ਗੁਰਦੇਵ ਨਿਰਧਨ ਪੰਜਾਬੀ ਗ਼ਜ਼ਲ ਸਾਹਿੱਤ ਵਿੱਚ ਟਕਸਾਲੀ ਹਸਤਾਖਰ ਸਨ। ਆਪਣੇ ਸਮਕਾਲੀ ਤੇ ਨਿਕਟਵਰਤੀ ਲੇਖਕ ਮਿੱਤਰਾਂ ਉਰਦੂ ਸ਼ਾਇਰ ਪ੍ਰੋ. ਆਜ਼ਾਦ ਗੁਲਾਟੀ,ਕੰਵਰ ਚੌਹਾਨ, ਡਾ. ਰਣਧੀਰ ਸਿੰਘ ਚੰਦ, ਤ੍ਰਲੋਕ ਸਿੰਘ ਆਨੰਦ ਤੇ ਸੁਰਜੀਤ ਰਾਮਪੁਰੀ ਦੇ ਅੰਗ ਸੰਗ ਤੁਰਦਿਆਂ ਵੀ ਵੱਖਰੇ ਸ਼ਾਇਰ ਸਨ।
ਉਹ ਉਮਰ ਦਾ ਵੱਡਾ ਹਿੱਸਾ ਨਾਭਾ (ਪਟਿਆਲਾ)ਵਿੱਚ ਰਹੇ। ਉਨ੍ਹਾਂ ਦੀ ਸਦਰ ਬਾਜ਼ਾਰ ਵਿੱਚ ਘੜੀ-ਸਾਜ਼ ਦੀ ਦੁਕਾਨ ਸੀ ਜਿੱਥੇ ਅਕਸਰ ਸ਼ਾਮ ਵੇਲੇ ਸਾਰੇ ਸ਼ਾਇਰ ਇਕੱਠੇ ਹੁੰਦੇ। ਕਲਾਮ ਸੁਣਦੇ ਸੁਣਾਉਂਦੇ। ਉਨ੍ਹਾਂ ਨੂੰ ਸਾਰੇ “ਗਿਆਨੀ ਜੀ” ਦੇ ਨਾਮ ਨਾਲ ਸੰਬੋਧਿਤ ਹੁੰਦੇ। 1975 ਵਿੱਚ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਇੱਕ ਵਾਰ ਇਨ੍ਹਾਂ ਦੀ ਮਹਿਮਾਨ ਨਵਾਜ਼ੀ ਮਾਣੀ ਸੀ।
ਉਥੇ ਹੀ ਪਹਿਲੀ ਵਾਰ ਇਨ੍ਹਾਂ ਸਾਰੇ ਲੇਖਕਾਂ ਦੇ ਨਾਲ ਪ੍ਰੋ. ਆਜ਼ਾਦ ਗੁਲ੍ਹਾਟੀ ਜੀ ਨੂੰ ਵੀ ਮਿਲਣ ਦਾ ਮੌਕਾ ਮਿਲਿਆ।
ਗੁਰਦੇਵ ਨਿਰਧਨ ਦੀ ਕਾਵਿ ਕੌਸ਼ਲਤਾ ਬਾਰੇ ਪ੍ਰਮੁੱਖ ਗ਼ਜ਼ਲਗੋ ਡਾ. ਰਣਧੀਰ ਸਿੰਘ ਚੰਦ ਨੇ ਆਪਣੇ ਇੱਕ ਸ਼ਿਅਰ ਵਿੱਚ ਕਿਹਾ ਸੀ।
“ਕੰਵਰ ਚੌਹਾਨ ਤੇ ਨਿਰਧਨ ਵਰਗਾ ਦਰਦ ਨਾ ਮੇਰੇ ਵਿੱਚ,
ਭਾਵੇਂ ਸ਼ਿਅਰ ਕਹੇ ਨੇ ਮੈਂ ਵੀ ਹੰਝੂਆਂ ਵਿੱਚ ਡੁਬੋ।”
ਗੁਰਦੇਨ ਨਿਰਧਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਿਰੋਮਣੀ ਕਵੀ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ।
ਉਨ੍ਹਾਂ ਦੀਆਂ ਪੰਜ ਗ਼ਜ਼ਲ ਪੁਸਤਕਾਂ : “ਧੁੰਦ ਵਿੱਚ ਡੁੱਬੀਆਂ ਰੌਸ਼ਨੀਆਂ”, “ਪੁਰਾਣੇ ਮੌਸਮਾਂ ਦੀ ਆਵਾਜ਼” , “ਸਮੁੰਦਰ ਖ਼ੁਸ਼ਕ ਜਦ ਹੋਇਆ“ , “ਜ਼ਰਦ ਚਿਹਰੇ ਵਾਲੀ ਕਿਤਾਬ” ਤੇ “ਕਿਰਚਾਂ ਕਿਰਚਾਂ ਮੈਂ”ਪ੍ਰਕਾਸ਼ਿਤ ਹੋਈਆਂ।
ਗੁਰਦੇਵ ਨਿਰਧਨ ਜੀ ਦੇ ਜੀਵਨ ਤੇ ਰਚਨਾ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਸੁਰਜੀਤ ਜੱਜ ਤੋਂ ਮੋਨੋਗਰਾਫ਼ ਲਿਖਵਾ ਰਹੀ ਹੈ। ਉਮੀਦ ਹੈ ਜਲਦੀ ਸੰਪੂਰਨ ਹੋ ਕੇ ਸਾਨੂੰ ਪ੍ਰਾਪਤ ਹੋਵੇਗਾ।
ਉਮਰ ਦੇ ਆਖ਼ਰੀ ਹਿੱਸੇ ਵਿੱਚ ਉਹ ਨਾਭਾ ਛੱਡ ਕੇ ਆਪਣੀ ਬੇਟੀ ਕੋਲ ਲੁਧਿਆਣਾ ਵਿੱਚ ਰਹਿ ਰਹੇ ਸਨ ਜਿੱਥੇ 16 ਨਵੰਬਰ 2004 ਨੂੰ ਉਹ ਸੁਰਗਵਾਸ ਹੋ ਗਏ।
ਉਨ੍ਹਾਂ ਦਾ ਇੱਕ ਯਾਦਗਾਰੀ ਸ਼ਿਅਰ ਬਾਰ ਬਾਰ ਚੇਤੇ ਆਉਂਦਾ ਹੈ।
ਸਫ਼ਰ ਤੇ ਜਾਣ ਵਾਲੇ ਨੂੰ, ਸਫ਼ਰ ਤੇ ਜਾਣ ਤੋਂ ਪਹਿਲਾਂ,
ਸਫ਼ਰ ਮੁੱਕ ਜਾਣ ਦਾ ਡਰ ਸੀ, ਸਮੁੰਦਰ ਖੁਸ਼ਕ ਜਦ ਹੋਇਆ।
ਗੁਰਦੇਵ ਨਿਰਧਨ ਜੀ ਦੀ ਸੰਪੂਰਨ ਰਚਨਾਵਲੀ ਵੀ ਕਿਸੇ ਯੂਨੀਵਰਸਿਟੀ ਜਾਂ ਸੰਸਥਾ ਨੂੰ ਛਾਪਣ ਲਈ ਅੱਗੇ ਆਉਣ ਦੀ ਲੋੜ ਹੈ।
ਉਨ੍ਹਾਂ ਦੀਆਂ ਤਿੰਨ ਕਿਤਾਬਾਂ ਦੀ ਸੌਫਟ ਕਾਪੀ ਤੁਸੀਂ ਵੈੱਬਸਾਈਟ
“ਪੰਜਾਬੀ ਕਵਿਤਾ ਡਾਟ ਕਾਮ “ ਤੇ ਪੜ੍ਹ ਸਕਦੇ ਹੋ।
ਸਾਡੀ ਜ਼ਬਾਨ ਦੇ ਇਸ ਸਮਰੱਥ ਸ਼ਾਇਰ ਨੂੰ ਮੇਰਾ ਨਮਨ ਹੈ।
- ਗੁਰਦੇਵ ਨਿਰਧਨ ਜੀ ਦੀਆਂ ਚਾਰ ਗ਼ਜ਼ਲਾਂ ਨਾਲ ਸਾਂਝ ਪਾਉ।
1
ਪੱਥਰਾਂ ਦੇ ਸ਼ਹਿਰ ਵਿਚ
ਪੱਥਰਾਂ ਦੇ ਸ਼ਹਿਰ ਵਿਚ ਇਕ ਅਜਨਬੀ ।
ਚੁੱਕੀ ਫਿਰਦੈ ਤਿੜਕੀ ਹੋਈ ਜ਼ਿੰਦਗੀ।
ਹੋਂਦ ਅਪਣੀ ਬਾਰੇ ਜਦ ਮੈਂ ਸੋਚਿਆ
ਅੱਖਾਂ ਸਾਹਵੇਂ ਇਕ ਕਾਲੀ ਕੰਧ ਸੀ।
ਰੰਗ ਇਕ ਛਿਣ ‘ਚ ਪੀਲਾ ਪੈ ਗਿਆ
ਸਜ਼ਾ ਪਾਈ ਸ਼ੀਸ਼ੇ ਸਾਹਵੇਂ ਖੜ੍ਹਨ ਦੀ।
ਦਰਦ ਦੀ ਗੱਲ ਹਰ ਕੋਈ ਕਰ ਕਰ ਬੈਠਦੈ
ਸ਼ਕਲ ਪਰ ਦੱਸੀ ਕਿਸੇ ਨਾ ਏਸ ਦੀ।
ਹੋਇਆ ਪਇਆ ਫਿਰਦਾਂ ਹੁਣ ਮੈਂ ਏਸ ਵਿਚ
ਘਰ ਵੀ ਅਪਣਾ ਲੱਗਦਾ ਹੈ ਅਜਨਬੀ ।
ਸ਼ਾਮੀਂ ਸੂਰਜ ਡੁੱਬ ਗਿਆ ਸੀ ਜਦੋਂ
