ਸਾਚੀ ਸਾਖੀ ਦਾ ਅਸਲੀ ਸੱਚ ਪੁਸਤਕ ਬਾਰੇ ਗੰਭੀਰ ਮੰਥਨ
ਸੰਗਰੂਰ 11 ਅਗਸਤ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੰਜ ਪੁਸਤਕਾਂ ਦੇ ਰਚੈਤਾ ਸ਼ਾਇਰ ਏ.ਪੀ. ਸਿੰਘ ਦੇ ਜਨਮ ਦਿਵਸ ਅਵਸਰ ਤੇ ਪੁਸਤਕ ਚਰਚਾ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਸੰਪਾਦਤ ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ’ ਤੇ ਗੰਭੀਰ ਮੰਥਨ ਹੋਇਆ। ਉੱਘੇ ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਰਚਿਤ ਸਾਚੀ ਸਾਖੀ ਦੇ ਵਿਭਿੰਨ ਪਹਿਲੂਆਂ ਦਾ ਵਿਸ਼ਲੇਸ਼ਣ ਕਰਦੀ ਇਸ ਪੁਸਤਕ ਵਿੱਚ ਉਤਕ੍ਰਿਸ਼ਟ ਵਿਦਵਾਨਾਂ ਦੇ ਆਰਟੀਕਲ ਸੰਮਿਲਤ ਕੀਤੇ ਗਏ ਹਨ। ਡਾ. ਤੇਜਵੰਤ ਮਾਨ ਦੇ ਆਸ਼ੀਰਵਾਦ ਨਾਲ ਅਤੇ ਏ.ਪੀ. ਸਿੰਘ ਦੇ ਸ਼ਬਦ ਗਾਇਨ, ਤੇ ਭੋਲਾ ਸਿੰਘ ਸੰਗਰਾਮੀ ਦੇ ਗੀਤ ਨਾਲ ਆਰੰਭ ਹੋਏ ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਕੀਤੀ। ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਸਨ। ਡਾ. ਤੇਜਾ ਸਿੰਘ ਤਿਲਕ ਨੇ ਪੇਪਰ ਪੜਿਆ ਤੇ ਪੁਸਤਕ ਨੂੰ ਬਹੁਮੁੱਲਾ ਦਸਤਾਵੇਜ ਦੱਸਿਆ। ਮੁੱਖ ਬੁਲਾਰੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਨੇ ਪੁਸਤਕ ਬਾਰੇ ਗੰਭੀਰ ਨੁਕਤਿਆਂ ਨੂੰ ਉਭਾਰਦੇ ਹੋਏ ਕਿਹਾ ਕਿ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਨੂੰ ਸਹੀ ਪਰਿਪੇਖ ਵਿੱਚ ਪ੍ਰਸਤੁਤ ਕੀਤਾ ਗਿਆ ਹੈ। ਕਾਮਰੇਡ ਬਸ਼ੇਸ਼ਰ ਰਾਮ ਨੇ ਪੁਸਤਕ ਨੂੰ ਅਜੋਕੇ ਪ੍ਰਸੰਗ ਦੀ ਬਹੁਮੁੱਲੀ ਰਚਨਾ ਦੱਸਦੇ ਹੋਏ ਕਿਹਾ ਕਿ ਭਾਵੇਂ ਸਿਰਦਾਰ ਕਪੁਰ ਸਿੰਘ ਦੇ ਕੁੱਝ ਨੁਕਤਿਆਂ ਨਾਲ ਅਸਿਹਮਤੀ ਹੈ, ਪਰ ਇਹ ਪੁਸਤਕ ਸੰਤੁਲਿਤ ਸੋਚ ਨੂੰ ਪ੍ਰਗਟਾਉਂਦੀ ਹੈ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ‘ਸਿਰਦਾਰ ਕਪੂਰ ਸਿੰਘ ਇੱਕ ਮਹਾਨ ਵਿਦਵਾਨ ਸਨ, ਉਨ੍ਹਾਂ ਦਾ ਗਿਆਨ ਵਿਸ਼ਾਲ ਅਤੇ ਬਹੁਪੱਖੀ ਸੀ। ਉਹ ਗਿਆਨ ਦੇ ਕੁਦਰਤੀ ਵਿਕਾਸ ਵਿੱਚ ਯਕੀਨ ਰੱਖਦੇ ਸਨ। ਉਨ੍ਹਾਂ ਨੇ ਵੇਦਾਂ, ਗੀਤਾਠ ਬੁੱਧ ਧਰਮ, ਇਸਾਈ ਧਰਮ, ਇਸਲਾਮ ਅਤੇ ਹੋਰ ਫ਼ਲਸਫ਼ਿਆਂ ਦਾ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ। ਇਸ ਡੂੰਘੇ ਅਤੇ ਤੁਲਨਾਤਮਿਕ ਅਧਿਐਨ ਤੋਂ ਹੀ ਉਨ੍ਹਾਂ ਦੀ ਇਹ ਭਾਵਨਾ ਬਣੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਗਿਆਨ ਦੇ ਸਿਖਰ ਦੀ ਪ੍ਰਤੀਨਿੱਧਤਾ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ, ਸਦੀਵੀਂ ਸੱਚ ਅਤੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਵਿਲੱਖਣ ਹਨ, ਭਾਰਤ ਇੱਕ ਬਹੁਕੌਮੀ ਅਤੇ ਬਹੁਧਰਮੀ ਦੇਸ਼ ਹੈ, ਇਸ ਲਈ ਅਨੇਕਤਾ ਵਿੱਚ ਏਕਤਾ ਦਾ ਸਿਧਾਂਤ ਬਹੁਤ ਸਾਰਥਿਕ ਤੇ ਮਹੱਤਵਪੂਰਨ ਹੈ। ਅੱਜ ਪੰਜਾਬ ਬੌਧਿਕ ਕੰਗਾਲੀ ਅਤੇ ਉਜੱਡਵਾਦ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਅਜਿਹੀ ਸਥਿਤੀ ਵਿੱਚ ਸਰਦਾਰ ਕਪੂਰ ਵਰਗੇ ਵਿਦਵਾਨ ਦੀ ਇਤਿਹਾਸਿਕ ਭੂਮਿਕਾ ਨੂੰ ਸਮਝਣ ਦੀ ਬਹੁਤ ਜਰੂਰਤ ਹੈ, ਉਨ੍ਹਾਂ ਦੇ ਵਿਸ਼ਾਲ ਅਤੇ ਬਹੁਪੱਖੀ ਗਿਆਨ ਦੀ ਇੱਕ ਉਦਾਹਰਣ ਇਹ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਜਿੰਨੀ ਵਾਰੀ ਉਨ੍ਹਾਂ ਨੇ ਵੇਦਾਂ ਅਤੇ ਗੀਤਾ ਦਾ ਹਵਾਲਾ ਦਿੱਤਾ ਹੈ, ਉਹ ਇੱਕ ਰਿਕਾਰਡ ਹੈ, ਉਨ੍ਹਾਂ ਦੇ ਆਨੰਦਪੁਰਸਾਹਿਬ ਦਾ ਮਤਾ ਲਿਖਣ ਪਿੱਛੇ ਵੱਖਵਾਦੀ ਭਾਵਨਾ ਨਹੀਂ ਸੀ। ਸਗੋਂ ਅਨੇਕਤਾ ਵਿੱਚ ਏਕਤਾ ਦਾ ਸਿਧਾਂਤ ਹੈ। ਡਾ. ਭਗਵੰਤ ਸਿੰਘ ਹੁਰਾਂ ਨੇ ਸਰਦਾਰ ਕਪੂਰ ਸਿੰਘ ਦੇ ਫੈਡਰਲ ਢਾਂਚੇ ਬਾਰੇ, ਅਤੇ ਉਨ੍ਹਾਂ ਦੇ ਫਲਸਫੇ ਦੀਆਂ ਬਰੀਕੀਆਂ ਨੂੰ ਬਹੁਤ ਸੁਚੱਜੇ ਢੰਗ ਨਾਲ ਇਸ ਪੁਸਤਕ ਵਿੱਚ ਪ੍ਰਗਟਾਇਆ ਹੈ। ਵਿਸ਼ੇਸ਼ ਮਹਿਮਾਨ ਜੋਗਿੰਦਰ ਕੌਰ ਅਗਨੀਹੋਤਰੀ ਤੇ ਅਨੋਖ ਸਿੰਘ ਵਿਰਕ ਨੇ ਬਹਿਸ ਵਿੱਚ ਹਿੱਸਾ ਲਿਆ। ਬਲਵੰਤ ਸਿੰਘ ਜੋਗਾ, ਡਾ. ਰਜੀਵ ਪੁਰੀ, ਸੁਰਿੰਦਰਪਾਲ ਸਿਦਕੀ, ਦਰਬਾਰਾ ਸਿੰਘ ਢੀਂਡਸਾ, ਮੇਘ ਰਾਜ ਬਠਿੰਡਾ, ਬਾਬਾ ਪਿਆਰਾ ਸਿੰਘ, ਹਰਵਿੰਦਰ ਕੌਰ, ਜਗੀਰ ਸਿੰਘ ਰਤਨ, ਡਾ. ਰਾਕੇਸ਼ ਸ਼ਰਮਾ, ਮੋਹੀ ਅਮਰਜੀਤ, ਮਨਜੀਤ ਸਿੰਘ, ਪੂਰਨ ਚੰਦ ਜੋਸ਼ੀ, ਡਾ. ਦਵਿੰਦਰ ਕੌਰ ਐਡਵੋਕੇਟ, ਅਮਰ ਗਰਗ ਕਲਮਦਾਨ, ਪ੍ਰਿੰਸੀਪਲ ਪ੍ਰੇਮ ਲਤਾ, ਦਰਬਾਰ ਸਿੰਘ ਚੱਠੇ ਸੇਖਵਾਂ, ਐਸ.ਐਸ. ਫੁੱਲ, ਗੁਰਨਾਮ ਸਿੰਘ, ਕੁਲਵੰਤ ਕਸਕ, ਸੁਖਦੇਵ ਸਿੰਘ ਔਲਖ ਨੇ ਪੁਸਤਕ/ਪੇਪਰ ਬਾਰੇ ਕਈ ਗੰਭੀਰ ਸਵਾਲ ਉਠਾਏ। ਡਾ. ਤੇਜਾ ਸਿੰਘ ਤਿਲਕ ਨੇ ਇਨ੍ਹਾਂ ਸਵਾਲਾਂ ਦੇ ਤਰਕਸੰਗਤ ਜਵਾਬ ਦਿੱਤੇ । ਡਾ. ਭਗਵੰਤ ਸਿੰਘ ਨੇ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਬਾਰੇ ਗੱਲ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਮਤੇ ਦੇ ਸੰਦਰਭ ਵਿੱਚ ਇਸ ਨੂੰ ਅਜੋਕੀਆਂ ਪ੍ਰਸਥਿਤੀਆਂ ਵਿੱਚ ਬਹੁਤ ਉਪਯੋਗੀ ਦੱਸਿਆ। ਪੰਜਾਬੀ ਸਾਹਿਤ ਸਭਾ ਵੱਲੋਂ ਦਰਬਾਰਾ ਸਿੰਘ ਢੀਂਡਸਾ, ਸੁਖਦੇਵ ਸਿੰਘ ਔਲਖ, ਸੁਰਿੰਦਰਪਾਲ ਸਿੰਘ ਸਿਦਕੀ, ਬਾਬਾ ਪਿਆਰਾ ਸਿੰਘ, ਕੈਪਟਨ ਹਰਕੇਸ਼ ਸਿੰਘ, ਬਬੀਤਾ ਪਟਿਆਲ, ਹਰਵਿੰਦਰ ਕੌਰ, ਅਮਨਦੀਪ ਕੌਰ, ਡਾ. ਤੇਜਾ ਸਿੰਘ ਤਿਲਕ ਤੇ ਪੂਰਨ ਚੰਦ ਜੋਸ਼ੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੂਰਨ ਚੰਦ ਜੋਸ਼ੀ ਅਤੇ ਮੀਤ ਸਕਰੌਦੀ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਪਵਨ ਕੁਮਾਰ ਹੋਸ਼ੀ, ਬਲੀ ਈਲਵਾਲ, ਭੋਲਾ ਸਿੰਘ ਸੰਗਰਾਮੀ, ਧਰਮ ਸਿੰਘ, ਦਲਬਾਰ ਸਿੰਘ, ਜੀ.ਐਸ. ਧਾਲੀਵਾਲ, ਬਹਾਦਰ ਸਿੰਘ ਧੌਲਾ, ਜਗਮੇਲ ਸਿੱਧੂ, ਤਾਰਾ ਸਿੰਘ, ਕਰਨੈਲ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮਾਗਮ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਹਿਤ ਸਭਾ ਆਪਣੇ ਟਿੱਚਿਆਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ। ਗੁਰਨਾਮ ਸਿੰਘ ਨੇ ਬਹੁਤ ਹੀ ਸੁਹਜਮਈ ਢੰਗ ਨਾਲ ਮੰਚ ਸੰਚਾਲਣਾ ਕੀਤੀ। ਕੁਲਵੰਤ ਕਸਕ ਨੇ ਧੰਨਵਾਦ ਕੀਤਾ।

