ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਹਰਜੋਤ ਸਿੰਘ ਨੇ ਪ੍ਰਾਪਤ ਕੀਤਾ ਕਾਂਸੀ ਦਾ ਤਮਗਾ
ਸਕੂਲ ਵੱਲੋਂ ਹਰਜੋਤ ਸਿੰਘ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਜਾਵੇਗਾ : ਪ੍ਰਿੰਸੀਪਲ
ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਜੀਵਨ ਵਾਲਾ-ਘਣੀਏ ਵਾਲਾ) ਦੇ ਹੋਣਹਾਰ ਵਿਦਿਆਰਥੀ ਹਰਜੋਤ ਸਿੰਘ ਨੇ ਗਿਆਰਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਵਿੱਚ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ (ਕਾਂਸੀ ਦਾ ਤਮਗਾ) ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਉਸ ਨੇ ਨਾ ਕੇਵਲ ਆਪਣੇ ਸਕੂਲ ਬਲਕਿ ਪੂਰੇ ਇਲਾਕੇ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਰਾਜ ਪੱਧਰੀ ਚੈਂਪੀਅਨਸ਼ਿਪ ਅਧੀਨ ਕਰਵਾਏ ਗਏ ਅੰਡਰ-11 ਓਪਨ ਸਟੇਟ ਗਤਕਾ ਮੁਕਾਬਲਿਆਂ ਵਿੱਚ ਹਰਜੋਤ ਸਿੰਘ ਪੁੱਤਰ ਸਰਦਾਰ ਬਲਵੀਰ ਸਿੰਘ ਨੇ ਬਹਿਤਰੀਨ ਤਕਨੀਕ, ਲਗਨ ਅਤੇ ਜੁਝਾਰੂ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ। ਹਰਜੋਤ ਸਿੰਘ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਅਤੇ ਗਤਕਾ ਖੇਡ ਪ੍ਰਤੀ ਸੱਚਾ ਸਮਰਪਣ ਸਾਫ਼ ਝਲਕਦਾ ਹੈ। ਵਿਦਿਆਰਥੀ ਦੀ ਇਸ ਵੱਡੀ ਸਫ਼ਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸਰਦਾਰ ਸੁਖਜਿੰਦਰ ਸਿੰਘ, ਚੇਅਰਪਰਸਨ ਸ੍ਰੀਮਤੀ ਚਰਨਜੀਤ ਕੌਰ ਗਿੱਲ ਅਤੇ ਮੈਨੇਜਰ ਸ੍ਰੀਮਤੀ ਦਲਜੀਤ ਕੌਰ ਨੇ ਹਰਜੋਤ ਸਿੰਘ, ਉਸ ਦੇ ਮਾਤਾ-ਪਿਤਾ ਅਤੇ ਖੇਡ ਕੋਚ ਨੂੰ ਵਿਸ਼ੇਸ਼ ਤੌਰ ‘ਤੇ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਪ੍ਰਬੰਧਕਾਂ ਨੇ ਕਿਹਾ, “ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਰੀਰਕ ਸਮਰੱਥਾ ਅਤੇ ਮਿਹਨਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਗਤਕਾ ਸਾਡੀ ਅਮੀਰ ਵਿਰਸਾਤ ਅਤੇ ਮਾਰਸ਼ਲ ਆਰਟ ਦੀ ਪ੍ਰਤੀਕ ਖੇਡ ਹੈ, ਜਿਸ ਵਿੱਚ ਸਾਡੇ ਸਕੂਲ ਦੇ ਬੱਚੇ ਨਿਰੰਤਰ ਬੁਲੰਦੀਆਂ ਛੂਹ ਰਹੇ ਹਨ।” ਸਕੂਲ ਪ੍ਰਬੰਧਕਾਂ ਨੇ ਹਰਜੋਤ ਸਿੰਘ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਪੱਧਰ ‘ਤੇ ਵੀ ਮੱਲਾਂ ਮਾਰ ਕੇ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗਾ। ਸਕੂਲ ਵੱਲੋਂ ਜਲਦ ਹੀ ਹਰਜੋਤ ਸਿੰਘ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਜਾਵੇਗਾ।
