ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ : ਸੰਧਵਾਂ
ਫ਼ਰੀਦਕੋਟ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਲਈ ਪ੍ਰਮੁੱਖ ਸਕੀਮਾਂ ਬਾਰੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਡੀਟੋਰੀਅਮ ਹਾਲ ਵਿਖੇ ਕੀਤਾ ਗਿਆ। ਜਿਸ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਪੀਕਰ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਭਲਾਈ ਲਈ ਜਿਹੜੀਆਂ ਵੀ ਸਕੀਮਾਂ ਆ ਰਹੀਆਂ ਹਨ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਸਰਕਾਰੀ ਸਕੀਮਾਂ ਨੂੰ ਸੇਵਾ ਲਈ ਵਰਤ ਰਹੀ ਹੈ। ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਪੰਜਾਬ ਸਰਕਾਰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਪੰਚ ਸਾਡੇ ਦੇਸ਼ ਦੀ ਲੋਕਤੰਤਰ ਦੀ ਮੁੱਢਲੀ ਇਕਾਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰ ਤੁਹਾਡੇ ਨਾਲ ਹੈ। ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਬਹੁਤ ਸਾਰੇ ਕੰਮ ਸਕੀਮਾਂ ਤਹਿਤ ਅਜਿਹੇ ਹਨ ਜੋ ਆਪ ਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਜੀ ਰਾਮ ਜੀ ਸਕੀਮ ਤਹਿਤ 318 ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਨ੍ਹਾਂ ਸਕੀਮਾਂ ਨੂੰ ਪੜਕੇ, ਸਮਝ ਕੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਪਿੰਡਾਂ ਦਾ ਵਿਕਾਸ ਸਰਪੰਚਾਂ ਤੇ ਨਿਰਭਰ ਕਰਦਾ ਹੈ। ਨੁਮਾਇੰਦੇ ਪਿੰਡਾਂ ਦੇ ਵਿਕਾਸ ਲਈ ਚੁਣੇ ਗਏ ਹਨ। ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ, ਸਾਰਿਆਂ ਨੂੰ ਰਲ ਮਿਲ ਕੇ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਜਿਹੜੇ ਵੀ ਸਰਪੰਚ ਸ਼ਿੱਦਤ ਨਾਲ ਕੰਮ ਕਰਦੇ ਹਨ ਉਹ ਆਪਣੇ ਪਿੰਡ ਦੀ ਨੁਹਾਰ ਬਦਲ ਲੈਂਦੇ ਹਨ। ਉਹਨਾਂ ਕਿਹਾ ਕਿ ਆਪਣੇ ਪਿੰਡਾਂ ਦਾ ਸੁਧਾਰ ਕਰੋ। ਸਰਪੰਚ ਦੇ ਮੋਢਿਆਂ ਤੇ ਵੱਡੀ ਜਿੰਮੇਵਾਰੀ ਹੁੰਦੀ ਹੈ। ਉਹਨਾਂ ਬਹੁਤ ਸਾਰੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹਨਾਂ ਸਕੀਮਾਂ ਦਾ ਲਾਭ ਬਹੁਤ ਸਾਰੇ ਘਰਾਂ ਨੂੰ ਪੁੱਜਿਆ ਹੈ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਸਕੀਮਾਂ ਦੀ ਇੱਕ ਪੀ.ਡੀ.ਐਫ ਬਣਾ ਕੇ ਸਰਪੰਚ ਸਾਹਿਬਾਨਾਂ ਨੂੰ ਮੁੱਹਈਆ ਕਰਵਾਈ ਜਾਵੇਗੀ ਤਾਂ ਜੋ ਉਹ ਆਸਾਨੀ ਨਾਲ ਇਹ ਸਕੀਮਾਂ ਪਿੰਡਾਂ ਵਿੱਚ ਲਾਗੂ ਕਰ ਸਕਣ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਹੋਰ ਸਮੇਂ ਹਰ ਸਹਿਯੋਗ ਲਈ ਪਿੰਡ ਵਾਸੀਆਂ ਲਈ ਹਾਜ਼ਰ ਹੈ। ਇਸ ਮੌਕੇ ਚੇਅਰਮੈਨ ਪਲਾਨਿੰਗ ਬੋਰਡ ਗੁਰਤੇਜ ਸਿੰਘ ਖੋਸਾ, ਚੇਅਰਮੈਨ ਨਗਰ ਸੁਧਾਰ ਟਰੱਸਟ ਗਗਨਦੀਪ ਸਿੰਘ ਧਾਲੀਵਾਲ, ਚੇਅਰਮੈਨ ਮਾਰਕਿਟ ਕਮੇਟੀ ਗੁਰਮੀਤ ਸਿੰਘ ਆਰੇਵਾਲਾ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਨੀਤੂ ਕਪੂਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਮਲਹੋਤਰਾ, ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ, ਬੀ.ਡੀ.ਪੀ.ਓ. ਕੋਟਕਪੂਰਾ ਵਿਕਾਸ ਸ਼ਰਮਾ, ਬੀ.ਡੀ.ਪੀ.ਓ. ਜੈਤੋ ਇਕਬਾਲ ਸਿੰਘ ਸੰਧੂ, ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਗੈਰੀ ਵੜਿੰਗ ਪ੍ਰਧਾਨ ਨਗਰ ਕੌਂਸਲ ਤੋਂ ਇਲਾਵਾ ਪਿੰਡਾਂ ਦੇ ਸਰਪੰਚ/ਪੰਚ ਹਾਜ਼ਰ ਸਨ।

