ਕੋਟਕਪੂਰਾ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਬੇ ਵਿੱਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਦੂਜੇ ਚਰਨ ਅਧੀਨ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿੰਡ ਵਾੜਾ ਦਰਾਕਾ ਅਤੇ ਪਿੰਡ ਫਿੱਡੇ ਕਲਾ ਵਿਖੇ ਵਿੱਚ ਨਵੇਂ ਬਣਾਏ ਗਏ ‘ਮੁੱਖ ਮੰਤਰੀ ਖੇਡ ਮੈਦਾਨ’ ਦਾ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਖੇਡ ਸਹੂਲਤਾਂ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਪਹਿਲਕਦਮੀ ਨੇ ਖਿਡਾਰੀਆਂ ਲਈ ਬੇਹਤਰੀਨ ਮੰਚ ਸਾਬਤ ਹੋਇਆ ਹੈ ਜਿੱਥੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨਾਂ ਦੀ ਉਪਲਬਧਤਾ ਨਾਲ ਸਥਾਨਕ ਪੱਧਰ ’ਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਆਪਣੇ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਕ੍ਰਿਕਟ ਅਤੇ ਵਾਲੀਬਾਲ ਦੀਆਂ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ਵਿੱਚੋਂ ਇੱਕ ਹਨ ਜਿਸ ਲਈ ਜ਼ਮੀਨੀ ਪੱਧਰ ‘ਤੇ ਖੇਡਾਂ ਦਾ ਵਿਕਾਸ ਅਤਿ ਜ਼ਰੂਰੀ ਹੈ। ਇਸ ਮੌਕੇ ਅਮ੍ਰਿਤਲਾਲ ਸਰਪੰਚ ਫਿੱਡੇ ਕਲਾ, ਅਮਰੀਕ ਸਿੰਘ ਸਰਪੰਚ ਡੱਗੂ ਰੋਮਾਣਾ, ਅੰਗਰੇਜ ਸਿੰਘ ਸਰਪੰਚ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਬਾਬੂ ਲਾਲ, ਬ੍ਰਿਜਪਾਲ ਸਿੰਘ, ਅਮਰਜੀਤ ਸਿੰਗ, ਗੁਰਪਾਲ ਸਿੰਘ, ਖੁਸ਼ਵੰਤ ਸਿੰਘ, ਵਿੱਕੀ ਸਹੋਤਾ, ਵਿੱਕੀ ਬਰਾੜ, ਰਾਮ ਵਹਿਣੀਵਾਲ, ਸਤਵੀਰ ਸੰਧੂ, ਕਰਮ ਸਿੰਘ ਬਰਾੜ, ਜਿੰਦਰ ਬਰਾੜ, ਜੋਰਾ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

