ਪੁਤਰ ਤਾਂ ਪਰਦੇਸ ਗਏ ਨੇ ।
ਨੂੰਹਾਂ ਪੋਤਰੀਆਂ ਤੇ ਪੋਤੇ,
ਦੂਰ ਦੇਸ ਵਿਚ ਵੱਸਦੇ ਰਸਦੇ ।
ਬਾਪੂ ਜੀ ਦੀ ਉਮਰ ਸਿਆਣੀ ।
ਉਮਰ ਦੇ ਅੱਠਵੇਂ ਡੰਡੇ ਤੱਕ ਵੀ,
ਉਲਝੀ ਪਈ ਹੈ,
ਸੁਲਝੀ ਨਹੀਂ ਫ਼ਿਕਰਾਂ ਦੀ ਤਾਣੀ ।
ਘਰ ਵਿਚ ਮਾਂ ਹੈ,
ਬੈਠੀ ਰਹਿੰਦੀ ਕੱਲ ਮੁਕੱਲੀ ।
ਰੋਜ਼ ਸਵੇਰੇ ਉੱਠ ਬਹਿੰਦੀ ਹੈ,
ਯਾਦਾਂ ਦੇ ਚਰਖੇ ਤੇ ਰੂੰ ਨੂੰ ਕੱਤੀ ਜਾਵੇ ।
ਮਗਰੋਂ ਜਦੋਂ ਉਤਾਰੇ ਛੱਲੀ ।
ਸ਼ਾਮੀਂ ਫ਼ੇਰ ਅਟੇਰਨ ਲੈ ਕੇ
ਬਹਿ ਜਾਂਦੀ ਹੈ ।
ਮਨ ਵਿਚ ਸੌ ਸੌ ਸੋਚਾਂ
ਫ਼ਿਕਰਾਂ ਦੇ ਪਰਛਾਵੇਂ ।
ਛੱਲੀਆਂ ਟੇਰਨ ਟੇਰ ਟੇਰ ਕੇ,
ਲੱਛੇ ਕਿੱਲੀ ਟੰਗੀ ਜਾਵੇ ।
ਪੁੱਤਾਂ ਪੋਤਰਿਆਂ ਦੀਆਂ
ਖੈਰਾਂ ਮੰਗੀ ਜਾਵੇ ।
ਸੱਦ ਜੁਲਾਹਾ ਸੂਤਰ ਦੇ ਕੇ,
ਕਈ ਆਖੇ ਵੇ ਤੂੰ ਬੁਣ ਦੇ ਖੇਸ ।
ਲੈ ਜਾਵਣਗੇ ਪੁੱਤਰ ਮੇਰੇ
ਜਦ ਆਵਣਗੇ,
ਚਹੁੰ ਗਿੱਠਾਂ ਤੇ ਆਹ ਪਰਦੇਸ ।
ਸੁਰਤ ਸਮੁੰਦਰੋਂ ਪਾਰ ਗਈ ਸੀ,
ਜਦੋਂ ਅਚਾਨਕ
ਟੈਲੀਫ਼ੋਨ ਦੀ ਘੰਟੀ ਵੱਜੀ ।
ਮਾਂ ਦੇ ਦਿਲ ਦੀ ਧੜਕਣ ਧਕ ਧਕ,
ਯਾ ਰੱਬ ਸੱਚਿਆ,
ਰਾਜ਼ੀ ਹੋਵੇ ਬਾਗ਼ ਕਬੀਲਾ ।
ਤੜਕਸਾਰ ਤੋਂ ਮੇਰੀ ਅੱਖ
ਫ਼ਰਕਦੀ ਸੱਜੀ ।
ਹੌਲੀ ਹੌਲੀ ਉੱਠਦੀ ਹੈ ਗੋਡੇ ਹੱਥ ਧਰਕੇ,
ਟੈਲੀਫੋਨ ਫ਼ੜਦਿਆਂ
ਪਹਿਲਾ ਫ਼ਿਕਰਾ ਬੋਲੇ ।
ਏਥੋਂ ਦੀ ਸੁਖ ਸਾਂਦ
ਸੁਣਾ ਵੇ ਮੇਰੇ ਜਾਇਆ ।