ਸੀ ਡਰਾਉਣੀ ਰੇਲ ਦੀ ਸੀਟੀ ਬਜੀ ।
ਟੁੱਟ ਕੇ ਜਦ ਫੁੱਲ ਹੇਠਾਂ ਪਿਗ ਪਿਆ
ਫੇਰ ‘ਨਿਰਧਨ’ ਸੀ ਹਵਾ ਵੀ ਸੌਂ ਗਈ।
2
ਰੌਸ਼ਨੀ ਵਿਚ ਆ ਕੇ ਏਦਾਂ
ਰੌਸ਼ਨੀ ਵਿਚ ਆ ਕੇ ਏਦਾਂ ਲੱਗਿਆ।
ਜਿਸਮ ਹੈ ਜਿਕੂੰ ਮਿਰਾ ਮੈਲਾ ਪਿਆ ।
ਕੋਲ ਸੀ ਮੇਰੇ ਨਦੀ ਪਰ ਫੇਰ ਵੀ
ਸੀ ਰਾਤ ਭਰ ਮੈਂ ਪਾਣੀ ਦੇ ਲਈ ਤਰਸਿਆ ।
ਸਬਜ਼ ਪਰਦੇ ਪਿੱਛੇ ਹੈ ਲੁਕਿਆ ਗੁਲਾਬ
ਮਹਿਕ ਤੋਂ ਕੁਝ ਇਸ ਤਰ੍ਹਾਂ ਹੈ ਜਾਪਿਆ।
ਸੰਝ ਤੋਂ ਹੀ ਸੀ ਨਮੀ ਕਮਰੇ ਦੇ ਵਿਚ
ਮੀਂਹ ਤਾਂ ਪਿਛਲੀ ਰਾਤ ਗਏ ਸੀ ਬਰਸਿਆ।
ਸੋਚਿਆ ਸੀ ਇਸ ਵਿਚ ਹੀ ਜਾ ਡਿਗਾਂ
ਰੇਤ ਦਾ ਦਰਿਆ ਵੀ ਖਾਲੀ ਨਿਕਲਿਆ ।
ਸੈਆਂ ਰੰਗਾਂ ਨਾਲ ਹੈ ਤੱਕਿਆ ਉਹਨੂੰ
ਰੰਗ ਨਾ ਉਸ ਚਹਰੇ ਦਾ ਪਰ ਬਦਲਿਆ।
ਦਸਤਕਾਂ ਦੇ ਦੇ ਕੇ ‘ਨਿਰਧਨ’ ਕੀ ਮਿਲੂ,
ਕੀ ਕਦੀ ਪੱਥਰ ਵੀ ਹੈ ਕੁਈ ਬੋਲਿਆ।
3.
ਕਾਲੇ ਸਮੁੰਦਰਾਂ ਦਾ ਸਫ਼ਰ
ਕਾਲੇ ਸਮੁੰਦਰਾਂ ਦਾ ਸਫ਼ਰ ਉਮਰ ਭਰ ਰਿਹਾ ।
ਜ਼ਰਦੀ ‘ਚ ਡੁੱਬਿਆ ਹੀ ਸਦਾ ਮੇਰਾ ਘਰ ਰਿਹਾ।
ਜ਼ਖ਼ਮੀ ਜੋ ਹੋ ਕੇ ਪੰਛੀ ਸੀ ਧਰਤੀ ‘ਤੇ ਡਿੱਗਿਆ,
ਉਡਦਾ ਹਵਾ ‘ਚ ਓਸ ਦਾ ਇਕ ਇਕ ਪਰ ਰਿਹਾ।
ਤਰ ਕੇ ਨਾ ਦੇਖੀ ਨੀਲੀਆਂ ਅੱਖਾਂ ਦੀ ਕੋਈ ਝੀਲ,
ਦਰਿਆ ਮੈਂ ਪੱਥਰਾਂ ਦੇ ਹਾਂ ਉਮਰਾਂ ਤੋਂ ਤਰ ਰਿਹਾ।
ਲੱਗੀ ਹੋਈ ਹੈ ਕਾਲੀਆਂ ਧੁੱਪਾਂ ਦੀ ਏਨੀ ਭੀੜ,
ਸ਼ਹਿਰਾਂ ‘ਚ ਯਾਰੋ ਇੱਕ ਵੀ ਘਰ ਦਾ ਨਾ ਦਰ ਰਿਹਾ।
ਮੇਰੇ ‘ਚੋਂ ਅੱਜ ਨਿਕਲ ਕੇ ਜੋ ਦੂਰ ਜਾ ਖੜ੍ਹਾ,
ਹੈ ਕੌਣ ਇਸ ਦੇ ਨਾਂ ਤੋਂ ਵੀ ਮੈਂ ਬੇਖ਼ਬਰ ਰਿਹਾ।
ਤਾਰੇ ਨਾ ਟੁੱਟ ਕੇ ਕਿਤੇ ਡਿਗ ਪੈਣ ਓਸ ‘ਤੇ,
ਛੱਤਾਂ ਦੇ ਹੇਠ ਬਹਿ ਕੇ ਹੈ ਇਕ ਸ਼ਖ਼ਸ ਡਰ ਰਿਹਾ।
ਲੁਕ ਕੇ ਤੂੰ ਮੇਰੇ ਵਿੱਚ ਹੀ ‘ਨਿਰਧਨ’ ਸੀ ਬਹਿ ਗਿਆ
ਫਿਰਦਾ ਮੈਂ ਤੇਰੀ ਭਾਲ ਵਿਚ ਹਾਂ ਦਰ ਬਦਰ ਰਿਹਾ ।
4.
