ਲੁਧਿਆਣਾ 4 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਭਾਰਤੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਰਾਸ਼ਟਰੀ ਪੋਸ਼ਣ ਮਾਹ ਮਨਾਉਂਦਿਆਂ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ| ਇਸ ਭਾਸ਼ਣ ਨੂੰ ਸਾਂਝਾ ਕਰਨ ਲਈ ਪੋਸ਼ਣ ਮਾਹਿਰ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਕ੍ਰਿਪਾ ਸੇਠ ਮੌਜੂਦ ਸਨ| ਉਹਨਾਂ ਨੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਸੁਮੇਲ ਬਾਰੇ ਗੱਲ ਕਰਦਿਆਂ ਪੋਸ਼ਣ ਦੀ ਮਹੱਤਤਾ ਦ੍ਰਿੜ ਕਰਵਾਈ| ਨਾਲ ਹੀ ਉਹਨਾਂ ਨੇ ਸੰਤੁਲਿਤ ਭੋਜਨ ਤੋਂ ਇਲਾਵਾ ਯੋਗਾ ਅਤੇ ਹੋਰ ਵਿਧੀਆਂ ਦੀ ਸਾਰਥਕਤਾ ਬਾਰੇ ਵਿਸਥਾਰ ਨਾਲ ਗੱਲ ਕੀਤੀ| ਹਾਜ਼ਰ ਵਿਦਿਆਰਥੀਆਂ ਅਤੇ ਮਾਹਿਰਾਂ ਨੇ ਡਾ. ਕ੍ਰਿਪਾ ਸੇਠ ਤੋਂ ਵਿਸ਼ੇ ਨਾਲ ਸੰਬੰਧਿਤ ਸਵਾਲ ਵੀ ਪੁੱਛੇ|
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ| ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਰਾਸ਼ਟਰੀ ਪੋਸ਼ਣ ਮਾਹ ਸੰਬੰਧੀ ਜਾਣਕਾਰੀ ਦਿੰਦਿਆਂ ਅਜੋਕੇ ਯੁੱਗ ਵਿਚ ਪੋਸ਼ਣ ਦੀ ਸਾਰਥਕਤਾ ਅਤੇ ਤੰਦਰੁਸਤੀ ਲਈ ਇਸਦੇ ਮਹੱਤਵ ਬਾਰੇ ਗੱਲਾਂ ਕੀਤੀਆਂ| ਇਸ ਸ਼ੈਸਨ ਵਿਚ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਵਿਗਿਆਨੀ ਅਤੇ ਹੋਰ ਅਮਲਾ ਵੀ ਸ਼ਾਮਿਲ ਸੀ|

