ਆਪਣੀ ਵਾਰੀ ਪੁਗਾ ਕੇ ਹਰਭਜਨ ਸਿੰਘ ਬਾਜਵਾ ਵੀ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਅਲਬੇਲੀ ਸ਼ਖ਼ਸੀਅਤ ਦਾ ਮਾਲਕ। ਦਰਵੇਸ਼ੀ ਰੂਹ। ਸੋਭਾ ਸਿੰਘੀ ਅੰਦਾਜ਼ ਵਿੱਚ ਖਿੱਲਰੇ ਕੇਸ। ਸਾਦਾ ਕੁਰਤਾ ਪਜਾਮਾ, ਗਲ਼ ਵਿੱਚ ਕੈਮਰਾ, ਚਿਹਰੇ ’ਤੇ ਖ਼ਚਰੀ ਮੁਸਕਰਾਹਟ। ਇੱਕ ਅੱਖ ਥੋੜਾ ਕੁ ਮੀਚੀ ਹੋਈ। ਬੇਲਿਹਾਜ ਤੇ ਮੂੰਹ ਫੱਟ। ਉਹਦਾ ਪਤਾ ਨਾ ਹੁੰਦਾ ਕਿ ਹੱਥ ਮਿਲਾਉਣ ਤੋਂ ਪਹਿਲਾਂ ਜਾਂ ਪਿੱਛੋਂ ਉਹਨੇ ਤੁਹਾਨੂੰ ਕੀ ਆਖ ਦੇਣਾ।
ਉਹਦੇ ਬਾਰੇ ਮਸ਼ਹੂਰ ਸੀ ਕਿ ਜਾਂ ਤਾਂ ਤੁਸੀਂ ਉਹਨੂੰ ਮਿਲਦਿਆਂ ਹੀ ਪੱਟਾਂ ਤੋਂ ਚੁੱਕ ਲਓ, ਨਹੀਂ ਤਾਂ ਉਹ ਤੁਹਾਡੀਆਂ ਬਾਜ਼ੀਆਂ ਪੁਆ ਦੇਵੇਗਾ।
ਪਤਾ ਨਹੀਂ ਉਹਦੇ ਨਾਲ ਕਦੋਂ ਪਹਿਲਾ ਮੇਲ ਮਿਲਾਪ ਹੋਇਆ, ਪਰ ਏਨਾ ਯਾਦ ਹੈ ਤੇ ਸਭ ਨੂੰ ਯਾਦ ਹੈ ਕਿ ਉਹ ਪ੍ਰੀਤ ਨਗਰ, ਅੰਬਰਸਰ, ਬਟਾਲੇ, ਜਲੰਧਰ, ਲੁਧਿਆਣੇ, ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਹੁੰਦੇ ਹਰੇਕ ਸਾਹਿਤਕ ਸਮਾਗਮ ਵਿੱਚ ਹਾਜ਼ਰ ਹੁੰਦਾ। ਉਹਦਾ ਕੈਮਰਾ ‘ਕਲਿੱਕ’, ‘ਕਲਿੱਕ’ ਕਰਦਾ ਰਹਿੰਦਾ।
ਏਦਾਂ ਦੇ ਕਿਸੇ ਸਮਾਗਮ ਵਿੱਚ ਹੀ ਉਹ ਮੈਨੂੰ ਮਿਲਿਆ ਹੋਊ।
ਹਰ ਇੱਕ ਦੀਆਂ ਉਸ ਨਾਲ ਅਨੇਕਾਂ ਯਾਦਾਂ ਜੁੜੀਆਂ ਨੇ। ਇਸ ਵੇਲੇ ਮੇਰੇ ਚੇਤਿਆਂ ਵਿੱਚੋਂ ਇੱਕ ਮਿਲਣੀ ਲਿਸ਼ਕੀ ਹੈ। 1970-71 ਦੀ ਗੱਲ ਹੋਵੇਗੀ। ਅਸੀਂ ਅੰਬਰਸਰ ਦੀ ਗੁਰੂ ਰਾਮਦਾਸ ਦੀ ਸਰਾਂ ਦੇ ਕਿਸੇ ਕਮਰੇ ਵਿੱਚ ਇਕੱਠਿਆਂ ਰਾਤ ਗੁਜ਼ਾਰੀ ਸੀ, ਇਸਦਾ ਅੱਗਾ ਪਿੱਛਾ ਕੁਝ ਯਾਦ ਨਹੀਂ ਆ ਰਿਹਾ। ਦਿਨ ਦੇ ਚੜਾਅ ਨਾਲ ਬਾਜਵੇ ਨੇ ਆਪਣੀ ਗੁਥਲੀ ਖੋਲ੍ਹੀ ਤੇ ਉਸ ਵਿੱਚੋਂ ਕੱਢ ਕੱਢ ਕੇ ਕੁਝ ਯਾਦਗਰੀ ਤਸਵੀਰਾਂ ਵਿਖਾਉਣ ਲੱਗਾ।
ਵੱਡੇ ਵੱਡੇ ਲੇਖਕਾਂ ਦੀਆਂ, ਸਿਆਸਤਦਾਨਾਂ ਦੀਆਂ। ਫਿਰ ਇੱਕ ਦਰਸ਼ਨੀ ਨਿਹੰਗ ਸਿੰਘ ਦੀਆਂ ਦਸ ਪੰਦਰਾਂ ਤਸਵੀਰਾਂ ਮੇਰੇ ਸਾਹਮਣੇ ਖਿਲਾਰ ਦਿੱਤੀਆਂ।
“ਇਹ ਕੌਣ ਹੈ?”
“ਇਸ ਨਿਹੰਗ ਦਾ ਨਾਂ ਜਥੇਦਾਰ ….ਸਿੰਘ ਏ। ਮੈਂ ਇਹਦੀ ਤਸਵੀਰ ਖਿੱਚੀ। ਸ. ਸੋਭਾ ਸਿੰਘ ਜੀ ਨੇ ਵੇਖੀ ਤਾਂ ਮੈਨੂੰ ਕਹਿੰਦੇ , ‘ਇਹਦੀਆਂ ਦਸ ਪੰਦਰਾਂ ਤਸਵੀਰਾਂ ਹੋਰ ਖਿੱਚ ਕੇ ਲਿਆ।“
“ਏਨੀਆਂ ਤਸਵੀਰਾਂ ਕਾਹਦੇ ਵਾਸਤੇ?”
“ਉਹ ਇਹਨੂੰ ਮਾਡਲ ਬਣਾ ਕੇ ਪੇਟਿੰਗ ਬਣਾਉਣਾ ਚਾਹੁੰਦਾ। ਤੂੰ ਵੇਖ ਲਈਂ, ਉਹਨਾਂ ਇਸ ਨਿਹੰਗ ਸਿੰਘ ਨੂੰ ਪੇਂਟਿੰਗ ਬਣਾ ਛੱਡਣਾ ਈਂ।“
ਤੇ ਵਾਕਿਆ ਈ ਸ. ਸੋਭਾ ਸਿੰਘ ਨੇ ਉਸ ਨਿਹੰਗ ਸਿੰਘ ਨੂੰ ਆਧਾਰ ਬਣਾ ਕੇ ਜਾਹੋ ਜਲਾਲ ਵਾਲੀ ਪੇਟਿੰਗ ਬਣਾ ਛੱਡੀ’, ਜਿਹੜੀ ਅੱਜ ਬਹੁਤੇ ਸਿੱਖ ਸ਼ਰਧਾਲੂਆਂ ਦੇ ਘਰਾਂ ਵਿੱਚ ਕੰਧਾਂ ’ਤੇ ਲੱਗੀ ਮਿਲਦੀ ਹੈ।
ਉਹ ਮਨ-ਮੌਜੀ ਬੰਦਾ ਸੀ।
