ਫਰੀਦਕੋਟ, 10 ਅਗਸਤ (ਵਰਲਡ ਪੰਜਾਬੀ ਟਾਈਮਜ਼)
ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਪਿਛਲੇ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਮਿਲਿੰਗ ਅਤੇ ਚੌਲਾਂ ਦੀ ਡਿਲੀਵਰੀ ਦੇ ਬਕਾਇਆ ਕੰਮ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਉਂਦਿਆਂ ਸਰਕਾਰ ਤੋਂ ਇਸ ਸਬੰਧੀ ਸਪੱਸ਼ਟ ਜਾਣਕਾਰੀ ਅਤੇ ਬਕਾਇਆ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਖਰੀਫ਼ ਸੀਜ਼ਨ 2025-26 ਦੌਰਾਨ ਕੇਂਦਰੀ ਪੂਲ ਵਿੱਚ ਕੁੱਲ 105 ਲੱਖ ਮੀਟ੍ਰਿਕ ਟਨ ਚੌਲ ਡਿਲੀਵਰ ਕੀਤੇ ਜਾਣੇ ਸਨ। ਇਨ੍ਹਾਂ ਵਿੱਚੋਂ 7 ਅਗਸਤ 2026 ਤੱਕ 85.79 ਲੱਖ ਮੀਟ੍ਰਿਕ ਟਨ, ਭਾਵ 81.21 ਫੀਸਦੀ ਚੌਲ ਡਿਲੀਵਰ ਕੀਤੇ ਜਾ ਚੁੱਕੇ ਹਨ।
ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਸਰਕਾਰ ਅਨੁਸਾਰ ਬਕਾਇਆ ਚੌਲਾਂ ਦੀ ਡਿਲੀਵਰੀ ਦਾ ਮੁੱਖ ਕਾਰਨ ਐਫ.ਸੀ.ਆਈ. ਕੋਲ ਸਟੋਰੇਜ ਸਪੇਸ ਦੀ ਘਾਟ ਹੈ। ਇਸ ਦੇ ਮੱਦੇਨਜ਼ਰ ਝੋਨੇ ਦੀ ਮਿਲਿੰਗ ਅਤੇ ਚੌਲਾਂ ਦੀ ਡਿਲੀਵਰੀ ਦੀ ਮਿਆਦ 30 ਜੂਨ ਤੋਂ ਵਧਾ ਕੇ 30 ਸਤੰਬਰ 2026 ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਲ ਐਫ.ਸੀ.ਆਈ. ਦੀ ਸਟੋਰੇਜ ਸਮਰੱਥਾ ਵਧਾਉਣ ਦੇ ਨਾਲ-ਨਾਲ ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਹਰ ਮਹੀਨੇ ਘੱਟੋ-ਘੱਟ 11 ਲੱਖ ਮੀਟ੍ਰਿਕ ਟਨ ਚੌਲਾਂ ਦੀ ਮੂਵਮੈਂਟ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਵੇਂ ਝੋਨੇ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਿਛਲੇ ਸੀਜ਼ਨ ਨਾਲ ਸਬੰਧਤ ਸਾਰਾ ਬਕਾਇਆ ਕੰਮ ਮੁਕੰਮਲ ਹੋਣਾ ਬੇਹੱਦ ਜ਼ਰੂਰੀ ਹੈ। ਇਸ ਨਾਲ ਕਿਸਾਨਾਂ, ਆੜ੍ਹਤੀਆਂ, ਰਾਈਸ ਮਿਲਰਾਂ ਅਤੇ ਖਰੀਦ ਏਜੰਸੀਆਂ ਨੂੰ ਨਵੇਂ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲ ਸਬੰਧਤ ਹਰ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਪੂਰੀ ਗੰਭੀਰਤਾ ਨਾਲ ਉਠਾਇਆ ਜਾਂਦਾ ਰਹੇਗਾ ਅਤੇ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦੀ ਸਮੇਂ ਸਿਰ ਖਰੀਦ, ਲਿਫਟਿੰਗ, ਮਿਲਿੰਗ ਅਤੇ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ।
