ਸੁਣਿਆ ਸੀ ਕਿ
ਭਾਰਤ ਵਿੱਚ ਬਹੁਤ ਪ੍ਰਦੂਸ਼ਨ ਹੈ
ਜਿਧਰ ਦੇਖੋ ਹਰ ਤਰਫ਼
ਪ੍ਰਦੂਸ਼ਨ ਹੀ ਪ੍ਰਦੂਸ਼ਨ ਫੈਲਿਆ ਹੈ
ਕਿਤੇ ਪੌਣ ਪਾਣੀ ਦਾ ਪ੍ਰਦੂਸ਼ਨ ਹੈ
ਕਿਤੇ ਗੰਧਲੀ ਗੈਸ ਤੇ ਜ਼ਹਿਰੀਲੇ ਧੂੰਏਂ ਦਾ
ਪ੍ਰਦੂਸ਼ਨ ਹੀ ਪ੍ਰਦੂਸ਼ਨ ਹੈ
ਕਿਤੇ ਅਵਾਜ਼ਾਂ ਦੇ ਸ਼ੋਰ ਦਾ
ਪ੍ਰਦੂਸ਼ਨ ਫੈਲਿਆ ਹੈ
ਗੱਲ ਕੀ ਹਰ ਜਗਹ
ਪ੍ਰਦੂਸ਼ਨ ਹੀ ਪ੍ਰਦੂਸ਼ਨ ਹੈ
ਜਿਸਨੇ ਚੌਗਿਰਦੇ ਨੂੰ ਗੰਧਲਾ ਰੱਖਿਆ ਹੈ ।
ਪਰ ਇਹ ਵੀ ਸੁਣਿਆ ਸੀ ਕਿ
ਬਾਹਰਲੇ ਮੁਲਕਾਂ ਵਿੱਚ
ਪ੍ਰਦੂਸ਼ਨ ਦਾ ਨਾਮੋ ਨਿਸ਼ਾਨ ਨਹੀਂ
ਸਾਫ਼ ਸੁਥਰਾ ਮਾਹੌਲ ਹੈ ਹਰ ਪਾਸੇ
ਇੱਥੇ ਆ , ਸਮਾਜ ਵਿੱਚ ਵਿਚਰਦੇ
ਦੇਖਿਆ ਕਿ ਇੱਥੇ ਤਾਂ ਭਾਰਤ ਤੋਂ ਵੀ
ਜ਼ਿਆਦਾ ਪ੍ਰਦੂਸ਼ਨ ਫ਼ੈਲਿਆ ਹੋਇਆ ਹੈ
ਦੇਖਣ ਨੂੰ ਤਾਂ ਬੇਸ਼ਕ ਪ੍ਰਦੂਸ਼ਨ ਕਿਤੇ
ਦਿਖਾਈ ਨਹੀਂ ਦਿੰਦਾ
ਕਹਿੰਦੇ ਨੇ ਨਾ ਕਿ
ਵਾਹ ਪਿਆ ਜਾਣੀਏ ਜਾਂ
ਰਾਹ ਪਿਆ ਜਾਣੀਏ
ਬੇਸ਼ਕ ਚੌਗਿਰਦੇ ਪ੍ਰਦੂਸ਼ਨ ਨਹੀਂ ਦਿਖਦਾ
ਪਰ ਗਹੁ ਨਾਲ ਦੇਖੀਏ ਤਾਂ
ਇਨਸਾਨ ਦੇ ਮਨਾਂ ਅੰਦਰ
ਪ੍ਰਦੂਸ਼ਨ ਹੀ ਪ੍ਰਦੂਸ਼ਨ ਭਰਿਆ ਪਿਆ ਹੈ
ਕਿਸੇ ਅੰਦਰ ਰੁਤਬੇ ਦਾ ਪ੍ਰਦੂਸ਼ਨ
ਕਿਸੇ ਅੰਦਰ ਪੈਸੇ ਦਾ ਪ੍ਰਦੂਸ਼ਨ
ਕਿਸੇ ਅੰਦਰ ਈਰਖਾ ਦਾ ਪ੍ਰਦੂਸ਼ਨ
ਕਿਸੇ ਅੰਦਰ ਵੱਡਾ ਲੇਖਕ ਹੋਣ ਦਾ
ਰਿਸ਼ਤਿਆਂ ਵਿੱਚ ਪਿਆਰ ਦੀ ਜਗਹ
ਪ੍ਰਦੂਸ਼ਨਤਾ ਨੇ ਲਈ ਹੋਈ ਹੈ
ਇਨਸਾਨ ਕੌਲ ਕਰਾਰ ਨਿਭਾਉਣਾ ਵੀ
ਭੁੱਲ ਗਏ ਨੇ
ਇਕ ਦੂਸਰੇ ਨੂੰ ਮਾਣ ਸਤਿਕਾਰ ਤਾਂ ਕੀ ਦੇਣਾ
ਹਰ ਕੋਈ ਇਕ ਦੂਸਰੇ ਨੂੰ
ਨੀਚਾ ਦਿਖਾਉਣ ਤੇ ਲੱਗਾ ਹੈ
ਸਮਝ ਨਹੀਂ ਆਉਂਦੀ ਇਨਸਾਨਾਂ
ਦੇ ਅੰਦਰ ਐਨਾ ਪ੍ਰਦੂਸ਼ਨ ਕਿਉਂ ਹੈ
ਚਿੰਤਾ ਵਿਚ ਗ਼ਰਕ ਹੁੰਦੀ
ਜਾ ਰਹੀ ਹਾਂ ਇਹ ਸੋਚ ਸੋਚ ਕੇ
ਕਿ ਬਾਹਰਲੇ ਪ੍ਰਦੂਸ਼ਨ ਨੂੰ ਤਾਂ ਕਿਸੇ
ਨਾ ਕਿਸੇ ਤਰਾਂ ਕੰਟਰੋਲ ਕੀਤਾ ਜਾਏਗਾ
ਪਰ ਇਨਸਾਨਾਂ ਦੇ ਅੰਦਰ ਫ਼ੈਲੇ
ਪ੍ਰਦੂਸ਼ਨ ਨੂੰ ਕਿਸ ਤਰਾਂ
ਕੰਟਰੋਲ ਕੀਤਾ ਜਾ ਸਕੇਗਾ
ਸੋਚਦੀ ਕਿਸ ਮੁਹੱਬਤ ਦਾ ਤੇਲ
ਲੈ ਜੋਤ ਜਗਾਵਾਂ ਕਿ ਇਨਸਾਨਾਂ ਦੇ
ਅੰਦਰ ਫ਼ੈਲੀ ਪ੍ਰਦੂਸ਼ਨਤਾ ਨੂੰ
ਮੈਂ ਦੂਰ ਕਰ ਸਕਾਂ
ਆਓ ਮਿਲ ਕੇ ਸਾਰੇ ਇਨਸਾਨਾਂ ਦੇ
ਮਨਾਂ ਅੰਦਰ ਪਸਰੇ ਹਨੇਰ ਨੂੰ
ਦੂਰ ਕਰਨ ਦਾ ਯਤਨ ਕਰੀਏ
ਸ਼ਾਇਦ ਇਸ ਫ਼ੈਲੀ ਪ੍ਰਦੂਸ਼ਨਤਾ ਤੇ
ਇਸ ਤਰਾਂ ਕੁਝ ਕੰਟਰੋਲ ਹੋ ਸਕੇ
( ਰਮਿੰਦਰ ਰੰਮੀ )
