ਸਾਹਿਤਕਾਰਾਂ ਨੇ ਸਾਵਣ ਦੀਆਂ ਰੰਗ-ਬਿਰੰਗੀਆਂ ਰਚਨਾਵਾਂ ਨਾਲ ਬੰਨ੍ਹਿਆ ਸਮਾਂ

‘ ਚੰਡੀਗੜ- 13 ਅਗਸਤ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮ)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ’ ਵੱਲੋਂ ਸਾਵਣ ਦੇ ਸੁਹਾਵਣੇ ਮੌਸਮ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਔਨਲਾਈਨ ਜ਼ੂਮ ਪਲੇਟਫਾਰਮ ਰਾਹੀਂ ਬੜੀ ਸ਼ਾਨੋ-ਸ਼ੌਕਤ ਅਤੇ ਸਾਹਿਤਕ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਤਰਵਿੰਦਰ ਕੌਰ ਖਾਲਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨਾਮਵਰ ਸ਼ਾਇਰ ਹਰਜਿੰਦਰ ਸਿੰਘ ਪਾਤਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਗ਼ਜ਼ਲਗੋਂ ਅਮਰਜੀਤ ਸਿੰਘ ਜੀਤ ਅਤੇ ਨਾਮਵਰ ਸ਼ਾਇਰਾ ਡਾ. ਗੁਰਮਿੰਦਰ ਕੌਰ ਸਿੱਧੂ ਗੈਸਟ ਆਫ਼ ਆਨਰ ਵਿਸ਼ੇਸ਼ ਵੱਜੋਂ ਸ਼ਾਮਲ ਹੋਏ।
ਸਮਾਗਮ ਦੇ ਆਰੰਭ ਵਿੱਚ ਸਭਾ ਦੀ ਸੰਸਥਾਪਕ ਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਮੋਹ-ਭਿੱਜੇ ਸ਼ਬਦਾਂ ਨਾਲ ਸਮੂਹ ਮਹਿਮਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਨਿੱਘਾ ਸਵਾਗਤ ਕੀਤਾ। ਸਭਾ ਦੀ ਸਰਪ੍ਰਸਤ ਅਤੇ ਕੌਮੀ ਤੇ ਰਾਜ ਪੁਰਸਕਾਰ ਵਿਜੇਤਾ ਡਾ. ਗੁਰਚਰਨ ਕੌਰ ਕੋਚਰ ਨੇ ਵੀ ਸਭ ਨੂੰ ਜੀ ਆਇਆਂ ਆਖਿਆ ਅਤੇ ਡਾ. ਰਵਿੰਦਰ ਕੌਰ ਭਾਟੀਆ ਦੇ ਸਮੇਤ ਸਮੁੱਚੀ ਟੀਮ ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਸਾਹਿਤਕ ਸਮਾਗਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਜਿਹੇ ਉਪਰਾਲੇ ਨਿਰੰਤਰ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦਾ ਆਗਾਜ਼ ਨਾਮਵਰ ਗੀਤਕਾਰ ਡਾ. ਮੀਤਾ ਖੰਨਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸੁਰਿੰਦਰ ਕੌਰ ਜੀ ਦਾ ਗੀਤ ਪੇਸ਼ ਕਰਕੇ ਕੀਤੀ। ਇਸ ਉਪਰੰਤ ਪ੍ਰੋ. ਤਰਿੰਦਰ ਕੌਰ ਨੇ ਸਾਵਣ ਨਾਲ ਸਬੰਧਿਤ ਆਪਣੀਆਂ ਛੋਟੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਵੱਖ-ਵੱਖ ਸਾਹਿਤਕਾਰਾਂ ਨੇ ਸਾਵਣ ਦੀ ਰੁੱਤ, ਕੁਦਰਤ, ਪਿਆਰ ਅਤੇ ਮਨੁੱਖੀ ਭਾਵਨਾਵਾਂ ਨਾਲ ਜੁੜੀਆਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮੰਚ ਨੂੰ ਰੰਗੀਨ ਬਣਾ ਦਿੱਤਾ।
