ਪੀ.ਏ.ਯੂ. ਨਾਲ ਕਿਸਾਨਾਂ ਦਾ ਸੰਬੰਧ ਭਰੋਸੇ ਦੀ ਪੱਕੀ ਤੰਦ ਹੈ: ਵਾਈਸ ਚਾਂਸਲਰ

ਲੁਧਿਆਣਾ 21 ਅਗਸਤ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ | ਇਸ ਵਰਕਸ਼ਾਪ ਵਿੱਚ ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ | ਇਸ ਦੋ ਰੋਜ਼ਾ ਗੋਸ਼ਟੀ ਦਾ ਅਰੰਭਕ ਸੈਸ਼ਨ ਇਹਨਾਂ ਮਾਹਿਰਾਂ ਦੀ ਭਾਰੀ ਹਾਜ਼ਰੀ ਨਾਲ ਸਿਰੇ ਚੜ੍ਹਿਆ| ਇਸ ਸੈਸ਼ਨ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਸਨ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਸ਼੍ਰੀ ਗੁਰਜੀਤ ਸਿੰਘ ਬਰਾੜ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ|
ਆਪਣੇ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਪੀ.ਏ.ਯੂ. ਦਾ ਯੋਗਦਾਨ ਸਿਰਫ ਹਰੀ ਕ੍ਰਾਂਤੀ ਲਿਆਉਣ ਵਾਲੀ ਤਕਨਾਲੋਜੀ ਦੇ ਵਿਕਾਸ ਅਤੇ ਰੂਪਾਂਤਰਣ ਦੇ ਰੂਪ ਵਿੱਚ ਹੀ ਨਹੀਂ ਦੇਖਿਆ ਜਾ ਸਕਦਾ ਬਲਕਿ ਸਾਡੀਆਂ ਖੋਜ, ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਦੇ ਕਾਰਨ ਹੀ ਰਾਸ਼ਟਰੀ ਰੈਂਕਿੰਗ ਏਜੰਸੀ ਨੇ ਇਸ ਸੰਸਥਾ ਨੂੰ ਲਗਾਤਾਰ ਤਿੰਨ ਸਾਲਾਂ ਤੋਂ ਦੇਸ਼ ਦੀ ਸਭ ਤੋਂ ਵਧੀਆ ਖੇਤੀ ਸੰਸਥਾ ਵਜੋਂ ਮਾਨਤਾ ਦਿੱਤੀ ਹੈ| ਉਹਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋਇਆ ਕਿ ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਤਕਨਾਲੋਜੀ ਵਿਕਸਿਤ ਕੀਤੀ ਅਤੇ ਪਸਾਰ ਮਾਹਿਰਾਂ ਨੇ ਇਸ ਤਕਨਾਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਇਆ | ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਬਦਲਵੀਆਂ ਫਸਲਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਤਰੀਕਾ ਹੀ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਕਾਰਗਾਰ ਕੋਸ਼ਿਸ਼ ਬਣ ਸਕਦਾ ਹੈ ਅਤੇ ਪਾਣੀ ਦੀ ਸੰਭਾਲ ਸਾਡੇ ਯੁੱਗ ਦਾ ਸਭ ਤੋਂ ਅਹਿਮ ਮੁੱਦਾ ਹੈ | ਵਾਈਸ ਚਾਂਸਲਰ ਨੇ ਦੱਸਿਆ ਕਿ ਤੁਪਕਾ ਸਿੰਚਾਈ ਵਿਸ਼ੇਸ਼ ਤੌਰ ਤੇ ਪਾਣੀ ਦੀ ਸੰਭਾਲ ਲਈ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ |
