ਸਰੀ, 9 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਗੁਲਾਟੀ ਪਬਲਿਸ਼ਰਜ਼ ਲਿਮਟਿਡ, ਸਰੀ ਵਿਖੇ ਸਾਹਿਤਕ ਮਿਲਣੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੇ ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।
ਇਸ ਮੌਕੇ ਮੋਹਨ ਗਿੱਲ, ਅੰਗਰੇਜ਼ ਬਰਾੜ, ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਹਰਦਮ ਮਾਨ ਅਤੇ ਪਰਮਜੀਤ ਸੇਖੋ ਨੇ ਜਰਨੈਲ ਸਿੰਘ ਸੇਖਾ ਨਾਲ ਸਾਹਿਤਕ ਸਾਂਝ ਅਤੇ ਉਨ੍ਹਾਂ ਦੇ ਲੰਮੇ ਰਚਨਾਤਮਕ ਸਫ਼ਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨੇਹ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ। ਜਰਨੈਲ ਸਿੰਘ ਸੇਖਾ ਦੀ ਸਾਹਿਤਕ ਦੇਣ ਬਾਰੇ ਗੱਲਬਾਤ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ. ਸੇਖਾ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਰਚਨਾ ਵਿੱਚ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਯਾਦਾਂ ਦੇ ਨਾਲ ਨਾਲ ਪਰਵਾਸੀ ਜੀਵਨ ਦੀਆਂ ਜਟਿਲਤਾਵਾਂ, ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ, ਸਮਾਜਿਕ ਤਬਦੀਲੀਆਂ ਅਤੇ ਨਵੇਂ ਮਾਹੌਲ ਵਿੱਚ ਵਸਣ ਵਾਲੇ ਪੰਜਾਬੀ ਮਨੁੱਖ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਮਿਲਦੀ ਹੈ।
ਜਰਨੈਲ ਸਿੰਘ ਸੇਖਾ ਦਾ ਸਾਹਿਤਕ ਸਫ਼ਰ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਕੈਨੇਡਾ ਦੀ ਧਰਤੀ ਤੱਕ ਪਹੁੰਚਿਆ। ਅਧਿਆਪਕ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਕੈਨੇਡਾ ਆ ਕੇ ਉਨ੍ਹਾਂ ਨੇ ਪਰਵਾਸੀ ਜੀਵਨ ਦੇ ਤਜਰਬਿਆਂ ਨੂੰ ਬੜੀ ਨੇੜਿਓਂ ਮਹਿਸੂਸ ਕੀਤਾ। ਇਹ ਤਜਰਬੇ ਬਾਅਦ ਵਿੱਚ ਉਨ੍ਹਾਂ ਦੀ ਰਚਨਾ ਦਾ ਮਹੱਤਵਪੂਰਨ ਹਿੱਸਾ ਬਣੇ। ਉਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਜੀਵਨ, ਲੋਕਾਂ ਅਤੇ ਸਮਾਜਿਕ ਵਰਤਾਰਿਆਂ ਨੂੰ ਗਹੁ ਨਾਲ ਦੇਖਿਆ ਅਤੇ ਉਨ੍ਹਾਂ ਨੂੰ ਕਹਾਣੀਆਂ ਤੇ ਨਾਵਲਾਂ ਦੇ ਰੂਪ ਵਿੱਚ ਪੇਸ਼ ਕੀਤਾ।
