ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ,
ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ
ਨੀ ਇਕ ਲੋਰੀ ਦੇ ਦੇ।
ਮੰਨਿਆ ਤੇਰੇ ਘਰ ਵਿਚ ਵਧ ਗਏ,
ਧੀਆਂ ਵਾਲੇ ਗੁੱਡੀ ਪਟੋਲੇ।
ਤੇਰੇ ਦਿਲ ਦਾ ਹਾਉਕਾ ਨੀ ਮੈਂ,
ਸੁਣਦੀ ਰਹੀ ਆਂ ਤੇਰੇ ਓਹਲੇ।
ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ, ਤੂੰਹੀਉਂ ਪਹਿਲਾਂ ਤੋਰੀ…?
ਨੀ ਇਕ ਲੋਰੀ ਦੇ ਦੇ।
ਮਾਏ ਨੀ ਤੇਰੀ ਗੋਦੀ ਅੰਦਰ,
ਬੈਠਣ ਨੂੰ ਮੇਰਾ ਜੀਅ ਕਰਦਾ ਸੀ।
ਬਾਬਲ ਦੀ ਤਿਊੜੀ ਨੂੰ ਤੱਕ ਕੇ,
ਹਰ ਵਾਰੀ ਮੇਰਾ ਜੀਅ ਡਰਦਾ ਸੀ।
ਧੀਆਂ ਬਣਕੇ ਜੰਮਣਾ ਏਥੇ,
ਕਿਉਂ ਬਣ ਗਈ ਕਮਜ਼ੋਰੀ…
ਨੀ ਇਕ ਲੋਰੀ ਦੇ ਦੇ।
ਮਾਏ ਨੀ ਮੇਰੀ ਨਾਨੀ ਦੇ ਘਰ,
ਤੂੰ ਵੀ ਸੀ ਕਦੇ ਧੀ ਬਣ ਜੰਮੀ।
ਕੁੱਖ ਵਿਚ ਕਤਲ ਕਰਾਵਣ ਵਾਲੀ,
ਕਿਉਂ ਕੀਤੀ ਤੂੰ ਗੱਲ ਨਿਕੰਮੀ।
ਵੀਰਾ ਲੱਭਦੀ ਲੱਭਦੀ ਹੋ ਗਈ,
ਕਿਉਂ ਮਮਤਾ ਤੋਂ ਕੋਰੀ…?
ਨੀ ਇਕ ਲੋਰੀ ਦੇ ਦੇ।
ਹਸਪਤਾਲ ਦੇ ਕਮਰੇ ਅੰਦਰ,
ਪਈਆਂ ਨੇ ਜੋ ਅਜਬ ਮਸ਼ੀਨਾਂ।
ਪੁੱਤਰਾਂ ਨੂੰ ਇਹ ਕੁਝ ਨਾ ਆਖਣ,
ਸਾਡੇ ਲਈ ਕਿਉਂ ਬਣਨ ਸੰਗੀਨਾਂ।
ਡਾਕਟਰਾਂ ਚਹੁੰ ਸਿੱਕਿਆਂ ਖ਼ਾਤਰ,
ਕੱਟੀ ਜੀਵਨ ਡੋਰੀ…।
ਨੀ ਇਕ ਲੋਰੀ ਦੇ ਦੇ।
ਧੀ ਤਿਤਲੀ ਨੂੰ ਮਸਲਣ ਵੇਲੇ,
ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ,
ਗੁੰਗੇ ਬੋਲੇ ਹੋ ਗਏ ਸਾਰੇ,
ਨੱਕ ਨਮੂਜ਼ਾਂ ਸ਼ਰਮਾਂ ਵਾਲੇ।
ਬਿਨ ਡੋਲੀ ਤੋਂ ਧਰਮੀ ਮਾਪਿਆਂ,
ਕਿੱਧਰ ਨੂੰ ਧੀ ਤੋਰੀ…?
ਨੀ ਇਕ ਲੋਰੀ ਦੇ ਦੇ।
ਸੁੱਤਿਆਂ ਲਈ ਸੌ ਯਤਨ ਵਸੀਲੇ,
ਜਾਗਦਿਆਂ ਨੂੰ ਕਿਵੇਂ ਜਗਾਵਾਂ?
ਰੱਖੜੀ ਦੀ ਤੰਦ ਖ਼ਤਰੇ ਵਿਚ ਹੈ,
ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ।
ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ,
ਦੇ ਨਾ ਜ਼ਹਿਰ ਕਟੋਰੀ…।
ਨੀ ਇਕ ਲੋਰੀ ਦੇ ਦੇ।
▪️ਗੁਰਭਜਨ ਗਿੱਲ