ਇੱਕ ਵਾਰ 1974-75 ਵਿੱਚ ਗੁਰਭਜਨ ਗਿੱਲ ਹੁਰਾਂ ਧਿਆਨਪੁਰ (ਗੁਰਦਾਸਪੁਰ) ਦੀ ਪੰਜਾਬੀ ਸਾਹਿਤ ਸਭਾ ਵੱਲੋਂ ਕਹਾਣੀ ਗੋਸ਼ਟੀ ਕਰਵਾਈ। ਓਥੇ ਸ਼ਮਸ਼ੇਰ ਸਿੰਘ ਸੰਧੂ ਨੇ ‘ਚੈਂਪੀਅਨ’ ਤੇ ਮੈਂ ਆਪਣੀ ਕਹਾਣੀ ‘ਡੁੰਮ੍ਹ’ ਪਹਿਲੀ ਵਾਰ ਸੁਣਾਈ। ਦੇਵਿੰਦਰ ਦੀਦਾਰ ਤੇ ਹੋਰ ਕੌਣ ਕੌਣ ਕਹਾਣੀਕਾਰ ਸਨ, ਪੱਕੀ ਯਾਦ ਨਹੀਂ, ਪਰ ਗੁਰਭਜਨ ਗਿੱਲ ਦੇ ਬਾਪੂ ਜੀ ਦੀ ‘ਆਲੋਚਨਾਤਮਕ ਟਿੱਪਣੀ’ ਮੈਨੂੰ ਅੱਜ ਵੀ ਯਾਦ ਹੈ। ਮੇਰੀ ਕਹਾਣੀ ਕੁਝ ਲੰਮੀ ਸੀ। ਬਾਪੂ ਜੀ ਕਹਿੰਦੇ, “ਜੁਆਨ ਦੀ ‘ਘਾਣੀ’ ਤਾਂ ਚੰਗੀ ਸੀ, ਪਰ ਝੁੱਟੀ ਕੁਝ ਜ਼ਿਆਦਾ ਹੀ ਤਾਂ ਨਹੀਂ ਲੱਗ ਗਈ?”
ਖ਼ੈਰ… ਇਹ ਗੱਲ ਤਾਂ ਚੱਲਦੇ ਚੱਲਦੇ ਯਾਦ ਆ ਗਈ। ਹਰਭਜਨ ਸਿੰਘ ਬਾਜਵਾ ਕਹਾਣੀ ਗੋਸ਼ਟੀ ਦੀਆਂ ਤਸਵੀਰਾਂ ਖਿੱਚਣ ਲਈ ਆਇਆ ਹੋਇਆ ਸੀ। ਪਰ ਮੌਕੇ ਤੇ ਉਹ ਕਿਤੇ ਲੱਭੇ ਨਾ!
“ਬਾਜਵਾ ਕਿੱਥੇ ਆ ਯਾਰ!” ਸਭਾ ਦੇ ਪ੍ਰਧਾਨ ਤੇ ਸਿਰਮੌਰ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੇ ਸਭ ਨੂੰ ਪੁੱਛਿਆ।
ਮੈਂ ਕਿਹਾ, “ਮੈ ਲੱਭ ਕੇ ਲਿਆਉਂਦਾ।“
ਗੋਸ਼ਟੀ ਧਿਆਨਪੁਰ ਹਾਈ ਸਕੂਲ ਦੇ ਮੈਦਾਨ ਵਿੱਚ ਹੋ ਰਹੀ ਸੀ। ਲੱਭਦਾ ਲੱਭਦਾ, ਮੈਂ ਸਕੂਲ ਦੇ ਪਿਛਲੇ ਪਾਸੇ ਗਿਆ ਤਾਂ ਵੇਖਿਆ, ਬਾਜਵਾ ਬੋਹੜ ਦੀਆਂ ਟਾਹਣਾਂ ’ਤੇ ਅਠਖੇਲੀਆਂ ਕਰਦੇ ਗਾਲ੍ਹੜਾਂ ਦੀਆਂ ਵੱਖ ਵੱਖ ਕੋਨਾਂ ਤੋਂ ਤਸਵੀਰਾਂ ਖਿੱਚ ਰਿਹਾ ਸੀ।
“ਉਏ ਭਾਈਆ! ਤੈਨੂੰ ਓਧਰ ਫੋਟੋ ਖਿੱਚਣ ਲਈ ਲੱਭਦੇ ਫਿਰਦੇ ਨੇ ਤੇ ਤੂੰ ਗਾਲ੍ਹੜਾਂ ਦੁਆਲੇ ਭੱਜਾ ਫਿਰਦਾਂ!”
