ਲੁਧਿਆਣਾ 4 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕੈਡਮੀ (ਨਾਸ) ਦੇ ਲੁਧਿਆਣਾ ਚੈਪਟਰ ਵੱਲੋਂ ਬੀਤੇ ਦਿਨੀਂ ਪੀ.ਏ.ਯੂ. ਵਿਖੇ ਜੀਨੋਮ ਸੰਪਾਦਨ ਦੀਆਂ ਵਿਸ਼ਵੀ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਪੀ.ਏ.ਯੂ. ਵਿਖੇ ਆਯੋਜਿਤ ਕੀਤਾ ਗਿਆ| ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਖੋਜ ਬਾਰੇ ਸਾਬਕਾ ਨਿਰਦੇਸ਼ਕ ਡਾ. ਕੇ ਸੀ ਬਾਂਸਲ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ| ਨਾਸ ਦੀ ਲੁਧਿਆਣਾ ਸ਼ਾਖਾ ਦੇ ਕਨਵੀਨਰ ਅਤੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ| ਇਹ ਸਮਾਗਮ ਡਾ. ਗੁਰਦੇਵ ਸਿੰਘ ਖੁਸ਼ ਸੰਸਥਾਨ ਪਲਾਂਟ ਬਰੀਡਿੰਗ ਅਤੇ ਬਾਇਓਤਕਨਾਲੋਜੀ ਕੇਂਦਰ ਪੀ.ਏ.ਯੂ. ਵਿਖੇ ਆਯੋਜਿਤ ਕੀਤਾ ਗਿਆ|
ਡਾ. ਕੇ ਸੀ ਬਾਂਸਲ ਨੇ ਆਪਣੇ ਭਾਸ਼ਣ ਵਿਚ ਜੀਨੋਮ ਸੰਪਾਦਨ ਦੀ ਇਕ ਖੇਤਰ ਵਜੋਂ ਮਹੱਤਤਾ ਬਾਰੇ ਗੱਲ ਕਰਨ ਦੇ ਨਾਲ-ਨਾਲ ਫਸਲ ਸੁਧਾਰ ਦੇ ਖੇਤਰ ਵਿਚ ਇਸ ਵਿਧੀ ਦੇ ਮੌਕਿਆਂ, ਸੀਮਾਵਾਂ ਅਤੇ ਸੰਭਾਵਨਾਵਾਂ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਵਾਤਾਵਰਨੀ ਬਦਲਾਅ ਸਮੇਤ ਤਾਪ ਅਤੇ ਸੋਕੇ ਤੋਂ ਇਲਾਵਾ ਨਵੀਂ ਤਰ੍ਹਾਂ ਦੇ ਕੀੜੇ-ਮਕੌੜੇ ਪੈਦਾ ਹੋਣ ਵਰਗੀਆਂ ਮੁਸ਼ਕਿਲਾਂ ਖੇਤੀ ਨੂੰ ਦਰਪੇਸ਼ ਹਨ| ਇਸ ਤੋਂ ਇਲਾਵਾ ਲਗਾਤਾਰ ਘਟਦੀ ਵਾਹੀਯੋਗ ਜ਼ਮੀਨ, ਕੁਦਰਤੀ ਸਰੋਤਾਂ ਦਾ ਘਾਣ ਆਦਿ ਭੋਜਨ ਸੁਰੱਖਿਆ ਨੂੰ ਲਗਾਤਾਰ ਖਤਰਾ ਪੇਸ਼ ਕਰਨ ਵਾਲੇ ਕਾਰਕ ਹਨ| ਇਸਦੇ ਮੱਦੇਨਜ਼ਰ ਜੀਨੋਮ ਸੰਪਾਦਨ ਵਰਗੀਆਂ ਨਵੀਆਂ ਵਿਧੀਆਂ ਅਪਣਾ ਕੇ ਖੇਤੀ ਕਾਸ਼ਤ ਨੂੰ ਲਗਾਤਾਰ ਬਰਕਰਾਰ ਰੱਖਿਆ ਜਾ ਸਕਦਾ ਹੈ| ਡਾ. ਬਾਂਸਲ ਨੇ ਦੱਸਿਆ ਕਿ ਭਾਰਤ ਨੇ ਜੀਨੋਮ ਸੰਪਾਦਨ ਰਾਹੀਂ ਹਾਲ ਹੀ ਵਿਚ ਚੌਲਾਂ ਦੀਆਂ ਕਿਸਮਾਂ ਪੈਦਾ ਕੀਤੀਆਂ ਅਤੇ ਇਹ ਵਿਧੀ ਖੇਤੀ ਸਥਿਰਤਾ ਅਤੇ ਵਿਕਾਸ ਲਈ ਹੋਰ ਸੁਧਾਰਾਂ ਸਮੇਤ ਖੋਜੀਆਂ ਕੋਲੋਂ ਲਗਾਤਾਰ ਧਿਆਨ ਦੀ ਮੰਗ ਕਰਦੀ ਹੈ|
ਡਾ. ਅਜਮੇਰ ਸਿੰਘ ਢੱਟ ਨੇ ਡਾ. ਬਾਂਸਲ ਦੇ ਭਾਸ਼ਣ ਦੀ ਪ੍ਰਸ਼ੰਸ਼ਾ ਕੀਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਜੀਨੋਮ ਸੰਪਾਦਨ ਨੂੰ ਸੋਇਆਬੀਨ, ਝੋਨਾ, ਬਾਸਮਤੀ, ਕਣਕ, ਛੋਲੇ, ਮੱਕੀ, ਗੰਨਾ ਆਦਿ ਫਸਲਾਂ ਉੱਪਰ ਵਿਗਿਆਨਕ ਵਿਧੀ ਦੇ ਤੌਰ ਤੇ ਲਾਗੂ ਕੀਤਾ ਹੈ| ਡਾ. ਢੱਟ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਅਤੇ ਉਦਯੋਗਿਕ ਇਕਾਈਆਂ ਵੱਲੋਂ ਬੜੇ ਸਾਰਥਕ ਸੁਝਾਅ ਸਾਹਮਣੇ ਆਏ| ਪੀ.ਏ.ਯੂ. ਨੇ ਜ਼ਰਮਪਲਾਜ਼ਮ, ਜੀਨ ਵਿਗਿਆਨ, ਮੌਲੀਕਿਊਲਰ ਬਰੀਡਿੰਗ ਅਤੇ ਸਪੀਡ ਬਰੀਡਿੰਗ ਵਰਗੇ ਤਰੀਕੇ ਅਪਣਾ ਕੇ ਨਵੀਆਂ ਵਿਗਿਆਨਕ ਵਿਧੀਆਂ ਰਾਹੀਂ ਖੇਤੀ ਵਿਗਿਆਨ ਨੂੰ ਅੱਗੇ ਵਧਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੈ| ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਪਤਵੰਤੇ ਲੋਕ ਹਾਜ਼ਰ ਸਨ| ਡਾ. ਪ੍ਰਵੀਨ ਛੁਨੇਜਾ ਨੇ ਨਾਸ ਦੇ ਖਜ਼ਾਨਚੀ ਵਜੋਂ ਸਭ ਦਾ ਧੰਨਵਾਦ ਕੀਤਾ| ਡਾ. ਗੁਰਦੇਵ ਸਿੰਘ ਖੁਸ਼ ਸੰਸਥਾਨ ਦੇ ਨਿਰਦੇਸ਼ਕ ਡਾ. ਸਤਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ| ਨਾਸ ਦੇ ਸੰਚਾਲਕ ਡਾ. ਗੌਰਵ ਕੁਮਾਰ ਤੱਗੜ ਨੇ ਸਮਾਰੋਹ ਦਾ ਸੰਚਾਲਨ ਕੀਤਾ|