ਰਾਤੀਂ ਚੰਦਰਾ ਸੁਪਨਾ ਆਇਆ ।
ਮੇਰੀ ਤਾਂ ਵੀ ਉਸ ਤੋਂ ਮਗਰੋਂ
ਅੱਖ ਨਹੀਂ ਲੱਗੀ ।
ਅੱਜ ਕੱਲ੍ਹ ਮੈਂ ਤਾਂ,
ਰੋਜ਼ ਸਵੇਰੇ
ਉੱਠ ਕੇ ਆਟਾ ਗੁੰਨ ਲੈਂਦੀ ਹਾਂ ।
ਦੋ ਤਿੰਨ ਫੁਲਕੇ ਕੌਲੀ ਸਬਜ਼ੀ,
ਮੁੱਕਦੇ ਹੀ ਨਹੀਂ ।
ਅੱਧੀ ਮੈਂ ਤੇ ਅੱਧੀ ਤੇਰਾ
ਬਾਪੂ ਰੋਟੀ ਖਾ ਲੈਂਦਾ ਹੈ ।
ਸੁੱਕ-ਬਰੂਰਾ ਕਰਕੇ ਆਟਾ,
ਕੰਗਣੀ ਜਾਂ ਪੁੱਤਰਾ ਤਿਲ -ਚੌਲੀ,
ਕੋਠੇ ਤੇ ਜਾਂ ਚੌਕ ਚੁਰਾਹੇ,
ਕਾਵਾਂ ਚਿੜੀਆਂ ਖਾਤਰ ਜਾ ਕੇ
ਪਾ ਆਉਂਦੀ ਹਾਂ ।
ਮੈਂ ਤਾਂ ਆਪਣਾ
ਏਦਾਂ ਮਨ ਪਰਚਾਅ ਆਉਂਦੀ ਹਾਂ ।
ਬੂਹੇ ਤੇ ਜਦ ਕਈ ਕਈ ਦਿਨ
ਦਸਤਕ ਨਹੀਂ ਹੁੰਦੀ,
ਮਨ ਭਰ ਜਾਂਦੈ ।
ਐਡਾ ਵਿਹੜਾ ਸੱਖਮ ਸੱਖਣਾ
ਵੇਖ ਵੇਖ ਕੇ,
ਜੀਅ ਡਰ ਜਾਂਦੈ ।
ਤੇਰੇ ਬਾਪੂ ਜੀ ਤਾਂ ਫਿਰ ਵੀ,
ਮੰਡੀ ਵਿਚ ਜਾਂ ਸ਼ਹਿਰ ‘ਚ
ਗੇੜਾ ਲਾ ਆਉਂਦੇ ਨੇ ।
ਪਰ ਵੇ ਪੁੱਤਰਾ ਜੀਅ ਘਬਰਾਉਂਦੈ ।
ਟੁੱਟੀਆਂ ਸੜਕਾਂ ਟੋਏ ਟਿੱਬੇ,
ਉੱਚੇ ਨੀਵੇਂ ਥਾਂ ਤੇ
ਕਿਧਰੇ ਪੈਰ ਪੈ ਗਿਆ ।
ਹੱਡ ਪੈਰ ਇਸ ਉਮਰੇ ਜੁੜਨਾ
ਡਾਢਾ ਔਖਾ ।
ਮਨਮੱਤੀਏ ਨੇ ਮੈਂ ਕੀਹ ਆਖਾਂ,
ਕਈ ਵਾਰੀ ਤਾਂ ਬਿਨਾਂ ਐਨਕੋਂ
ਤੁਰ ਜਾਂਦੇ ਨੇ,
ਤੇਰੇ ਲਾਗੋਂ ਆਇਆ
ਜੋ ਸਰਹੰਦੀਆ ਮੁੰਡਾ,
ਸੁਣਿਆ ਪਰਸੋਂ ਮੁੜ ਜਾਣਾ ਹੈ ।
ਉਹਦੇ ਹੱਥ ਸੇਵੀਆਂ ਘੱਲੂੰ,
ਪੋਟਿਆਂ ਵਾਲੀਆਂ
ਰੰਗ-ਬਰੰਗੀਆਂ ।
ਮੇਰੇ ਪੋਤਰਿਆਂ ਨੂੰ ਲੱਗਣ
