ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਵਨਵਾਲਾ/ਘਣੀਆ ਵਾਲਾ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਖੇਡ ਮੁਕਾਬਲੇ 2026-27 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਕੁੱਲ 8 ਸੋਨ ਤਗਮੇ, 5 ਚਾਂਦੀ ਦੇ ਤਗਮੇ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀਆਂ ਦੀ ਟੀਮ ਨੇ ਅੰਡਰ-14 ਰੱਸਾਕਸ਼ੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਅੰਡਰ-14 ਜਿਮਨਾਸਟਿਕਸ, ਅੰਡਰ-14 ਹੈਂਡਬਾਲ, ਅੰਡਰ-17 ਰੱਸਾਕਸ਼ੀ ਅਤੇ ਅੰਡਰ-19 ਬੈਡਮਿੰਟਨ ਵਿੱਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦੇ ਤਗਮੇ ਜਿੱਤੇ।ਇਸੇ ਤਰਾਂ ਹੀ ਲੜਕਿਆਂ ਦੀ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੰਡਰ-14 ਹੈਂਡਬਾਲ, ਅੰਡਰ-14 ਗਤਕਾ, ਅੰਡਰ-14 ਰੱਸਾਕਸ਼ੀ, ਅੰਡਰ-17 ਹੈਂਡਬਾਲ, ਅੰਡਰ-17 ਪਾਵਰ ਲਿਫਟਿੰਗ, ਅੰਡਰ-19 ਹੈਂਡਬਾਲ ਅਤੇ ਅੰਡਰ-19 ਰੱਸਾਕਸ਼ੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਅੰਡਰ-19 ਬੈਡਮਿੰਟਨ ਵਿੱਚ ਚਾਂਦੀ ਦਾ ਤਗਮਾ ਅਤੇ ਅੰਡਰ-14 ਗਤਕਾ ਅਤੇ ਅੰਡਰ-19 ਸ਼ਤਰੰਜ ਵਿੱਚ ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦੀ ਝੋਲੀ ਹੋਰ ਉਪਲਬਧੀਆਂ ਨਾਲ ਭਰ ਦਿੱਤੀ। ਸਕੂਲ ਦੇ ਚੇਅਰਪਰਸਨ ਸ਼ੀਮਤੀ ਚਰਨਜੀਤ ਕੌਰ ਗਿੱਲ ਨੇ ਇਸ ਸ਼ਾਨਦਾਰ ਸਫ਼ਲਤਾ *ਤੇ ਸਮੂਹ ਖਿਡਾਰੀਆਂ, ਖੇਡ ਅਧਿਆਪਕਾਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਨਿਰੰਤਰ ਮਿਹਨਤ ਦਾ ਨਤੀਜਾ ਹੈ। ਉਹਨਾਂ ਨੇ ਆਸ ਪ੍ਰਗਟਾਈ ਕਿ ਸਕੂਲ ਦੇ ਖਿਡਾਰੀ ਆਉਣ ਵਾਲੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ।