ਸ. ਸੇਖਾ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ‘ਦੁਨੀਆ ਕੈਸੀ ਹੋਈ’, ‘ਭਗੌੜਾ’, ‘ਆਪਣਾ ਆਪਣਾ ਸੁਰਗ’, ‘ਭਗੌੜਾ’, ‘ਦੁੱਲੇ ਦੀ ਬਾਰ ਤੱਕ’, ‘ਵੈਨਕੂਵਰ ਸੇ ਲਾਇਲਪੁਰ’, ‘ਬੇਗਾਨੇ’, ‘ਵਿਗੋਚਾ’ ‘ਨਾਬਰ’ ‘ਚੇਤੇ ਵਿਚ ਉੱਕਰੇ ਚਿਹਰੇ’ ਆਦਿ ਸ਼ਾਮਲ ਹਨ। ਉਨ੍ਹਾਂ ਦੀ ਆਤਮਕਥਾ ‘ਕੰਡਿਆਰੇ ਪੰਧ’ ਉਨ੍ਹਾਂ ਦੇ ਜੀਵਨ, ਸੰਘਰਸ਼ ਅਤੇ ਸਾਹਿਤਕ ਸਫ਼ਰ ਦਾ ਮਹੱਤਵਪੂਰਨ ਦਸਤਾਵੇਜ਼ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਲਿਖਤਾਂ ਵਿੱਚ ਪਰਵਾਸ ਦੀ ਪੀੜ ਦੇ ਨਾਲ-ਨਾਲ ਆਪਣੀ ਮਿੱਟੀ, ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਤਾਂਘ ਵੀ ਪ੍ਰਮੁੱਖ ਰੂਪ ਵਿੱਚ ਉਭਰਦੀ ਹੈ।
ਜਰਨੈਲ ਸਿੰਘ ਸੇਖਾ ਦੀ ਦੇਣ ਸਿਰਫ਼ ਇੱਕ ਨਾਵਲਕਾਰ ਜਾਂ ਕਹਾਣੀਕਾਰ ਵਜੋਂ ਹੀ ਨਹੀਂ ਹੈ। ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਉਹ ਲੰਮੇ ਸਮੇਂ ਤੋਂ ਯਤਨਸ਼ੀਲ ਰਹੇ ਹਨ। ਸਾਹਿਤਕ ਸਮਾਗਮਾਂ, ਵਿਚਾਰ ਗੋਸ਼ਟੀਆਂ ਅਤੇ ਪੰਜਾਬੀ ਸਾਹਿਤ ਨਾਲ ਸਬੰਧਤ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਨੇ ਇੱਥੋਂ ਦੇ ਪੰਜਾਬੀ ਸਾਹਿਤਕ ਮਾਹੌਲ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਹੈ।
93ਵੇਂ ਜਨਮ ਦਿਨ ਮੌਕੇ ਹੋਈ ਇਹ ਮਿਲਣੀ ਇੱਕ ਪਾਸੇ ਜਿੱਥੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਦਾ ਮੌਕਾ ਸੀ, ਉੱਥੇ ਦੂਜੇ ਪਾਸੇ ਪੰਜਾਬੀ ਸਾਹਿਤ ਦੇ ਇੱਕ ਲੰਮੇ ਅਤੇ ਮਹੱਤਵਪੂਰਨ ਸਫ਼ਰ ਨੂੰ ਯਾਦ ਕਰਨ ਦਾ ਮੌਕਾ ਵੀ ਬਣੀ। ਕੇਕ ਕੱਟਣ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਨ ਦੀ ਰਸਮ ਤੋਂ ਬਾਅਦ ਸਮੁੱਚਾ ਮਾਹੌਲ ਸਾਹਿਤਕ ਗੱਲਬਾਤ, ਯਾਦਾਂ ਅਤੇ ਆਪਸੀ ਸਨੇਹ ਨਾਲ ਭਰਿਆ ਰਿਹਾ। ਇਸ ਸਾਦਗੀ ਭਰੀ ਮਿਲਣੀ ਵਿੱਚੋਂ ਇਹ ਅਹਿਸਾਸ ਵੀ ਉਭਰਿਆ ਕਿ ਸਾਹਿਤਕਾਰ ਦਾ ਜਨਮ ਦਿਨ ਕੇਵਲ ਉਸ ਦੀ ਉਮਰ ਦਾ ਇੱਕ ਹੋਰ ਵਰ੍ਹਾ ਪੂਰਾ ਹੋਣਾ ਨਹੀਂ, ਸਗੋਂ ਉਸ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦਿੱਤੇ ਸਮੇਂ, ਤਜਰਬੇ ਅਤੇ ਸਿਰਜਣਾ ਨੂੰ ਯਾਦ ਕਰਨ ਦਾ ਮੌਕਾ ਹੁੰਦਾ ਹੈ। ਸਾਰੇ ਲੇਖਕ ਮਿੱਤਰਾਂ ਦਾ ਕਹਿਣਾ ਸੀ ਕਿ ਜਰਨੈਲ ਸਿੰਘ ਸੇਖਾ ਵਰਗੇ ਸਾਹਿਤਕਾਰਾਂ ਦੀ ਮੌਜੂਦਗੀ ਹੀ ਕਿਸੇ ਸਾਹਿਤਕ ਸਮਾਜ ਲਈ ਇੱਕ ਵੱਡੀ ਦੌਲਤ ਹੈ। ਸਭ ਨੇ ਕਾਮਨਾ ਕੀਤੀ ਕਿ ਸ. ਸੇਖਾ ਦੀ ਕਲਮ ਸਿਹਤਮੰਦ ਰਹੇ, ਉਨ੍ਹਾਂ ਦੀ ਸਿਰਜਣਾ ਦਾ ਸਫ਼ਰ ਜਾਰੀ ਰਹੇ ਅਤੇ ਪੰਜਾਬੀ ਸਾਹਿਤ ਦੀ ਇਹ ਰੌਸ਼ਨ ਮਿਸ਼ਾਲ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸੇ ਤਰ੍ਹਾਂ ਜਗਦੀ ਰਹੇ।

