ਕੋਟਕਪੂਰਾ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਦਸ਼ਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਭਗਤੀ ਅਤੇ ਖੁਸ਼ੀ ਨਾਲ ਰੰਗਿਆ ਹੋਇਆ ਸੀ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਬੰਧਤ ਕਵਿਤਾਵਾਂ, ਭਜਨ, ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਸੁੰਦਰ ਨਾਚ ਰਾਹੀਂ ਆਪਣੀ ਭਗਤੀ ਨੂੰ ਪੇਸ਼ ਕੀਤਾ, ਬੱਚੇ ਬਹੁਤ ਹੀ ਸੁੰਦਰ ਸੁੰਦਰ ਪੁਸ਼ਾਕਾਂ ਪਹਿਨ ਕੇ ਆਏ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਰਾਧਾ-ਕ੍ਰਿਸ਼ਨ ਦੀ ਵੇਸ਼ਭੂਸ਼ਾ ਵਿੱਚ ਮਨਮੋਹਕ ਪੇਸ਼ਕਾਰੀ ਦਿੱਤੀ। ਉਨ੍ਹਾਂ ਦੀਆਂ ਸੁੰਦਰ ਪੇਸ਼ਕਾਰੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਪਿਆਰ, ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ। ਜਨਮ ਅਸ਼ਟਮੀ ਦੇ ਸੰਬੰਧ ਵਿੱਚ ਵਿਦਿਆਰਥੀਆਂ ਵਿਚਕਾਰ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਸਬੰਧੀ ਪ੍ਰਸ਼ਨ ਉੱਤਰ ਕੀਤੇ ਗਏ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਐਮ.ਡੀ ਸਰਦਾਰ ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੁਬੀਨਾ ਧੀਰ ਨੇ ਭਾਸ਼ਣ ਵਿੱਚ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਸਾਰਿਆਂ ਨੂੰ ਇੱਕ ਸਾਰ ਸਮਝਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਦੋਸਤੀ ਵੀ ਸ੍ਰੀ ਕ੍ਰਿਸ਼ਨ ਜੀ ਤੇ ਸੁਦਾਮੇ ਵਰਗੀ ਹੋਣੀ ਚਾਹੀਦੀ ਹੈ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਸਮਾਗਮ ਵਿਦਿਆਰਥੀਆਂ ਲਈ ਖੁਸ਼ੀ ਅਤੇ ਸਿੱਖਿਆ ਨਾਲ ਭਰਪੂਰ ਇੱਕ ਯਾਦਗਾਰ ਅਨੁਭਵ ਬਣਿਆ।

