ਜ਼ਿੰਦਗੀ ਤੋਂ ਉਪਰਾਮ ਕਿਉਂ ਹੋ ?
ਚਲੋ ਕਿ ਮਰਨ ਮੁਲਤਵੀ ਕਰੀਏ ।
ਜ਼ਿੰਦਗੀ ਦੇ ਦਰਬਾਰ ‘ਚ ਜਾ ਕੇ ਦਸਤਕ ਦੇਈਏ ।
ਚਲੋ ਚਲੋ ਹੁਣ
ਮੌਤ ਬਸਤੀਓਂ ਬਾਹਰ ਨਿਕਲੋ ।
ਜਿਉਣ ਨਗਰ ਦੀ ਧਰਤੀ ਉੱਪਰ ਕਿੰਨੀਆਂ ਬਾਹਾਂ ।
ਠੰਢੀ ਪੌਣ ਹਵਾ ਦੇ ਬੁੱਲੇ ।
ਖਿੜੇ ਗੁਲਾਬ ਕਿਆਰੀਆਂ ਭਰੀਆਂ,
ਪੱਕੇ ਫ਼ਲ ਤੇ ਮਿੱਠੜੇ ਮੇਵੇ ।
ਖੇਤਾਂ ਵਿਚ ਲਹਿਰਾਉਂਦੀਆਂ ਫ਼ਸਲਾਂ,
ਸੂਰਜ ਦੀ ਟਿੱਕੀ ।
ਤੇ ਖਿੜਦੀ ਚੰਨ ਚਾਨਣੀ,
ਸਿਰਫ਼ ਤੁਹਾਨੂੰ ਲੱਭ ਰਹੀਆਂ ਨੇ ।
ਅੰਨ੍ਹੇ ਖੂਹ ‘ਚੋਂ ਬਾਹਰ ਆਓ।
ਗੋਲ-ਦੀਵਾਰੀ ਅੰਦਰ ਤਾਂ ਬਈ
ਨੇਰ੍ਹ ਬੜਾ ਹੈ ।
ਹੱਥ ਨੂੰ ਹੱਥ ਪਛਾਣੇ ਕਿੱਦਾਂ,
ਕੱਲ੍ਹੇ ਨੂੰ ਗਲਵੱਕੜੀ
ਏਥੇ ਕਿਹੜਾ ਪਾਵੇ ।
ਬਾਹਰ ਆਓ ।
ਇਸ ਘੁਰਨੇ ਵਿਚ ਸਹਿਮ ਬੜਾ ਹੈ ।
ਮੋਈਆਂ ਰੀਝਾਂ,
ਬਦਬੂਦਾਰ ਅਧੂਰੇ ਸੁਪਨੇ,
ਲੀਰੋ ਲੀਰ ਉਦਾਸ ਜਿਹਾ ਮਨ ।
ਤੇਜ਼ ਹਥੌੜਾ ਠਾਹ ਠਾਹ ਵੱਜੇ ।
ਟੋਟੇ ਟੋਟੇ ਕੰਕਰ ਕੰਕਰ
ਮਨ ਦਾ ਬਰਤਨ ।
ਸਾਬਤ ਕਦਮਾਂ ਨਾਲ ਤੁਰਦਿਆਂ,
ਜ਼ਿੰਦਗੀ ਦੇ ਬੂਹੇ ਤੇ ਆਓ ।
ਦਸਤਕ ਦੇਵੋ ।
ਜ਼ਿੰਦਗੀ ਮੌਤ ਵਿਚਾਲੇ
ਬਹੁਤਾ ਫ਼ਰਕ ਨਹੀਂ ਹੈ ।
ਇੱਕ ਅਣਦਿਸਦੀ ਤਾਰ ਜਿਹੀ ਹੈ ।
ਜੁੜੀ ਰਹੇ ਤਾਂ ਮਨ ਦੇ ਘੋੜੇ,
ਕਦੇ ਨਾ ਅੱਕਦੇ ਕਦੇ ਨਾ ਥੱਕਦੇ ।
ਟੁੱਟ ਜਾਵੇ ਤਾਂ ਆਪਣਾ ਆਪਾ
ਵਾਧੂ ਲੱਗਦਾ ।
ਆਪਣਾ ਹੀ ਪਰਛਾਵਾਂ
ਖੁਦ ਨੂੰ ਇਉਂ ਲੱਗਦਾ ਹੈ,
ਜਿਵੇਂ ਕੋਈ ਬਦ-ਰੂਹ ਹੈ
ਮੇਰਾ ਪਿੱਛਾ ਕਰਦੀ ।
ਕੰਧਾਂ ਦੇ ਘਸਮੈਲੇ ਰੰਗ ਤੋਂ,
ਭੈਅ ਆਉਂਦਾ ਹੈ ।
