ਫ਼ਰੀਦਕੋਟ 13 ਅਗਸਤ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਅੱਜ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚਹਿਲ ਅਤੇ ਭਾਣਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 1 ਸਤੰਬਰ ਨੂੰ ਰਾਮ ਲੀਲ੍ਹਾ ਮੈਦਾਨ ਨਵੀਂ ਦਿੱਲੀ ਵਿਖੇ ‘ਬਦਲਾਅ ਜ਼ਰੂਰੀ ਹੈ ‘ ਕੌਮੀ ਰੈਲੀ ਦੀ ਤਿਆਰੀ ਲਈ ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰਦੇ ਹੋਏ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਕਾਰਜਕਾਰੀ ਸਕੱਤਰ ਪ੍ਰੇਮ ਚਾਵਲਾ, ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ , ਨਰੇਗਾ ਰੋਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਕੰਮੇਆਣਾ, ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਫਰੀਦਕੋਟ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਭਾਣਾ ਅਤੇ ਪਾਵਰਕੌਮ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਭਾਗ ਦੌਰਾਨ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲਗਾਤਾਰ ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਲਾਗੂ ਕੀਤਾ ਹੈ। ਮੋਦੀ ਸਰਕਾਰ ਨੇ 29 ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਕੇ ਕਾਰਪੋਰੇਟਾਂ ਦੇ ਹਿੱਤਾਂ ਦੀ ਪੂਰਤੀ ਕੀਤੀ ਹੈ। ਨਰੇਗਾ ਕਾਨੂੰਨ ਖਤਮ ਕਰਕੇ ਨਵਾਂ ਵੀ ਬੀ ਜੀ ਰਾਮ ਜੀ ਕਾਨੂੰਨ ਲਾਗੂ ਕਰ ਦਿੱਤਾ ਹੈ ਅਤੇ ਨਰੇਗਾ ਕਾਮਿਆਂ ਨੂੰ 125 ਦਿਨ ਕੰਮ ਦੇਣ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਦ ਕਿ ਅਸਲ ਵਿੱਚ ਕੰਮ ਮਿਲਣ ਦੇ ਦਿਨ 35-40 ਦਿਨਾਂ ਤੋਂ ਵੱਧ ਨਹੀਂ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਫਿਰਕਾ ਪ੍ਰਸਤੀ ਜਾਤ -ਪਾਤ ਅਤੇ ਨਫਰਤ ਦੀ ਰਾਜਨੀਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਹੈ।ਵੱਖ ਵੱਖ ਵਿਭਾਗਾਂ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ।ਬੇਰੁਜ਼ਗਾਰੀ ਅਤੇ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਵੱਖ ਵੱਖ ਫ਼ਸਲਾਂ ਤੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨੀ ਪਾਸ ਕਰਨ, ਬਨੇਗਾ ਦਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਨ ਤੋਂ ਸਰਕਾਰ ਮੁਨਕਰ ਹੋ ਗਈ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੀ ਬਜਾਏ ਵੱਡੇ ਘਰਾਣਿਆਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ।ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਅੰਦੋਲਨਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ।
ਆਗੂਆਂ ਨੇ ਅੱਗੇ ਕਿਹਾ ਕਿ 1 ਸਤੰਬਰ ਦੀ ਕੌਮੀ ਰੈਲੀ ਮੋਦੀ ਸਰਕਾਰ ਨੂੰ ਲੋਕ ਪੱਖੀ ਫੈਸਲੇ ਲੈਣ ਲਈ ਮਜਬੂਰ ਕਰਨ ਵਾਸਤੇ ਕੀਤੀ ਜਾ ਰਹੀ ਹੈ।
ਆਗੂਆਂ ਨੇ ਐਲਾਨ ਕੀਤਾ ਕਿ 1 ਸਤੰਬਰ 2026 ਨੂੰ ਰਾਮ ਲੀਲਾ ਮੈਦਾਨ ਵਿਖੇ ਹੋ ਰਹੀ ਕੌਮੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਫਰੀਦਕੋਟ ਤੋਂ ਇੱਕ ਵੱਡਾ ਜੱਥਾ ਦਿੱਲੀ ਰੈਲੀ ਵਿੱਚ ਸ਼ਾਮਿਲ ਹੋਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਕੌਰ ਮੇਟ ਚਹਿਲ, ਕਾਮਰੇਡ ਰੇਸ਼ਮ ਸਿੰਘ ਜਿਉਣ ਵਾਲਾ , ਸੁਰਜੀਤ ਸਿੰਘ ,ਗੁਰਦੀਪ ਸਿੰਘ ਮੀਤਾ ਸਿੰਘ,ਜੈ ਸਿੰਘ ਭੋਲਾ ਸਿੰਘ ,ਜੀਤ ਸਿੰਘ , ਸੁਖਦੇਵ ਸਿੰਘ ਗੇਗੀ, ਚੰਦ ਸਿੰਘ ,ਤਰਲੋਚਨ ਸਿੰਘ, ਰੁਲਦੂ ਸਿੰਘ ,ਮੋਂਗਾ ਸਿੰਘ, ਅਸ਼ੋਕ ਕੁਮਾਰ ,ਅਜਮੇਰ ਕੌਰ,ਲਖਵੀਰ ਕੌਰ ,ਮਨਜੀਤ ਕੌਰ ਗੁੱਡੋ ਕੌਰ ਭਾਣਾ, ਰਮਨਦੀਪ ਰਿੰਕੂ ਕੰਮੇਆਣਾ ਅਤੇ ਸਤਨਾਮ ਸਿੰਘ ਕੰਮੇਆਣਾ ਆਦਿ ਹਾਜ਼ਰ ਸਨ।

