ਕਦੇ ਸਮਾਂ ਸੀ ਜਦ “ਪ੍ਰੀਤਲੜੀ” ਮੈਗਜ਼ੀਨ ਦੇ ਹਰ ਅੰਕ ਦਾ ਮੂੰਹ ਮੱਥਾ ਚਿੱਤਰਕਾਰ ਦਲੀਪ ਸਿੰਘ ਸ਼ਿੰਗਾਰਦੇ ਸਨ। ਉਹ ਖਾਲਸਾ ਕਾਲਿਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ਵਿੱਚ ਫ਼ਾਈਨ ਆਰਟਸ ਦੇ ਅਧਿਆਪਕ ਸਨ।
ਸਹਿਜ ਤੋਰ ਤੁਰਦੇ, ਨਿਰਮਲ ਨੀਰ ਦੀ ਨਦੀ ਵਾਂਗ। ਉਨ੍ਹਾਂ ਦੀਆਂ ਅਰਥਵਾਨ ਲਕੀਰਾਂ ਅੱਜ ਵਾ ਚੇਤਿਆਂ ਵਿੱਚ ਉੱਕਰੀਆਂ ਪਈਆਂ ਹਨ।
ਸੱਚਲ ਪਬਲੀਕੇਸ਼ਨਜ਼ ਅੰਮ੍ਰਿਤਸਰ ਵਾਲੇ ਉਤਸ਼ਾਹੀ ਤੇ ਸੁਹਜਵੰਤੇ ਵੀਰਾਂ ਸੰਦੀਪ ਸਿੰਘ ਤੇ ਮਨਦੀਪ ਸਿੰਘ ਨਾਲ ਹਰਦੀਪ ਸਿੰਘ ਦੇ ਸਾਥ ਨੇ ਬਹੁਤ ਖੂਬਸੂਰਤ ਪ੍ਰਕਾਸ਼ਨਾ ਕੀਤੀ ਹੈ “ਦਲੀਪ”।
ਇਸ ਦਾ ਸੰਪਾਦਨ ਤੇ ਅਨੁਵਾਦ ਕਾਰਜ ਜ਼ਹੀਨ ਕਵਿੱਤਰੀ ਬਿਪਨਪ੍ਰੀਤ ਨੇ ਕੀਤਾ ਹੈ। “ਵਿੱਸਰੀਆਂ ਯਾਦਾਂ ਦਲੀਪ ਚਿੱਤਰਕਾਰ ਦੀਆਂ” ਨਾਮ ਹੇਠ ਇਸ ਵੱਡ ਆਕਾਰੀ ਕਿਤਾਬ ਦਾ ਰੂਪ ਸਰੂਪ ਬੇਅੰਤ ਖ਼ੂਬਸੂਰਤ ਹੈ।
ਤਿੰਨ ਲੇਖ ਹਨ ਹਨ ਪਹਿਲੇ ਭਾਗ ਵਿੱਚ। ਬਿਪਨਪ੍ਰੀਤ, ਦਲੀਪ ਸਿੰਘ ਜੀ ਦੀ ਬੇਟੀ ਤਰਲੋਚਨ ਕੌਰ ਤੇ ਬਟਾਲਾ ਵਾਲੇ ਫੋਟੋ ਆਰਟਿਸਟ ਹਰਭਜਨ ਸਿੰਘ ਬਾਜਵਾ ਦੇ। ਇਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਵੀ ਹੈ।
ਸੱਦਣ ਦੀਆਂ ਬਾਤਾਂ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਹਰਭਜਨ ਸਿੰਘ ਸੋਚ, ਡਾ. ਇੰਦੂ ਸੁਧੀਰ, ਬਾਲ ਸੰਦੇਸ਼ ਦੇ ਸੰਪਾਦਕ ਰਹੇ ਸ. ਹਿਰਦੇਪਾਲ ਸਿੰਘ ਤੋਂ ਇਲਾਵਾ ਦਲੀਪ ਜੀ ਦੇ ਭਣੇਵੇਂ ਭੁਪਿੰਦਰ ਸਿੰਘ ਸੱਗੂ ਦੇ ਲੇਖ ਹਨ। ਪਹਿਲੀਆਂ ਤਿੰਨ ਤਾਂ ਮੁਲਾਕਾਤਾਂ ਹੀ ਹਨ।
ਇਸ ਕਿਤਾਬ ਵਿੱਚ ਦਲੀਪ ਜੀ ਦੀਆਂ ਕੁਝ ਕਵਿਤਾਵਾਂ ਵੀ ਸ਼ਾਮਲ ਹਨ ਜੋ ਉਨ੍ਹਾਂ ਦੇ ਸੰਵੇਦਨਸ਼ੀਲ ਮਨ ਦੀ ਪੇਸ਼ਕਾਰੀ ਕਰਦੀਆਂ ਹਨ।