ਇਕ ਸ਼ਹਿਰ ਵਿਚ ਕਹਿੰਦੇ ਨੇ
ਇਕ ਸ਼ਹਿਰ ਵਿਚ ਕਹਿੰਦੇ ਨੇ ਦੋ ਸ਼ਾਇਰ ਨੇ ਇਸ ਢੰਗ ਦੇ ।
ਜਿਨ੍ਹਾਂ ਪੰਜਾਬੀ ਗ਼ਜ਼ਲ ਨੂੰ ਕਪੜੇ ਪਾ ਦਿੱਤੇ ਨਵ-ਰੰਗ ਦੇ ।
ਅਪਣਾ ਚਿਹਰਾ ਤੱਕਣ ਤੋਂ ਵੀ ਓਦੋਂ ਅਸੀਂ ਹਾਂ ਸੰਗਦੇ।
ਜਦੋਂ ਕਿਸੇ ਸ਼ੀਸ਼ੇ ਦੇ ਅੱਗੋਂ ਦੀ ਹਾਂ ਯਾਰੋਂ ਲੰਘਦੇ ।
ਹੁਣ ਤਾਂ ਸੁੱਕੇ ਫੁੱਲਾਂ ਨੂੰ ਹੀ ਰੱਖੋ ਵਿਚ ਕਿਤਾਬਾਂ ਦੇ,
ਹੁਣ ਉਹ ਮੌਸਮ ਨਹੀਂ ਸਾਂਭ ਕੇ ਰੱਖੀਏ ਟੋਟੇ ਵੰਗ ਦੇ ।
ਇਸ ਦੇ ਉੱਤੇ ਕਈ ਰੰਗਾਂ ਦੇ ਚਿਹਰੇ ਉਕਰੇ ਹੁੰਦੇ ਨੇ,
ਰਾਤ ਨੂੰ ਘਰ ਵਿਚ ਲਾਹ ਕੇ ਅਪਣਾ ਜਿਸਮ ਜਦੋਂ ਹਾਂ ਟੰਗਦੇ।
ਜਿਹੜਾ ਵਿਚ ਹਵਾ ਦੇ ਜਾ ਕੇ ਅੱਚਨਚੇਤੀ ਟੁੱਟ ਗਿਆ,
ਕੁਝ ਮੁੰਡਿਆਂ ਦੇ ਹੱਥਾਂ ਵਿਚ ਸਨ ਟੋਟੇ ਓਸ ਪਤੰਗ ਦੇ ।
ਸਾਨੂੰ ਅੱਜ ਸੁਨਹਿਰੀ ਸ਼ਬਦਾਂ ਦੇ ਪੰਨਿਆਂ ਦੀ ਲੋੜ ਨਹੀਂ,
ਅਸੀਂ ਹਾਂ ਅਪਣੀ ਕਿਸਮਤ ਵਰਗੇ ਕੋਰੇ ਕਾਗ਼ਜ਼ ਮੰਗਦੇ ।
ਹੁਣ ਤਾਂ ਸ਼ਾਇਦ ਸਾਨੂੰ ‘ਨਿਰਧਨ’ ਰਹਿਣਾ ਪਏਗਾ ਜੰਗਲ ਵਿਚ
ਹੁਣ ਤਾਂ ਸਾਨੂੰ ਏਸ ਸ਼ਹਿਰ ਦੇ ਸਾਏ ਵੀ ਨੇ ਡੰਗਦੇ
▪️ਗੁਰਭਜਨ ਗਿੱਲ