ਕਵੀ ਦਰਬਾਰ ਵਿੱਚ ਸਿਮਰਪਾਲ ਕੌਰ ਬਠਿੰਡਾ ,ਮਨਦੀਪ ਕੌਰ ਭਦੌੜ, ਡਾ. ਰਜ਼ਾਕ ਸ਼ਾਹਿਦ, ਪਰਵੀਨ ਕੌਰ ਸਿੱਧੂ, ਅੰਜੂ ਬਾਲਾ, ਵਿਸ਼ਾਖਾ ਪੂਰੀ, ਕੁਲਵਿੰਦਰ ਕੌਰ ਨੰਗਲ , ਡਾ.ਹਰਮੀਤ ਕੌਰ ਮੀਤ, ਅਤੇ ਮਨਿੰਦਰ ਕੌਰ ਬੱਸੀ ਆਦਿ ਸਾਹਿਤਕਾਰਾਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।
ਸਮਾਗਮ ਦਾ ਮੰਚ ਸੰਚਾਲਨ ਸਭਾ ਦੀ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਅਤੇ ਸ਼ਾਇਰਾ ਨੀਤੂ ਸ਼ਾਇਰਾ ਵੱਲੋਂ ਬਾਖੂਬੀ ਕੀਤਾ ਗਿਆ। ਉਨ੍ਹਾਂ ਨੇ ਆਪਣੀ ਸੁਚੱਜੀ ਮੰਚ ਸੰਚਾਲਨ ਕਲਾ ਨਾਲ ਪੂਰੇ ਪ੍ਰੋਗਰਾਮ ਨੂੰ ਲੜੀਬੱਧ ਅਤੇ ਰੌਚਕ ਬਣਾਈ ਰੱਖਿਆ। ਸਭਾ ਦੀ ਮੀਡੀਆ ਸਕੱਤਰ ਸਰਬਜੀਤ ਕੌਰ ਹਾਜੀਪੁਰ ਨੇ ਵੀ ਆਪਣੀ ਰਚਨਾ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ।
ਸਮਾਗਮ ਦੇ ਅੰਤਲੇ ਪੜਾਅ ਵਿੱਚ ਮੁੱਖ ਮਹਿਮਾਨ ਤਰਵਿੰਦਰ ਕੌਰ ਖਾਲਸਾ ਅਤੇ ਪ੍ਰਧਾਨਗੀ ਕਰ ਰਹੇ ਹਰਜਿੰਦਰ ਸਿੰਘ ਪਾਤਰ ਨੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਹਿਤਕਾਰਾਂ ਨੂੰ ਹੱਲਾਸ਼ੇਰੀ ਦਿੱਤੀ। ਵਿਸ਼ੇਸ਼ ਮਹਿਮਾਨ ਡਾ. ਗੁਰਮਿੰਦਰ ਕੌਰ ਸਿੱਧੂ ਨੇ ਵੀ ਪ੍ਰਬੰਧਕਾਂ ਵੱਲੋਂ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਾਹਿਤਕ ਸਮਾਗਮ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਅੰਤ ਵਿੱਚ ਸਭਾ ਦੀ ਸਰਪ੍ਰਸਤ ਡਾ. ਗੁਰਚਰਨ ਕੌਰ ਕੋਚਰ ਅਤੇ ਸੰਸਥਾਪਕ ਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਸਮਾਗਮ ਵਿੱਚ ਸ਼ਾਮਿਲ ਸਮੂਹ ਸਾਹਿਤਕਾਰਾਂ, ਕਵੀਆਂ, ਅਤੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਾਹਿਤਕ ਗਤੀਵਿਧੀਆਂ ਨੂੰ ਹੋਰ ਵਿਸ਼ਾਲ ਪੱਧਰ ’ਤੇ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਸਾਵਣ ਦੀ ਰੁੱਤ ਨੂੰ ਸ਼ਬਦਾਂ, ਸੁਰਾਂ ਅਤੇ ਭਾਵਨਾਵਾਂ ਨਾਲ ਜੋੜਦਾ ਇਹ ਕਵੀ ਦਰਬਾਰ ਸਾਹਿਤ ਪ੍ਰੇਮੀਆਂ ਲਈ ਯਾਦਗਾਰ ਬਣ ਗਿਆ।

