ਕੋਟਕਪੂਰਾ, 8 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਾਮਵਰ ਸਾਹਿਤਕਾਰ ਅਤੇ ਸੇਵਾ ਮੁਕਤ ਲੈਕਚਰਾਰ ਡਾ. ਅਜੀਤ ਸਿੰਘ ਨੇ ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤ ਲਾਇਬਰੇਰੀ ਨੂੰ 10 ਪੁਸਤਕਾਂ ਭੇਂਟ ਕੀਤੀਆਂ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਟੇਟ ਐਵਾਰਡੀ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਡਾ. ਅਜੀਤ ਸਿੰਘ ਜੋ ਕਿ ਅੱਜਕਲ੍ਹ ਵਿਦੇਸ਼ ਰਹਿ ਰਹੇ ਹਨ, ਨੇ ਲੰਬਾ ਸਮਾਂ ਸਿੱਖਿਆ ਵਿਭਾਗ ਵਿਚ ਸਰਵਿਸ ਕੀਤੀ। ਉਹ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿਚ 5 ਪੁਸਤਕਾਂ ਪਾ ਚੁੱਕੇ ਹਨ। ਉਨ੍ਹਾਂ ਦੀਆਂ ਕੁਝ ਪੁਸਤਕਾਂ ਸ਼ਾਹਮੁਖੀ ਲਿਪੀ ਵਿਚ ਵੀ ਹਨ ਜੋ ਕਿ ਪਾਕਿਸਤਾਨੀ ਪੰਜਾਬ ਦੇ ਸਿੱਖਿਆ ਵਿਭਾਗ ਦੇ ਸਿਲੇਬਸ ਵਿਚ ਸ਼ਾਮਿਲ ਕੀਤੀਆਂ ਹੋਈਆਂ ਹਨ। ਪ੍ਰਿੰਸੀਪਲ ਸ੍ਰੀ ਸਹੋਤਾ ਨੇ ਇਸ ਵਡਮੁੱਲੇ ਯੋਗਦਾਨ ਲਈ ਡਾ. ਅਜੀਤ ਸਿੰਘ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਦਿੰਦੇ ਰਹਿਣ ਦੀ ਆਸ ਪ੍ਰਗਟਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਕੁਲਵਿੰਦਰ ਸਿੰਘ, ਵਿਵੇਕ ਕਪੂਰ, ਨਵਦੀਪ ਕੱਕੜ, ਸਵਰਨਜੀਤ ਸਿੰਘ, ਰਾਜਿੰਦਰ ਸਿੰਘ ਆਦਿ ਮੌਜੂਦ ਸਨ।