ਬੜੀਆਂ ਚੰਗੀਆਂ ।
ਪੋਤਰੀਆਂ ਲਈ
ਸ਼ਹਿਰ ਗੋਰਾਇਓਂ,
ਬਿਰਜੂ ਦੀ ਬਰਫ਼ੀ ਦਾ ਡੱਬਾ,
ਕੋਲ ਬੈਠ ਕੇ ਮੈਂ ਬਣਵਾਏ
ਦੇਸੀ ਬਿਸਕੁਟ ।
ਸਭ ਕੁਝ ਡੱਬੇ ਅੰਦਰ ਪੁੱਤਰਾ
ਰੱਖ ਦਿੱਤਾ ਏ ।
ਕੁਝ ਚਿਰ ਪੁੱਤ ਦੀਆਂ
ਗੱਲਾਂ ਸੁਣਦੀ, ਫ਼ੇਰ ਆਖਦੀ ।
ਸ਼ਹਿਰ ‘ਚ ਰਹਿੰਦੀ ਭੈਣ ਤੁਹਾਡੀ
ਗੁੱਡੀ ਵੀ ਨਿਰਮੋਹੀ ਹੋਈ ।
ਉਹ ਤਾਂ ਆਪਣੇ ਘਰ ਵਿੱਚ ਰੁੱਝੀ,
ਏਧਰ ਫੇਰਾ ਮਾਰੇ ਹੁਣ
ਤਾਂ ਕਦੇ ਕਦਾਈਂ ।
ਪਰ ਜਦ ਵੀ ਉਹ ਆ ਜਾਂਦੀ ਹੈ,
ਓਦੋਂ ਮੇਰੇ ਗੋਡੇ ਮੋਢੇ ਕੁਝ ਨਹੀਂ ਦੁਖਦੇ,
ਸਭ ਕੰਮ ਹੱਥੀਂ
ਕਰ ਲੈਂਦੀ ਆਂ ਚਾਈਂ ਚਾਈਂ ।
ਟੈਲੀਫ਼ੋਨ ਅਚਾਨਕ ਰੁਕਿਆ
ਤੇ ਫਿਰ ਚੱਲਿਆ ।
ਹੈਲੋ ਹੈਲੋ,
ਕੀ ਕਹਿੰਦਾ ਏਂ,
ਏਸ ਸਿਆਲ ਨਹੀਂ
ਤੈਥੋਂ ਪੁੱਤਰਾ ਆਇਆ ਜਾਣਾ ।
ਚੱਲ ਉਹ ਜਾਣੇ,
ਤੂੰ ਤਾਂ ਮੰਨਿਆ ਕੰਮ ਵਿਚ ਬਹੁਤਾ ਖੁਭਿਆ ਹੋਇਆ,
ਘੱਲ ਦੇ ਮੇਰੀ ਨੂੰਹ ਰਾਣੀ ਤੇ
ਬਾਲ ਨਿਆਣੇ ।
ਕਾਕੇ ਨੂੰ ਵੀ ਆਖੀਂ
ਏਧਰ ਗੇੜਾ ਮਾਰੇ ।
ਇਹ ਤਾਂ ਮੇਰਾ ਪੁੱਤ ਬਨਵਾਸੀ ।
ਢਿੱਲੇ ਗੁੜ ਦੇ ਵਾਂਗੂੰ ਇਹ
ਕਿਸਮਤ ਦਾ ਢਿੱਲਾ,
ਛੋਟਾ ਹੈ ਵੇਖੀਂ ਵੇ
ਇਹਦੀ ਬਾਂਹ ਨਾ ਛੱਡੀਂ ।
ਟੈਲੀਫ਼ੋਨ ਸੁਣਦਿਆਂ
ਮਾਂ ਦੀ ਬਾਂਹ ਥੱਕੀ ਹੈ ।
ਦੂਜੇ ਕੰਨ ਨੂੰ ਚੋਂਗਾ ਲਾ ਕੇ
ਫਿਰ ਪੁੱਛਦੀ ਹੈ,
ਹਾਂ ਵੇ ਪੁੱਤਰਾ
ਕੀ ਕਹਿੰਦਾ ਏਂ ?
