ਲੁਧਿਆਣਾਃ 7 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਨੂੰ ਸਦਮਾ ਪੁੱਜਿਆ ਹੈ। ਉਨ੍ਹਾਂ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਰਨਲ ਸ਼ਰਨਜੀਤ ਸਿੰਘ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੋ. ਗਿੱਲ ਨੇ ਕਿਹਾ ਹੈ ਕਿ ਗੁਲੇਰੀਆ ਪਰਿਵਾਰ ਨੇ ਸੰਗੀਤ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਉੱਥੇ ਭਾਰਤੀ ਸੈਨਾ ਵਿੱਚ ਵੀ ਇਨ੍ਹਾਂ ਦੀ ਤੀਜੀ ਪੀੜ੍ਹੀ ਸੀ।
1940 ਦੇ ਜਨਮੇ ਕਰਨਲ ਗੁਲੇਰੀਆ ਹਸਮੁਖ ਸੁਭਾਅ, ਸਹਿਯੋਗੀ ਅਤੇ ਸਾਹਿੱਤਕ ਸੱਭਿਆਚਾਰਕ ਰੁਚੀਆਂ ਵਾਲੇ ਸਨ। ਮੈਨੂੰ ਮਾਣ ਹੈ ਕਿ ਸਰਦਾਰਨੀ ਸੁਰਿੰਦਰ ਕੋਰ ਦੇ ਮਗਰੋਂ ਡੌਲੀ ਗੁਲੇਰੀਆ ਪਰਿਵਾਰ ਨਾਲ ਮੇਰਾ ਪਰਿਵਾਰਕ ਰਿਸ਼ਤਾ ਹੈ। ਕਰਨਲ ਗੁਲੇਰੀਆ ਦਾ ਅੱਜ ਨਵੀਂ ਦਿੱਲੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ. ਇਲਾਵਾ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ, ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਦਲਜੀਤ ਸ਼ਾਹੀ ਤੇ ਗੁਰਭੇਜ ਸਿੰਘ ਗੋਰਾਇਆ ਨੇ ਡੌਲੀ ਗੁਲੇਰੀਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

