ਲੁਧਿਆਣਾ 16 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਖੇ ਹਾੜੀ ਦੀਆਂ ਫ਼ਸਲਾਂ ਲਈ ਲਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ 18-19 ਸਤੰਬਰ ਨੂੰ ਹੋ ਰਿਹਾ ਹੈ| ਇਸ ਮੇਲੇ ਦਾ ਉਦੇਸ਼ ਵਾਤਾਵਰਨ ਦੀ ਸੁਰੱਖਿਆ ਲਈ ਨਵੀਆਂ ਤਕਨਾਲੋਜੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ| ਇਸ ਲਈ ਮੇਲੇ ਦਾ ਥੀਮ ‘ਵਿਗਿਆਨਕ ਢੰਗ ਅਪਨਾਓ, ਖੇਤੀ ਆਮਦਨ ਵਧਾਓ’ ਰੱਖਿਆ ਗਿਆ ਹੈ|
ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ|
ਡਾ. ਭੁੱਲਰ ਨੇ ਹੋਰ ਵਿਸਥਾਰ ਨਾਲ ਦੱਸਿਆ ਕਿ ਇਹ ਮੇਲਾ ਕਿਸਾਨਾਂ ਅਤੇ ਵਿਗਿਆਨੀਆਂ ਵਿਚਕਾਰ ਆਉਂਦੇ ਫਸਲੀ ਸੀਜ਼ਨ ਦੌਰਾਨ ਕਾਸ਼ਤ ਲਈ ਆਉਣ ਵਾਲੀਆਂ ਮੁਸ਼ਕਲਾਂ, ਬਿਮਾਰੀਆਂ, ਕੀੜਿਆਂ ਦੇ ਨਾਲ-ਨਾਲ ਨਵੀਆਂ ਕਿਸਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੰਚ ਵੀ ਪ੍ਰਦਾਨ ਕਰਦਾ ਹੈ| ਉਹਨਾਂ ਕਿਹਾ ਕਿ ਮੇਲੇ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਨਾਲ ਜੁੜਿਆ ਹੋਣ ਕਾਰਨ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਢੁੱਕਵੀਂ ਮਸ਼ੀਨਰੀ ਅਤੇ ਹੋਰ ਤਕਨੀਕਾਂ ਬਾਰੇ ਚੇਤਨ ਕਰਨਾ ਹੈ| ਇਸ ਮੌਕੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਨਵੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ| ਮਾਹਿਰਾਂ ਨਾਲ ਸਵਾਲ-ਜਵਾਬ ਸੈਸ਼ਨ ਮੇਲੇ ਦਾ ਮੁੱਖ ਆਕਰਸ਼ਣ ਰਹੇਗਾ|
ਮੇਲੇ ਵਿਚ ਕਿਸਾਨਾਂ ਦੀ ਮੁੱਖ ਰੁਚੀ ਯੂਨੀਵਰਸਿਟੀ ਵੱਲੋਂ ਤਿਆਰ ਕਿਸਮਾਂ, ਫਲਾਂ ਬੂਟਿਆਂ ਅਤੇ ਖੇਤੀ ਸਾਹਿਤ ਵੱਲ ਵਧੇਰੇ ਦੇਖੀ ਜਾਂਦੀ ਹੈ| ਫ਼ਸਲਾਂ ਦੇ ਬੀਜਾਂ, ਫਲ ਬੂਟਿਆਂ ਅਤੇ ਖੇਤੀ ਸਾਹਿਤ ਦੀ ਮੈਂਬਰਸ਼ਿਪ ਲਈ ਵਿਸ਼ੇਸ਼ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਇਸਦੇ ਨਾਲ ਹੀ ਉਦਘਾਟਨੀ ਸਮਾਰੋਹ ਵਿਚ ਰੰਗਾਰੰਗ ਪ੍ਰੋਗਰਾਮ ਹੋਵੇਗਾ ਜਿਸ ਵਿਚ ਪੰਜਾਬ ਦੇ ਨਾਮੀ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ|
ਪੀ.ਏ.ਯੂ ਉੱਚ ਅਧਿਕਾਰੀਆਂ ਨੇ ਇਸ ਮੇਲੇ ਵਿਚ ਪੰਜਾਬ ਤੋਂ ਇਲਾਵਾ ਆਸ-ਪਾਸ ਦੇ ਰਾਜਾਂ ਤੋਂ ਭਾਰੀ ਗਿਣਤੀ ਵਿਚ ਕਿਸਾਨਾਂ ਦੇ ਸ਼ਾਮਿਲ ਹੋਣ ਦੀ ਆਸ ਪ੍ਰਗਟਾਈ

