ਖਾਲਿਸਤਾਨ ਸਮਰਥਕਾਂ ਵੱਲੋਂ ਭੇਜੀਆਂ ਦੱਸੀਆਂ ਜਾਂਦੀਆਂ ਈਮੇਲਾਂ ਤੋਂ ਬਾਅਦ ਤੁਰੰਤ ਅਲਰਟ ਜਾਰੀ
ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹੇ ਦੇ ਛੇ ਸਕੂਲਾਂ ਨੂੰ ਮੰਗਲਵਾਰ ਸਵੇਰੇ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਤੋਂ ਬਾਅਦ ਨਿਸ਼ਾਨਾ ਬਣਾਏ ਗਏ ਸਾਰੇ ਅਦਾਰਿਆਂ ‘ਚ ਵਿਆਪਕ ਤਲਾਸ਼ੀ ਅਭਿਆਨ ਚਲਾਇਆ ਗਿਆ। ਚੈਕਿੰਗ ਦੌਰਾਨ ਕਿਸੇ ਵੀ ਸਕੂਲ ‘ਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਲਗਪਗ 10:15 ਵਜੇ ਦੋ ਵੱਖ-ਵੱਖ ਈਮੇਲਜ਼ ਪ੍ਰਾਪਤ ਹੋਈਆਂ। ਪਹਿਲੀ ਈਮੇਲ ਵਿੱਚ ਕੇਂਦਰੀ ਵਿਦਿਆਲਿਆ, ਦਿੱਲੀ ਇੰਟਰਨੈਸ਼ਨਲ ਸਕੂਲ ਅਤੇ ਜਵਾਹਰ ਨਵੋਦਿਆ ਵਿਦਿਆਲਿਆ, ਸਾਦਿਕ ਰੋਡ, ਫਰੀਦਕੋਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਕੁਝ ਸਮੇਂ ਬਾਅਦ ਦੂਜੀ ਈਮੇਲ ਰਾਹੀਂ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ, ਮਾਊਂਟ ਲਿਟਰਾ ਜ਼ੀ ਸਕੂਲ ਅਤੇ ਸੈਂਟ ਮੈਰੀ ਸਕੂਲ ਨੂੰ ਵੀ ਅਜਿਹੀ ਹੀ ਧਮਕੀ ਦਿੱਤੀ ਗਈ। ਖਾਲਿਸਤਾਨ ਸਮਰਥਕਾਂ ਵੱਲੋਂ ਭੇਜੀਆਂ ਦੱਸੀਆਂ ਜਾਂਦੀਆਂ ਇਨ੍ਹਾਂ ਈਮੇਲਾਂ ਤੋਂ ਬਾਅਦ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ। ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਦੀ ਅਗਵਾਈ ਹੇਠ ਪੁਲੀਸ ਟੀਮਾਂ ਸਾਰੇ ਛੇ ਸਕੂਲਾਂ ’ਚ ਪਹੁੰਚੀਆਂ ਅਤੇ ਇਮਾਰਤਾਂ ਦੇ ਕੋਨੇ-ਕੋਨੇ ਦੀ ਡੂੰਘਾਈ ਨਾਲ ਤਲਾਸ਼ੀ ਲਈ। ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਧਮਕੀ ਭਰੀਆਂ ਈਮੇਲਾਂ ਦਾ ਪਤਾ ਲੱਗਦਿਆਂ ਹੀ ਪੁਲੀਸ ਹਰਕਤ ਵਿੱਚ ਆ ਗਈ ਅਤੇ ਸਬੰਧਤ ਸਕੂਲਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕਿਸੇ ਵੀ ਅਦਾਰੇ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਧਮਕੀਆਂ ਤੋਂ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
