸਪਾਲ ਸਿੰਘ (8054604967); ਡਾ. ਅਮਿਤ ਚੌਧਰੀ (8283810668); ਡਾ. ਭਾਰਤੀ ਮਹਿੰਦਰੂ (9872259602)