ਬੱਚਿਆਂ ਦਾ ਵੀ ਆਉਣ ਨਹੀਂ ਹੈ ?
ਕਾਲਜ ਅਤੇ ਸਕੂਲ ਉਨ੍ਹਾਂ ਦੇ
ਬੰਦ ਨਹੀਂ ਹੋਣੇ ?
ਚੱਲ ਕੋਈ ਨਾ ।
ਕੀ ਕਹਿੰਦਾ ਏਂ ਟਿਕਟ ਭੇਜਦਾਂ,
ਨਾ ਨਾ ਵੇ ਪੁੱਤ
ਸਾਡੀ ਟਿਕਟ ਨਾ ਭੇਜੀਂ ਹਾਲੇ ।
ਤੇਰੇ ਦੇਸ਼ ਸਿਆਲ ‘ਚ ਮੇਰੇ
ਹੱਡ ਜੁੜ ਜਾਂਦੇ ।
ਅੰਦਰ ਵੜ ਕੇ ਮਨ ਅੱਕ ਜਾਂਦਾ,
ਬਾਹਰ ਨਿਕਲੋ
ਬਰਫ਼ਾਂ ਦੇ ਅੰਬਾਰ ਡਰਾਉਂਦੇ ।
ਤੇਰੇ ਬਾਪੂ ਜੀ ਦਾ
ਅੱਜ ਕੱਲ੍ਹ ਜੀਅ ਨਹੀਂ ਲੱਗਦਾ ।
ਨਿੱਤ ਕਹਿੰਦੇ ਨੇ,
ਕਿਹੜੀ ਘੜੀ ਕੁਲੱਛਣੀ
ਪੁੱਤ ਪਰਦੇਸੀਂ ਤੋਰੇ ।
ਗੋਰੀ ਧਰਤੀ ਉੱਤੇ ਜਾ ਕੇ,
ਹੋ ਗਏ ਉਹ ਤਾਂ ਅਸਲੋਂ ਕੋਰੇ ।
ਕਦੇ ਕਦਾਈਂ ਆਉਂਦੇ ਨੇ
ਮਹਿਮਾਨਾਂ ਵਾਂਗੂੰ ।
ਇਹ ਘਰ ,ਖੇਤ ਤੇ ਦੇਸ ਪਿਆਰਾ,
ਸਾਨੂੰ ਤਾਂ ਇਹ ਖਾਣ ਨੂੰ ਆਵੇ,
ਲੱਗਦੈ ਸਭ ਸ਼ਮਸ਼ਾਨਾਂ ਵਾਂਗੂੰ ।
ਚੱਲ ਕੋਈ ਨਾ
ਐਵੇਂ ਮੇਰਾ ਮਨ ਭਰ ਆਇਆ,
ਆਪਣੇ ਘਰ ਵਿਚ ਵੱਸਦੇ ਰਸਦੇ ਖੁਸ਼ੀਆਂ ਮਾਣੋ ।
ਪਰ ਵੇ ਪੁੱਤਰਾ
ਜਿਸ ਧਰਤੀ ਤੇ ਜਨਮ ਲਿਆ ਹੈ,
ਰੋਜ਼ ਉਡੀਕੇ,
ਇਹਨੂੰ ਵੀ ਤਾਂ ਆਪਣੀ ਜਾਣੋ ।
▪️ਗੁਰਭਜਨ ਗਿੱਲ

