ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੈ ਜੀਵਨ | ਅਗਰ ਸਮਾਜ ਵਿਚ ਤਿਉਹਾਰ (ਉਤਸਵ) ਨਾ ਹੋਣ ਮਾਨਵ ਦਾ ਜੀਵਨ ਜੜ੍ਹਹੀਣ, ਉਦਾਸੀਨ, ਨਿਰਾਸ਼ਾਜਨਕ ਹੋ ਕੇ ਰਹਿ ਜਾਏ | ਤਿਉਹਾਰ ਸਭ ਨੂੰ ਚੰਗੇ ਲੱਗਦੇ ਹਨ | ਧੰਦਾ-ਵਿਉਪਾਰ ਹੋਰ ਸਾਮਾਜਿਕ ਜੀਵਨ ਵਿਹਾਰ ਦੇ ਬੋਝ ਹੇਠਾਂ ਦੱਬਿਆ ਹੋਇਆ ਮਾਨਵ ਤਿਉਹਾਰ ਦੇ ਦਿਨ ਥੋੜ੍ਹੀ ਜਿਹੀ ਮੁਕਤ ਹਵਾ (ਸਾਹ) ਲੈ ਕੇ ਰਾਹਤ ਮਹਿਸੂਸ ਕਰਦਾ ਹੈ | ਜੀਵਨ ਦੇ ਅਰਥ ਨੂੰ ਖੁੱਲ੍ਹਾ-ਡੁੱਲਾ ਮਾਹੌਲ ਮਿਲਦਾ ਹੈ | ਦਿਲ-ਦਿਮਾਗ ਪ੍ਰਸੰਨਤਾ, ਸੰਕਲਪ ਲੈ ਕੇ ਮਨ ਦੀ ਖੇਚਲ ਨੂੰ ਦੂਰ ਹਟਾ ਕੇ ਆਨੰਦ ਪ੍ਰਾਪਤ ਕਰਦਾ ਹੈ | ਤਿਉਹਾਰ ਯਾਨੀ ਮਾਨਵ ਨੂੰ ਉਨਤ ਬਣਾਉਣ ਵਾਲਾ, ਸੇ੍ਰਸ਼ਟ ਬਣਾਉਣ ਵਾਲਾ ਅਤੇ ਸੰਸਕਾਰੀ ਬਣਾਉਣ ਵਾਲਾ | ਤਿਉਹਾਰ ਮਿਲਣ ਦੀ ਮੰਜ਼ਿਲ, ਪ੍ਰੇਮ ਦੇ ਅਨੁਯਾਈ, ਪ੍ਰਸੰਨਤਾ ਦੇ ਪ੍ਰੇਕਰ, ਧਰਮ ਦੇ ਰੱਖਿਅਕ ਅਤੇ ਭਾਵਨਾਵਾਂ ਦੇ ਸਰੋਤ ਹੁੰਦੇ ਹਨ | ਇਸੇ ਸੰਦਰਭ ਵਿਚ ਹਰ ਸਾਲ ਤਿਉਹਾਰ ਆਉਂਦਾ ਹੈ ਰੱਖੜੀ ਦਾ | ਰੱਖੜੀ ਭਾਵ ਪ੍ਰੇਮ ਬੰਧਨ | ਅੱਜ ਦੇ ਦਿਨ ਭੈਣ ਭਰਾ ਦੀ ਕਲਾਈ ਉਪਰ ਰੱਖੜੀ ਬੰਨਦੀ ਹੈ ਅਤੇ ਖੁਸ਼ੀ-ਖੁਸ਼ੀ ਭਰਾ ਦੇ ਦਿਲ ਨੂੰ ਪ੍ਰੇਮ ਵਿਚ ਬੰਨਦੀ ਹੈ | ਭੈਣ-ਭਰਾ ਦਾ ਮਿਲਣ ਭਾਵ ਕਿ ਪ੍ਰੇਮ, ਸਾਹਸ ਅਤੇ ਸੰਜਮ ਦਾ ਸਹਿਯੋਗ | ਭਾਰਤੀ ਸੰਸਕ੍ਰਿਤੀ ਵਿਚ ਇਸਤਰੀ ਨੂੰ ਭੇਗਦਾਸੀ ਨਾ ਸਮਝ ਕੇ ਉਸ ਦੀ ਪੂਜਾ ਕਰਨਾ ਪ੍ਰਥਮ ਕਰਤੱਵ ਸਮਝਿਆ ਜਾਂਦਾ ਹੈ | ਰੱਖੜੀ ਦਾ ਤਿਉਹਾਰ ਭਾਵ ਦਿ੍ਸ਼ਟੀ ਪਰਿਵਰਤਨ ਦਾ ਤਿਉਹਾਰ | ਰੱਖੜੀ ਬੰਨ ਕੇ ਭਰਾ ਰੱਖਿਆ ਦੀ ਜੁੰਮੇਵਾਰੀ ਉਠਾਂਦਾ ਹੈ ਤਾਂ ਕਿ ਸਮਾਜ ਵਿਚ ਭੈਣ ਨਿਡਰ ਹੋ ਕੇ ਵਿਚਰ ਸਕੇ | ਭਰਾ ਨੂੰ ਰੱਖੜੀ ਬੰਨਣ ਤੋਂ ਪਹਿਲਾਂ ਭੈਣ ਉਸ ਦੇ ਮਸਤਕ ਉਤੇ ਤਿਲਕ ਕਰਦੀ ਹੈ | ਇਹ ਤਿਲਕ ਭਰਾ ਦੇ ਲਈ ਸ਼ੁਭਕਾਮਨਾ, ਚੰਗੇ ਸਦ ਵਿਚਾਰ ਅਤੇ ਬਲ ਬੁੱਧੀ ਦਾ ਪ੍ਰਤੀਕ ਹੈ | ਭੈਣ ਭਰਾ ਦਾ ਤੀਜਾ ਨੇਤਰ-ਬੁੱਧੀ ਹੈ, ਜਿਸਨੂੰ ਖੋਲ੍ਹ ਕੇ ਉਸਨੂੰ ਵਿਕਾਰ-ਵਾਸਨਾ ਆਦਿ ਨੂੰ ਭਸਮ ਕਰਨ ਦਾ ਸੂਚਨ ਕਰਦੀ ਹੈ | ਭਰਾ ਦੇ ਗੁੱਟ ਉਪਰ ਰੱਖੜੀ ਬੰਨ ਕੇ ਭੈਣ ਉਸ ਕੋਲੋਂ ਅਪਣਰਕਸ਼ਨ (ਰੱਖਿਆ) ਨਹੀਂ ਚਾਹੁੰਦੀ ਬਲਕਿ ਸਾਰੀ ਇਸਤਰੀ ਜਾਤੀ ਦੇ ਰਕਸਣ ਦੀ ਕਾਮਨਾ ਰੱਖਦੀ ਹੈ | ਭਰਾ ਦੇ ਹਰ ਖੇਤਰ ਵਿਚ ਜਿੱਤ ਪ੍ਰਾਪਤ ਹੋਵੇ | ਭੈਣ ਭਰਾ ਦੇ ਸੱਚੇ ਨਿਸ ਸਵਾਰਥ ਮਿਲਣ ਨੂੰ ਰੱਖੜੀ ਕਹਿੰਦੇ ਹਨ | ਸਿੱਖ ਇਤਿਹਾਸ ਵਿਚ ਵੀ ਭੈਣ ਭਰਾ ਦੇ ਮਿਲਣ ਦੀ ਇਕ ਸਰਵ ਉਚੇ ਉਦਾਹਰਣ ਮਿਲਦੀ ਹੈ | ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਬੀਬੀ ਨਾਨਕੀ ਨੇ ਰੋਟੀ ਬਣਾਉਂਦੇ ਹੋਏ ਯਾਦ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਕਾਰਜ ਛੱਡ ਕੇ ਬੀਵੀ ਨਾਨਕੀ ਕੋਲ ਪਹੁੰਚ ਗਏ | ਬੀਬੀ ਨਾਨਕੀ ਉਨ੍ਹਾਂ ਨੂੰ ਵੇਖ ਕੇ ਖੁਸ਼ ਹੋ ਗਈ | ਉਸਦੀ ਪ੍ਰਸੰਨਤਾ ਦਾ ਕੋਈ ਠਿਕਾਣਾ ਨਾ ਰਿਹਾ ਅਤੇ ਸ੍ਰੀ ਗੁਰੂ ਨਾਨਕ ਜੀ ਨੇ ਪਿਆਰ-ਸਤਿਕਾਰ ਨਾਲ ਭੋਜਨ ਛਕਿਆ ਅਤੇ ਬੀਬੀ ਨਾਨਕੀ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤੇ | ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਨਾਨਦੀ (ਭੈਣ-ਭਰਾ) ਦਾ ਪਵਿੱਤਰ ਮਿਲਣ ਹੀ ਰੱਖੜੀ ਕਹਿਲਾਉਂਦਾ ਹੈ | ਪਿਆਰ ਨਾਲ, ਹਿਰਦੇ ਤੋਂ ਭੈਣ ਯਾਦ ਕਰੇ ਅਤੇ ਖੁਸ਼ੀ-ਖੁਸ਼ੀ ਨਾਲ ਭਰਾ ਮਿਲਣ ਜਾਹੇ ਇਹ ਹੈ ਪ੍ਰੇਮ-ਬੰਧਨ, ਇਹੋ ਹੈ ਰੱਖੜੀ | ਭਾਰਤੀ ਸੰਸਕ੍ਰਿਤੀ ਵਿਚ ਦੇਵਾਸੁਰ ਸੰਗ੍ਰਾਮ ਦੇਵਤਿਆਂ ਦੀ ਜਿੱਤ ਦੇ ਨਿਮਿਤ ਇੰਦਰਾਣੀ ਨੇ ਹਿੰਮਤ ਹਾਰੇ ਹੋਏ ਇੰਦਰ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਸੀ | ਅਭਿਮੰਨਿਉ ਦੀ ਰੱਖਿਆ ਨਿਮਿਤ ਕੁੰਤਾ ਮਾਤਾ ਨੇ ਉਸਨੂੰ ਰੱਖੜੀ ਬੰਨ੍ਹੀ ਸੀ ਅਤੇ ਆਪਣੀ ਰੱਖਿਆ ਦੇ ਲਈ ਰਾਣੀ ਕਰਮਵਤੀ ਨੇ ਹਮਾਯੂੰ ਨੂੰ ਰੱਖੜੀ ਭੇਜੀ ਸੀ | ਰੱਖੜੀ ਵਿਚ ਡਰ ਰਹਿਤ ਪੱਖ ਦੀ ਭਾਵਨਾ ਸਮਾਈ ਹੋਈ ਹੈ | ਰੱਖੜੀ ਭਾਵ ਕਿ ਭੈਣ ਦੀ ਰੱਖਿਆ ਲਈ ਜਿੰਮੇਵਾਰੀ | ਰੱਖੜੀ ਭਾਵ ਭੈਣ-ਭਰਾ ਦੇ ਪ੍ਰੇਮ ਦਾ ਸੱਚਾ ਸੰਕਲਪ, ਪ੍ਰੇਮ ਦੀ ਸ਼ਕਤੀ, ਪ੍ਰੇਮ ਦਾ ਵਹਿੰਦਾ ਝਰਨਾ ਅਤੇ ਸਨੇਹ ਦਾ ਚਮਕਦਾ ਸੂਰਜ ਜੋ ਸਮਾਜ ਨੂੰ ਪ੍ਰੇਮ ਦੀ ਰੌਸ਼ਨੀ ਦੇਵੇ | ਅੱਜ-ਕੱਲ੍ਹ ਮਾਤਾ-ਪਿਤਾ ਦੇ ਇਕ ਜਾਂ ਦੋ ਹੀ ਬੱਚੇ ਹੋਣ ਕਰਕੇ ਇਹ ਤਿਉਹਾਰ ਕੁਝ ਆਧੁਨਿਕਤਾ ਵਿਚ ਅਤੇ ਵਿਗਿਆਨਕ ਸੱਚ ਵਿਚ ਬਦਲਦਾ ਜਾ ਰਿਹਾ ਹੈ | ਭੈਣ-ਭਰਾ ਦੀ ਕਲਾਈ ‘ਤੇ ਵੀ ਰੱਖੜੀ ਬੰਨਦੀ ਹੈ ਅਤੇ ਸੁਰੱਖਿਆ-ਬੰਧਨ ਦਾ, ਉਚ ਬੁੱਧੀ ਦਾ, ਉਚ ਵਿਵੇਕ ਦਾ, ਮਾਤਾ-ਪਿਤਾ ਦੀ ਸੇਵਾ ਦਾ, ਸਮਾਜ ਵਿਚ ਸੇਵਾ ਕਰਨ ਦਾ ਸੰਕਲਪ ਲੈਂਦੀ ਹੈ | ਅੱਜ ਦੀ ਨਾਰੀ ਨੇ ਹਰ ਇਕ ਖੇਤਰ ਵਿਚ ਤਰੱਕੀ ਪਾਈ ਹੈ | ਜਿਸਦੀ ਇਕ ਹੀ ਬੇਟੀ ਹੈ ਉਹ ਆਪਣੇ ਪਿਤਾ ਦੇ ਜਾਂ ਰਿਸ਼ਤੇਦਾਰੀ ‘ਚੋਂ ਲੱਗਦੇ ਭਰਾ ਨੂੰ ਵੀ ਰੱਖੜੀ ਬੰਨਦੀ ਹੈ | ਰੱਖੜੀ ਦਾ ਇਹ ਤਿਉਹਾਰ ਦੇਸ਼-ਵਿਦੇਸ਼ ਵਿਚ ਮਿਹਨਤ ਕਰਦੇ ਭਾਰਤੀਆਂ ਲਈ ਸਰਵਉਤਮ ਤਿਉਹਾਰ ਹੈ | ਵਿਦੇਸ਼ਾਂ ਵਿਚ ਬੈਠੇ ਭਰਾਵਾਂ ਨੂੰ ਭੈਣਾਂ ਰੱਖੜੀ ਭੇਜਦੀਆਂ ਹਨ ਅਤੇ ਈ-ਮੇਲ ਉਪਰ ਜਾਂ ਮੋਬਾਈਲ ਫ਼ੋਨ ਉਪਰ ਇਕ ਦੂਸਰੇ ਨੂੰ ਵਧਾਈਆਂ, ਸ਼ੁਭਕਾਮਨਾਵਾਂ ਅਤੇ ਆਸ਼ੀਰਦਵਾਦ ਦਿੰਦੇ ਹਨ | ਅੱਜ-ਕੱਲ੍ਹ ਰੱਖੜੀ ਕਈ ਮਹਿੰਗੇ ਰੂਪਾਂ ਵਿਚ ਮਿਲਦੀ ਹੈ | ਰੱਖੜੀ ਸੋਨੇ ਦੀ, ਹੀਰੇ ਦੀ ਅਤੇ ਕਈ ਕੀਮਤੀ ਧਾਤੂਆਂ ਤੋਂ ਬਣਦੀ ਹੈ | ਆਪਣੀ-ਆਪਣੀ ਸਮਰੱਥਾ ਦੇ ਮੁਤਾਬਿਕ ਰੱਖੜੀ ਬੰਨੀ ਜਾਂਦੀ ਹੈ | ਇਸ ਦਿਨ ਬਾਜ਼ਾਰਾਂ ਵਿਚ ਖ਼ੂਬ ਰੌਣਕਾਂ ਹੁੰਦੀਆਂ ਹਨ | ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ (ਮਿਸ਼ਠਾਣਾਂ) ਨਾਲ ਦੁਕਾਨਾਂ ਸਜੀਆਂ ਹੁੰਦੀਆਂ ਹਨ | ਕਈ ਪ੍ਰਕਾਰ ਦੀਆਂ ਰੱਖੜੀਆਂ ਦੁਕਾਨਾਂ ਦੀ ਸ਼ੋਭਾ ਵਧਦੀਆਂ ਹਨ ਵਿਕਰੀ ਲਈ | ਸਧਰਾਂ-ਚਾਵਾਂ, ਖੁਸ਼ੀਆਂ ਨਾਲ ਰੱਖੜੀ ਖਰੀਦੀ ਜਾਂਦੀ ਹੈ | ਇਸ ਦਿਨ ਰਿਸ਼ਤੇਦਾਰਾਂ ਦੀਆਂ, ਸਨੇਹੀਆਂ ਦੀਆਂ ਨੰੂਹਾਂ-ਬੇਟੀਆਂ ਨੂੰ ਵੀ ਮਿਠਾਈਆਂ ਆਦਿ ਭੇਜੀਆਂ ਜਾਂਦੀਆਂ ਹਨ | ਰੱਖਿਆ ਬੰਧਨ (ਰੱਖੜੀ) ਦਾ ਤਿਉਹਾਰ, ਹਿਰਦੇ ਦਾ ਤਿਉਹਾਰ ਹੈ, ਤਰੱਕੀ ਦਾ ਪ੍ਰਤੀਕ, ਚੰਗੇ ਸ਼ੁੱਧ ਆਚਰਣ ਦਾ ਪ੍ਰਤੀਕ, ਦਿ੍ਸ਼ਟੀ ਪਰਿਵਰਤਨ ਦਾ ਪ੍ਰਤੀਕ ਹੈ | ਧਾਰਮਿਕ ਸ਼ਰਧਾਲੂ ਸਾਧਕ ਧਾਰਮਿਕ ਸਥਾਨਾਂ ਵਿਚ ਜਾ ਕੇ ਪੂਜਾ ਕਰਦੇ ਹਨ ਅਤੇ ਭਗਵਾਨ ਨੂੰ ਰੱਖੜੀ ਬੰਨਦੇ ਹਨ ਅਤੇ ਜੀਵਨ ਦੀ ਤਰੱਕੀ ਦੀ, ਖੁਸ਼ਹਾਲੀ ਦੀ ਚੰਗੇ ਆਚਰਣ ਦੀ, ਸ਼ਾਂਤੀ ਅਤੇ ਖੁਸ਼ੀਆਂ ਦੀ ਕਾਮਨਾ ਕਰਦੇ ਹਨ
ਬਲਵਿੰਦਰ ਬਾਲਮ
ਓਾਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ। 98156-25409