ਪੰਨਾ 127 ਤੇ ਦਲੀਪ ਜੀ ਦੀ ਹੱਥ ਲਿਖਤ ਵੇਖਣਾ ਵੀ ਚੰਗਾ ਲੱਗਾ।
ਬਹੁਤ ਥੋੜੇ ਲੋਕ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਲੋਗੋ ਵੀ ਦਲੀਪ ਦੀ ਨੇ ਹੀ ਤਿਆਰ ਕੀਤਾ ਸੀ। ਹਰ ਡਿਗਰੀ ਤੇ ਇਹੀ ਛਪਦਾ ਹੈ।
ਸ਼ਿਵ ਕੁਮਾਰ ਦੀ ਜਗਤ ਪ੍ਰਸਿੱਧ ਰਚਨਾ “ਲੂਣਾ” ਦੀ ਅੱਖਰਕਾਰੀ ਤੇ ਰੂਪ ਸੱਜਾ ਦਲੀਪ ਜੀ ਨੇ ਹੀ ਕੀਤੀ ਸੀ। ਤੇਜ਼ ਪ੍ਰਿੰਟਿੰਗ ਪ੍ਰੈੱਸ ਤੇ ਹੀ ਪਹਿਲਾ ਸੰਸਕਰਨ ਛਪਿਆ ਸੀ ਬਾ ਕਮਾਲ।
ਉਸ ਦੀਆਂ ਕੁਝ ਹੋਰ ਕਿਤਾਬਾਂ ਤੋਂ ਇਲਾਵਾ ਕੁਝ ਲੇਖਕਾਂ ਦੀਂ ਕਿਤਾਬਾਂ ਦਾ ਕਵਰ ਡੀਜ਼ਾਈਨ ਵੀ ਦਲੀਪ ਜੀ ਨੇ ਹੀ ਕੀਤਾ।
ਉਨ੍ਹਾਂ ਦੇ ਵਿਛੋੜੇ ਤੋਂ ਪੰਜਾਹ ਸਾਲ ਬਾਦ ਇਸ ਕਿਤਾਬ ਦਾ ਪ੍ਰਕਾਸ਼ਨ ਬੱਹੱਦ ਸਤਿਕਾਰਯੋਗ ਹੈ।
ਇਸ ਦਾ ਛਪਾਈ ਪੇਪਰ ਤੇ ਪ੍ਰਿੰਟਿੰਗ ਕਮਾਲ ਦੀ ਹੈ। ਪਰਿੰਟਵੈੱਲ ਨੇ ਇਸ ਕਿਤਾਬ ਨੂੰ ਬਹੁਤ ਹੀ ਰੀਝ ਨਾਲ ਛਾਪਿਆ ਹੈ।
ਮਹਿੰਗੇ ਆਰਟ ਪੇਪਰ ਤੇ ਛਪੀ ਇਸ 352ਪੰਨਿਆਂ ਦੀ ਪੁਸਤਕ ਦੀ ਕੀਮਤ 2500/-ਰੁਪਏ ਰੱਖੀ ਗਈ ਹੈ।
ਮੇਰਾ ਸੁਝਾਅ ਹੈ ਕਿ ਅਗਲਾ ਸੰਸਕਰਨ ਜਦ ਵੀ ਛਪੇ ਤਾਂ ਪੰਨੇ ਘਟਾਏ ਜਾ ਸਕਦੋ ਹਨ। ਪੰਜਾਬੀ ਨਾਲ ਅੰਗਰੇਜ਼ੀ ਅਨੁਵਾਦ ਇੱਕ ਪੰਨੇ ਤੇ ਪੈ ਸਕਦਾ ਹੈ। ਦੋਭਾਸ਼ੀ ਪੁਸਤਕ ਛਾਪਣ ਨਾਲ ਵੀ ਕਿਤਾਬ ਦੀ ਕੀਮਤ ਵਧੀ ਹੈ।
ਕਿਤਾਬਾਂ ਦੇ ਟਾਈਟਲ ਤੇ ਪ੍ਰੀਤਲੜੀ ਦੇ ਸਰਵਰਕ ਇੱਕ ਪੰਨੇ ਤੇ ਦੋ ਦੋ ਕੀਤੇ ਜਾ ਸਕਦੇ ਹਨ।
ਇਹ ਕੇਵਲ ਮੇਰੇ ਜ਼ਾਤੀ ਸੁਝਾਅ ਹੀ ਹਨ,ਇਸ ਨਾਲ ਕੀਮਤ ਹੇਠਾਂ ਆ ਸਕੇਗੀ। ਪਾਠਕ ਦੀ ਪਹੁੰਚ ਵਿੱਚ ਕਿਤਾਬ ਦਾ ਆਉਣਾ ਬਹੁਤ ਜ਼ਰੂਰੀ ਹੈ।
ਇਸ ਵਕਤ ਸਭਨਾਂ ਨੂੰ ਮੁਬਾਰਕ।
ਗੁਰਭਜਨ ਗਿੱਲ