“ਓ ਜਾਹ ਤੂੰ ਜਾਹ! ਉਹਨਾਂ ਦੀਆਂ ਬੂਥੀਆਂ ਨਾਲੋਂ ਗਾਲ਼੍ਹੜਾਂ ਦੀਆਂ ਬੂਥੀਆਂ ਵੱਧ ਸੋਹਣੀਆਂ ਨੇ।“
ਮੈਂ ਮਸਾਂ ਉਹਨੂੰ ‘ਵਰਚਾ’ ਕੇ ਸਮਾਗਮ ਵਾਲੀ ਥਾਂ ਤੇ ਲਿਆਇਆ।
ਉਹ ਦਿਲਦਾਰ ਬੰਦਾ ਸੀ। ਉਹਦੀ ਗੱਲ ਦਾ ਕੋਈ ਵੀ ਗੁੱਸਾ ਨਹੀਂ ਸੀ ਕਰਦਾ। ਉਸਨੇ ਪੰਜਾਬ ਦੇ ਸਾਹਿਤਕ, ਕਲਾਤਮਕ ਅਤੇ ਸਮਾਜਕ ਜੀਵਨ ਨੂੰ ਕੈਮਰੇ ਰਾਹੀਂ ਇਸ ਤਰ੍ਹਾਂ ਕੈਦ ਕੀਤਾ ਕਿ ਉਹ ਇਤਿਹਾਸਕ ਦਸਤਾਵੇਜ਼ ਬਣ ਗਿਆ। ਉਸਦੇ ਕੈਮਰੇ ਨੇ ਕਈ ਮਹਾਨ ਸ਼ਖ਼ਸੀਅਤਾਂ ਨੂੰ ਸੰਭਾਲਿਆ।
ਪਿਛਲੇਰੇ ਸਾਲ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਬਾਜਵਾ ਨੂੰ ਉਹਦੀ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸ. ਉੱਤਮ ਸਿੰਘ ਨਿੱਝਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੁਰਭਜਨ ਗਿੱਲ, ਲਖਵਿੰਦਰ ਜੌਹਲ , ਮੇਰੇ ਸਹਿਪਾਠੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਡਾ. ਹਰਮੋਹਿੰਦਰ ਸਿੰਘ ਬੇਦੀ, ਡਾ. ਸਤਨਾਮ ਸਿੰਘ ਨਿੱਝਰ,ਗੁਰਪ੍ਰੀਤ ਸਿੰਘ ਤੂਰ, ਡਾ. ਕਰਨੈਲ ਸ਼ੇਰਗਿੱਲ, ਡਾ. ਬਿਕਰਮਜੀਤ,ਡਾ. ਗੁਰਇਕਬਾਲ ਸਿੰਘ,ਡਾ ਨਰੇਸ਼ ਕੁਮਾਰ, ਡਾ. ਉਮਿੰਦਰ ਜੌਹਲ , ਗਗਨਦੀਪ ਸਿੰਘ ਵਿਰਕ ਤੇ ਹੋਰ ਵਿਦਵਾਨਾਂ ਦੀ ਸੰਗਤ ਵਿੱਚ ਮੈਂ ਵੀ ਬਾਜਵੇ ਦੇ ਦਰਸ਼ਨ ਦੀਦਾਰੇ ਕੀਤੇ।
ਹਰਭਜਨ ਸਿੰਘ ਬਾਜਵਾ ਨਿਰਛਲ, ਨਿਰਵੈਰ ਤੇ ਮੁਹੱਬਤ ਨਾਲ ਛਲਕਦਾ ਦਰਿਆ ਸੀ।
ਉਹਦੇ ਤੁਰ ਜਾਣ ’ਤੇ ਅਹਿਮਦ ਨਦੀਮ ਕਾਸਮੀ ਦਾ ਸ਼ਿਅਰ ਯਾਦ ਆ ਰਿਹਾ ਹੈ:-
ਕੌਨ ਕਹਤਾ ਹੈ ਕਿ ਮੌਤ ਆਈ ਤੋ ਮਰ ਜਾਊਂਗਾ
ਮੈਂ ਤੋ ਦਰਯਾ ਹੂੰ, ਸਮੰਦਰ ਮੇਂ ਉਤਰ ਜਾਊਂਗਾ।
▪️ਵਰਿਆਮ ਸਿੰਘ ਸੰਧੂ (ਡਾ.)

