
ਪਟਿਆਲਾ, 13 ਅਗਸਤ:(ਵਰਲਡ ਪੰਜਾਬੀ ਟਾਈਮਜ਼)
ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ (ਰਜਿ 196) ਪਟਿਆਲਾ ਪੰਜਾਬ ਨੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਆਪਣੀਆਂ ਮੰਗਾਂ ਬਾਰੇ ਇੱਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਕੀਤੀ। ਇਸ ਮੌਕੇ ਏ ਡੀ ਸੀ (ਜ) ਅਨੁਪ੍ਰਿਤਾ ਜੋਹਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਮੀਟਿੰਗ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ, ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਖੁਰਾਣਾ ਨੇ ਫਰੀਡਮ ਫਾਈਟਰ ਪ੍ਰੀਵਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਟਿਆਲਾ ਦੇ ਮੋਜੂਦਾ ਅਜ਼ਾਦੀ ਘੁਲਾਟੀਏ ਸ. ਮੋਹਕਮ ਸਿੰਘ ਚੌਹਾਨ ਨੂੰ 15 ਅਗਸਤ ਵਾਲੇ ਸਮਾਗਮ ਵਿੱਚ ਮਾਣ ਸਨਮਾਨ ਨਾਲ ਪ੍ਰਸ਼ਾਸਨ ਸਰਕਾਰੀ ਗੱਡੀ ‘ਚ ਕੇ ਲਿਆਇਆ ਜਾਵੇ। ਸੰਸਥਾ ਨੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਾਮ ‘ਤੇ ਇੱਕ ਮੰਗ ਪੱਤਰ ਵੀ ਸੌਂਪਿਆ। ਡੀ ਸੀ ਡਾ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਸੀਂ ਉਨ੍ਹਾਂ ਮਹਾਨ ਅਜ਼ਾਦੀ ਘੁਲਾਟੀਆ ਦੀ ਬਦੌਲਤ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਬਲਾਕ ਪ੍ਰਧਾਨ ਬੇਅੰਤ ਸਿੰਘ, ਬਲਾਕ ਖਜਾਨਚੀ ਜਰਨੈਲ ਸਿੰਘ, ਬਲਾਕ ਪ੍ਰਧਾਨ ਹਰਨਾਮ ਸਿੰਘ, ਸੁਖਜਿੰਦਰ ਸਿੰਘ ਦੇਵੀਗੜ੍ਹ, ਰੇਸ਼ਮ ਸਿੰਘ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ।