ਉਹਨਾਂ ਨੇ ਪੀ.ਏ.ਯੂ. ਵੱਲੋਂ ਵਿਕਸਿਤ ਮਸ਼ੀਨਰੀ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਕਿਹਾ ਕਿ ਪੀ.ਏ.ਯੂ. ਆਪਣੇ ਆਰੰਭ ਤੋਂ ਹੀ ਕਿਸਾਨਾਂ ਨਾਲ ਨੇੜਲੇ ਸੰਬੰਧਾਂ ਵਿੱਚ ਬੱਝੀ ਰਹੀ ਹੈ| 11 ਲੱਖ ਕਿਸਾਨਾਂ ਤੱਕ ਹਰ ਹਫ਼ਤੇ ਡਿਜ਼ੀਟਲ ਅਖਬਾਰ ਦਾ ਪੁੱਜਣਾ, ਕਿਸਾਨ ਮੇਲਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਿਰਕਤ ਅਤੇ ਹਾੜੀ-ਸਾਉਣੀ ਦੀਆਂ ਫਸਲਾਂ ਦੀਆਂ ਵਰਕਸ਼ਾਪਾਂ ਇਹ ਸਾਬਤ ਕਰਦੀਆਂ ਹਨ ਕਿ ਯੂਨੀਵਰਸਿਟੀ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਉਣ ਲਈ ਭਰੋਸੇਯੋਗ ਪਹੁੰਚ ਦੀ ਧਾਰਨੀ ਹੈ|
ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਖੋਜੀਆਂ ਅਤੇ ਪਸਾਰ ਮਾਹਿਰਾਂ ਦੀ ਅਜਿਹੀ ਇਕੱਤਰਤਾ ਦੀ ਮਿਸਾਲ ਮਿਲਣਾ ਔਖਾ ਹੈ | ਉਹਨਾਂ ਪੀ.ਏ.ਯੂ. ਵੱਲੋਂ ਮੁੱਖ ਫ਼ਸਲਾਂ, ਸਬਜ਼ੀਆਂ, ਫ਼ਲਾਂ, ਤੇਲਬੀਜਾਂ ਅਤੇ ਚਾਰਿਆਂ ਦੀਆਂ ਪੈਦਾ ਕੀਤੀਆਂ ਕਿਸਮਾਂ ਉੱਪਰ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਵਿਭਾਗ ਅਤੇ ਯੂਨੀਵਰਸਿਟੀ ਵਿਚਕਾਰ ਤਾਲਮੇਲ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਕੇ ਇਹ ਤਕਨਾਲੋਜੀਆਂ ਕਿਸਾਨਾਂ ਦੀ ਬਿਹਤਰੀ ਲਈ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਹਨ | ਸ਼੍ਰੀ ਬਰਾੜ ਨੇ ਕਿਹਾ ਕਿ ਆਉਂਦੇ ਹਾੜੀ ਸੀਜ਼ਨ ਦੌਰਾਨ ਕਣਕ ਹੇਠ ਰਕਬਾ ਘਟਾਉਣ ਲਈ ਗੰਨੇ, ਖੇਤੀ ਜੰਗਲਾਤ ਅਤੇ ਸਰ੍ਹੋਂ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਜੋੜਨਾ ਪਵੇਗਾ | ਉਹਨਾਂ ਕਿਹਾ ਕਿ ਦੋਵਾਂ ਸੰਸਥਾਵਾਂ ਦੀ ਸਾਂਝ ਜਿੰਨੀ ਪਕੇਰੀ ਹੋਵੇਗੀ ਓਨਾ ਪੰਜਾਬ ਦੀ ਕਿਸਾਨੀ ਦਾ ਲਾਭ ਹੋਵੇਗਾ | ਸ਼੍ਰੀ ਬਰਾੜ ਨੇ ਹਾੜੀ ਸੀਜ਼ਨ ਦੌਰਾਨ ਤੇਲਬੀਜਾਂ, ਤਿਲਾਂ, ਖਰਵੇ ਅਨਾਜ ਦੀ ਕਾਸ਼ਤ ਲਈ ਸਿਫ਼ਾਰਸ਼ਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ |
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ | ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 887 ਅਤੇ ਪੀ ਬੀ ਡਬਲਯੂ 927 ਦਾ ਜ਼ਿਕਰ ਕੀਤਾ | ਮਸਰਾਂ ਦੀ ਕਿਸਮ ਐੱਲ ਐੱਲ 1613, ਸਰ੍ਹੋਂ ਦੀ ਕਿਸਮ ਪੰਜਾਬ ਰਾਇਆ ਕਨੌਲਾ 7 ਅਤੇ ਪੰਜਾਬ ਰਾਇਆ 813, ਬਰਸੀਮ ਦੀ ਕਿਸਮ ਬੀ ਐੱਲ 45 ਆਦਿ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਡਾ. ਢੱਟ ਨੇ ਇਹ ਕਿਸਮਾਂ ਮਾਹਿਰਾਂ ਸਾਵੇਂ ਰੱਖੀਆਂ| ਇਸ ਦੇ ਨਾਲ ਹੀ ਉਹਨਾਂ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰ ਫਸਲੀ ਕਾਸ਼ਤ ਦੇ ਨਾਲ-ਨਾਲ ਅਚਾਰ ਬਨਾਉਣ ਲਈ ਲੈਕਟਿਕ ਐਸਿਡ ਬੈਕਟੀਰੀਆ ਜਾਗ ਦਾ ਜ਼ਿਕਰ ਵੀ ਕੀਤਾ|
