ਨੀਲੋਂ ਪੁਲ, 07 ਸਤੰਬਰ (ਬਲਵੰਤ ਮਾਂਗਟ/ਵਰਲਡ ਪੰਜਾਬੀ ਟਾਈਮਜ਼)
ਕਲਾ ਸੰਗਮ, ਨੀਲੋਂ ਪੁਲ ਦੀ ਮਹੀਨਾਵਾਰ ਇਕੱਤਰਤਾ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ ਵਿਖੇ ਉੱਘੇ ਸਾਹਿਤਕਾਰ ਸੁਰਿੰਦਰ ਰਾਮਪੁਰੀ ਦੀ ਪ੍ਰਧਾਨਗੀ ਹੇਠ ਸ਼ਾਨੋ-ਸ਼ੌਕਤ ਨਾਲ ਹੋਈ। ਇਸ ਸਮਾਗਮ ਦੌਰਾਨ ਪ੍ਰਸਿੱਧ ਸ਼ਾਇਰ ਡਾ. ਅਮਰਜੀਤ ਕੌਂਕੇ ਦੇ ਨਵੇਂ ਕਾਵਿ-ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਉੱਤੇ ਵਿਸ਼ੇਸ਼ ਅਤੇ ਗੰਭੀਰ ਵਿਚਾਰ-ਗੋਸ਼ਟੀ ਕਰਵਾਈ ਗਈ। ਸਭਾ ਦੀ ਸ਼ੁਰੂਆਤ ਵਿੱਚ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਨੇ ਆਏ ਹੋਏ ਸਮੂਹ ਸਾਹਿਤਕਾਰਾਂ ਨੂੰ ਨਿੱਘਾ ਜੀ ਆਇਆਂ ਆਖਿਆ ਅਤੇ ਡਾ. ਕੌਂਕੇ ਦੇ ਜੀਵਨ ਤੇ ਸਾਹਿਤਕ ਯਾਤਰਾ ਬਾਰੇ ਸੰਖੇਪ ਚਾਨਣਾ ਪਾਇਆ। ਉਹਨਾਂ ਕੌਕੇ ਦੀ ਕਵਿਤਾ ਬੁੱਧੀਜੀਵੀ ਦਾ ਸਾਹਿਤਕ ਮੁਲਾਂਕਣ ਕੀਤਾ।
ਹਾਜ਼ਰੀਨ ਦੇ ਰੂ-ਬ-ਰੂ ਹੁੰਦਿਆਂ ਡਾ. ਅਮਰਜੀਤ ਕੌਂਕੇ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਦੀ ਬਾਤ ਪਾਈ। ਉਨ੍ਹਾਂ ਦੱਸਿਆ ਕਿ 1947 ਦੀ ਵੰਡ ਦਾ ਦਰਦ ਹੰਢਾਉਂਦਿਆਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਆ ਕੇ ਜਗਰਾਉਂ ਨੇੜਲੇ ਪਿੰਡ ਕੌਂਕੇ ਕਲਾਂ ਵੱਸਿਆ ਸੀ। ਤੰਗੀਆਂ-ਤੁਰਸ਼ੀਆਂ ਵਿੱਚੋਂ ਲੰਘਦਿਆਂ ਉੱਚ ਵਿੱਦਿਆ ਹਾਸਲ ਕੀਤੀ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਬਣਾਈ। ਉਨ੍ਹਾਂ ਪੰਜਾਬ ਦੇ ਕਾਲੇ ਦਿਨਾਂ ਦੇ ਪ੍ਰਭਾਵ ਅਤੇ ਆਪਣੀ ਸਿਰਜਣਾ-ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ ਕਵਿਤਾ ਦੀਆਂ ਅੱਠ ਪੁਸਤਕਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਨੇ ਸਾਹਿਤ ਅਕੈਡਮੀ ਦਿੱਲੀ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ, ਭਾਸ਼ਾ ਵਿਭਾਗ ਅਤੇ ਹੋਰ ਸੰਸਥਾਨਾਂ ਲਈ ਲਗਭਗ 45 ਕਿਤਾਬਾਂ ਦਾ ਅਨੁਵਾਦ ਕੀਤਾ ਹੈ। ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਸਤਕ ‘ਔਰਤ ਮੇਰੇ ਅੰਦਰ’ ਦੇ ਅਨੁਵਾਦ ਲਈ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ‘ ਦਿੱਤਾ ਗਿਆ। ਸਾਲ 2091 ਵਿੱਚ ਉਨ੍ਹਾਂ ਨੂੰ ਰਾਮਪੁਰ ਲਿਖਾਰੀ ਸਭਾ, ਵੱਲੋਂ ਦਵੰਦ ਕਥਾ ਪੁਸਤਕ ਲਈ ਪਹਿਲਾ ਸਨਮਾਨ ਮਿਲਿਆ ਸੀ। ਉਹ ਸਾਲ 2003 ਤੋਂ ਸਾਹਿਤਕ ਮੈਗਜ਼ੀਨ ‘ਪ੍ਰਤੀਮਾਨ’ ਦਾ ਨਿਰੰਤਰ ਸੰਪਾਦਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਨਵੀਂ ਕਿਤਾਬ ਵਿੱਚੋਂ ਚੋਣਵੀਆਂ ਕਵਿਤਾਵਾਂ ਦਾ ਪ੍ਰਭਾਵਸ਼ਾਲੀ ਪਾਠ ਵੀ ਕੀਤਾ।
ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਕਿਤਾਬ ਉੱਤੇ ਗੰਭੀਰ ਆਲੋਚਨਾਤਮਕ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਡਾ. ਸੁਰਜੀਤ ਪਾਤਰ ਤੋਂ ਬਾਅਦ ਪੰਜਾਬੀ ਕਵਿਤਾ ਇੱਕ ਨਵੇਂ ਦੌਰ ਵਿੱਚ ਪਹੁੰਚੀ ਹੈ ਜਿੱਥੇ ਪੋਇਟ ਐਨਰਜੀ ਦੇ ਨਵੇਂ ਕੇਂਦਰ ਸਥਾਪਿਤ ਹੋ ਰਹੇ ਹਨ। ਇਸ ਪ੍ਰਸੰਗ ਵਿਚ ਡਾ. ਕੌਂਕੇ ਦੀ ਸ਼ਾਇਰੀ ਆਪਣਾ ਇਕ ਸਾਰਥਿਕ ਇਮੇਜ ਉਸਾਰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪੁਸਤਕ ਵਿਚਲਾ ਮੈਟਾਫ਼ਰ ‘ਧਰਤੀ’ ਅਸਲ ਵਿੱਚ ਮਨੁੱਖੀ ਮਨ, ਸਮਾਜਿਕ ਚੇਤਨਾ ਅਤੇ ਕੁਦਰਤ ਤੇ ਮਸ਼ੀਨ ਦੇ ਆਪਸੀ ਦਵੰਦ ਨੂੰ ਪੇਸ਼ ਕਰਦਾ ਹੈ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਸ੍ਰੀ ਭੈਣੀ ਸਾਹਿਬ ਸਭਾ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਲਹਿੰਦੇ ਪੰਜਾਬ ਦੇ ਸ਼ਾਇਰ ਬਾਬਾ ਨਜ਼ਮੀ ਦੇ ਜਨਮਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਕੌਂਕੇ ਦੀ ਕਵਿਤਾ ਜੀਵਨ ਸੰਘਰਸ਼ ਵਿੱਚੋਂ ਉਪਜੀ ਹੋਣ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਦੀਪ ਦਿਲਬਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅਮਰਜੀਤ ਕੌਂਕੇ ਜ਼ਮੀਨੀ ਹਕੀਕਤਾਂ ਨਾਲ ਜੁੜੇ ਲੋਕਾਂ ਦੇ ਕਵੀ ਹਨ। ਹੋਰ ਦੋਸਤਾਂ ਨੇ ਵੀ ਇਸ ਕਵਿਤਾ ਦੇ ਵਿਭਿੰਨ ਪਹਿਲੂਆਂ ਬਾਰੇ ਚਰਚਾ ਕੀਤੀ। ਬੁੱਧ ਸਿੰਘ ਨੀਲੋਂ ਨੇ ਇਸ ਸੰਗ੍ਰਿਹ ਦੀ ਇਕ ਕਵਿਤਾ “ਇੱਕ ਕਾਮਯਾਬ ਆਦਮੀ” ਨੂੰ ਅਧਾਰ ਬਣਾ ਕੇ ਅਜੋਕੇ ਮਖੌਟਾਧਾਰੀ ਮਨੁੱਖ ਦੇ ਪ੍ਰਸੰਗ ਵਿੱਚ ਵਿਚਾਰ ਚਰਚਾ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਸੁਰਿੰਦਰ ਰਾਮਪੁਰੀ ਨੇ ਕੌਂਕੇ ਦੀਆਂ ਕਵਿਤਾਵਾਂ ਦੇ ਧਰਤੀ ਨਾਲ ਜੁੜੇ ਹੋਣ ਅਤੇ ਇਨ੍ਹਾਂ ਵਿਚਲੀ ਮਾਨਵੀ ਸੰਵੇਦਨਾ ਨੂੰ ਇਸ ਪੁਸਤਕ ਦੀ ਅਹਿਮ ਪ੍ਰਾਪਤੀ ਦੱਸਿਆ।
ਸਮਾਗਮ ਦੇ ਦੂਜੇ ਪੜਾਅ ਵਿੱਚ ਹੋਏ ਕਵੀ ਦਰਬਾਰ ਵਿੱਚ ਅਵਤਾਰ ਉਟਾਲ ਨੇ ‘ਦਿਨ ਤੀਆਂ ਦੇ’, ਮਨਜੀਤ ਘਣਗਸ ਨੇ ‘ਗਊ ਰੱਖਿਅਕ ਜਿਹੜੇ ਬਣਦੇ’, ਭੁਪਿੰਦਰ ਡਿਉਟਨੇ ‘ਕੋਈ ਮੈਨੂੰ ਪਾਗ਼ਲ ਦੀਵਾਨਾ ਕਹਿੰਦਾ’, ਬਿੱਟੂ ਮਾਨੂੰਪੁਰੀਆ ਨੇ ‘ਰੁੱਖਾਂ ਦੀਆਂ ਜੜ੍ਹਾਂ’, ਦੀਪ ਦਿਲਬਰ ਨੇ ‘ਕਲਮ ਦੀਵਾ, ਕਲਮ ਜੁਗਨੂੰ’ ਅਤੇ ਕਰਨੈਲ ਸਿਵੀਆ ਨੇ ‘ਕਿਉਂ ਦੇਖ ਕੇ ਸੜਦਾ’ ਗੀਤ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਕਰਨੈਲ ਸਿਵੀਆ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸੁਖਵਿੰਦਰ ਭਾਦਲਾ , ਗਮਦੂਰ ਘਣਗਸ, ਕੁਲਵਿੰਦਰ ਮਾਨੂੰਪੁਰੀ, ਅਮਨ ਅਜ਼ਾਦ ਵੀ ਸ਼ਾਮਲ ਸਨ। ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਬਲਵੰਤ ਮਾਂਗਟ, ਅਮਨ ਆਜ਼ਾਦ, ਕੁਲਵਿੰਦਰ ਮਾਨੂੰਪੁਰੀ ਅਤੇ ਬਿੱਟੂ ਮਾਨੂੰਪੁਰੀਆ ਨੇ ਬਾਖ਼ੂਬੀ ਨਿਭਾਇਆ।