ਬਣਦੀ ਮਿਟਦੀ ਸ਼ਕਲ ਡਰਾਉਂਦੀ ।
ਨੇਰ੍ਹੇ ਦਾ ਸੰਸਾਰ ਵਚਿੱਤਰ
ਆਦਮ-ਖਾਣਾ ।
ਚਲੋ ਉਦਾਸੀ ਵੇਸ ਨੂੰ ਬਦਲੋ ।
ਮੂੰਹ ਵਿਚ ਦਾਤਣ,
ਸਿਰ ਵਿਚ ਕੰਘਾ
ਨ੍ਹਾਵੋ ਧੋਵੋ ।
ਇਹ ਸੂਰਜ ਇਹ ਤਾਰੇ ਖਿੱਤੀਆਂ,
ਚੰਦਰਮਾ ਚਾਂਦੀ ਦਾ ਪਹੀਆ ।
ਦਿਨ ਤੇ ਰਾਤ ਦਿਵਸ ਦੇ ਗੇੜੇ ।
ਧਰਤੀ ਮਾਂ ਦੀ ਕੁੱਖ ‘ਚੋਂ
ਪੈਦਾ ਅੰਨ ਦੇ ਦਾਣੇ ।
ਜੰਤ ਜਨੌਰ ਪਰਿੰਦੇ ਸਾਰੇ ।
ਉੱਡਣੇ ਪੁਡਣੇ ਰੀਂਘਣ ਹਾਰੇ ।
ਵੰਨ ਸੁਵੰਨੇ ਵਣ ਤ੍ਰਿਣ ਬੂਟੇ
ਸਤਰੰਗੀ ਅਸਮਾਨ ਦੀ ਲੀਲ੍ਹਾ ।
ਜਿੰਨਾ ਕੁਝ ਧਰਤੀ ਤੇ ਵਿਛਿਆ,
ਅੱਖਾਂ ਖੋਲ੍ਹੋ ਅਤੇ ਨਿਹਾਰੋ ।
ਕਿੰਨੇ ਗਿਆਨ ਧਿਆਨ ਫ਼ਲਸਫ਼ੇ,
ਵਿਚ ਕਿਤਾਬਾਂ ਕੈਦ ਪਏ ਨੇ ।
ਅੱਖਰ ਅੱਖਰ
ਪੌੜੀ ਪੌੜੀ ਚੜ੍ਹਦੇ ਜਾਓ ।
ਸੋਚਾਂ ਦੀ ਮਮਟੀ ਤੇ
ਸੁਰਖ ਚਿਰਾਗ ਬਲੇਗਾ ।
ਮਨ-ਅੰਧਿਆਰਾ
ਗਹਿਰ ਗੁਬਾਰਾ ਦੂਰ ਹਟੇਗਾ ।
ਇਸ ਜੀਵਨ ਨੇ ਫਿਰ ਨਹੀਂ ਆਉਣਾ ।
ਇਕ ਇਕ ਕਰਕੇ ਰੋਜ਼ਾਨਾ ਹੀ,
ਕਿੰਨਾ ਵਕਤ ਪਹਿਰ ਤੇ ਘੜੀਆਂ,
ਹੱਥਾਂ ਵਿਚੋਂ ਕਿਰਦੇ ਜਾਂਦੇ ।
ਜਿਸ ਨੂੰ ਲੋਕੀਂ ਉਮਰਾ ਕਹਿੰਦੇ,
ਇਹ ਤਾਂ ਵੀਰੋ ਉਹ ਪੂੰਜੀ ਹੈ,
ਜਿਸ ਨੂੰ ਆਪਾਂ ਖ਼ਰਚ ਲਿਆ ਹੈ ।
ਗਿਣਤੀ ਮਿਣਤੀ ਕਰਕੇ ਵੇਖੋ,
ਇੱਟਾਂ ਗਾਰੇ ਲੱਕੜੀ ਖਾਤਰ,
ਕਿੰਨਾ ਵਕਤ ਗੁਆਚ ਗਿਆ ਹੈ ।
ਮੋਹ ਮਮਤਾ ਦੀਆਂ
ਤੰਦਾਂ ਨੂੰ ਮਜ਼ਬੂਤ ਕਰਦਿਆਂ,
ਕਿੰਨੀ ਅਉਧ ਵਿਅਰਥ ਗੁਆਈ ।
ਚਲੋ ਅਜੇ ਵੀ ਸੰਭਲ ਜਾਈਏ,
ਡੁੱਲ੍ਹੇ ਬੇਰ ਇਕੱਠੇ ਕਰਕੇ ਆਓ ਧੋਈਏ ।
ਚਲੋ ਚਲੀ ਦੇ ਮੇਲੇ ਅੰਦਰ,
ਕੁਝ ਪਲ ਆਪਣੇ ਕੋਲ ਖਲੋਈਏ ।
▪️ਗੁਰਭਜਨ ਗਿੱਲ