ਇਸ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕੀਤਾ | ਉਹਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਮਹੱਤਵ ਮੌਜੂਦਾ ਖੇਤੀ ਚੁਣੌਤੀਆਂ ਸਾਹਮਣੇ ਖੋਜ ਅਤੇ ਪਸਾਰ ਦੀ ਮਜ਼ਬੂਤੀ ਲਈ ਵਿਚਾਰ-ਚਰਚਾ ਕਰਨ ਵਿੱਚ ਹੈ | ਇਸ ਦੇ ਨਾਲ ਹੀ ਡਾ. ਭੁੱਲਰ ਨੇ ਆਉਂਦੇ ਦਿਨਾਂ ਵਿਚ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਦੀ ਅਗਵਾਈ ਲਈ ਮਾਹਿਰਾਂ ਨੂੰ ਪ੍ਰੇਰਿਤ ਕੀਤਾ|
ਇਸ ਸੈਸ਼ਨ ਦਾ ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਡਾ. ਰਿਆੜ ਨੇ ਖੇਤੀ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਕਿਸਾਨਾਂ ਨੂੰ ਖੇਤੀ ਉੱਦਮ ਅਤੇ ਸਿਖਲਾਈ ਨਾਲ ਜੁੜਨ ਲਈ ਕਿਹਾ ਅਤੇ ਇਸ ਕਾਰਜ ਲਈ ਪੀ.ਏ.ਯੂ. ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਅੰਤ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਧੰਨਵਾਦ ਕੀਤਾ |
ਇਸ ਮੌਕੇ ਖੇਤੀ ਕਾਮਿਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੁਰਾਕੀ ਪ੍ਰਬੰਧ ਬਾਰੇ ਖੇਤੀ ਪ੍ਰਕਾਸ਼ਨਾਂ ਲੋਕ ਅਰਪਿਤ ਕੀਤੀ ਗਈ| ਇਸ ਪੁਸਤਕ ਦੇ ਰਚਨਾਤਮਕ ਸਹਿਯੋਗੀ ਡਾ. ਪਰਮਿੰਦਰ ਕੌਰ, ਡਾ. ਦਿਵਿਆ ਜੈਨ, ਡਾ. ਪਿਵਰਜੀਤ ਕੌਰ ਢਿੱਲੋਂ ਅਤੇ ਡਾ. ਅਮਨਦੀਪ ਕੌਰ ਮੱਕੜ ਹਨ ਅਤੇ ਇਸ ਦੀ ਸੰਪਾਦਨਾ ਡਾ. ਗੁਰਉਪਦੇਸ਼ ਕੌਰ ਨੇ ਕੀਤੀ ਹੈ| ਇਸਦੇ ਨਾਲ ਹੀ ਖੇਤਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਸਿਹਤ ਅਤੇ ਪੋਸ਼ਣ ਬਾਰੇ ਇੱਕ ਕਿਤਾਬ ਵੀ ਜਾਰੀ ਕੀਤੀ ਗਈ|
ਅੱਜ ਦੇ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂਅ ਅਤੇ ਚਾਰੇ ਬਾਰੇ ਸੈਸ਼ਨ ਹੋਇਆ | ਇਸ ਵਿੱਚ ਮਾਹਿਰਾਂ ਨੇ ਸੰਬੰਧਿਤ ਫ਼ਸਲਾਂ ਦੀ ਕਾਸ਼ਤ, ਕਿਸਮਾਂ ਅਤੇ ਤਕਨੀਕਾਂ ਬਾਰੇ ਵਿਚਾਰ ਕੀਤੀ | ਸ਼ਾਮ ਦੇ ਤਕਨੀਕੀ ਸੈਸ਼ਨ ਵਿੱਚ ਤੇਲਬੀਜਾਂ, ਦਾਲਾਂ, ਕਮਾਦ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵਿਚਾਰਿਆ ਗਿਆ |
ਕੱਲ ਇਸ ਕਾਨਫਰੰਸ ਦੇ ਦੂਜੇ ਦਿਨ ਹੋਣ ਵਾਲੇ ਸੈਸ਼ਨ ਵਿੱਚ ਖੇਤੀ ਇੰਜਨੀਅਰਿੰਗ, ਖੇਤੀ ਜੰਗਲਾਤ, ਮਾਈਕ੍ਰੋਬਾਇਆਲੋਜੀ ਤੇ ਅਰਥ ਸ਼ਾਸਤਰ ਨਾਲ ਸੰਬੰਧਿਤ ਵਿਚਾਰਾਂ ਕੀਤੀਆਂ ਜਾਣਗੀਆਂ |

