ਬਰੇਂਪਟਨ,1 ਅਕਤੂਬਰ (ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਚੱਲ ਰਹੇ ਪ੍ਰਸਿੱਧ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’ ਦੀ 58ਵੀਂ ਕੜੀ ਵਿੱਚ ਪੰਜਾਬੀ ਦੇ ਉੱਘੇ ਕਵੀ, ਚਿੰਤਕ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ ਨਾਲ ਪ੍ਰੋ. ਕੁਲਜੀਤ ਕੌਰ ਵੱਲੋਂ ਵਿਸ਼ੇਸ਼ ਰੂਬਰੂ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਕਨਵੀਨਰ ਡਾ. ਬਲਜੀਤ ਕੌਰ ਰਿਆੜ ਨੇ ਡਾ. ਸੈਫ਼ੀ ਨੂੰ ਬਹੁਪੱਖੀ ਪ੍ਰਤਿਭਾ ਵਾਲੇ ਚਿੰਤਨਸ਼ੀਲ ਸ਼ਾਇਰ ਦੱਸਿਆ। ਉਨ੍ਹਾਂ ਕਿਹਾ ਕਿ ਡਾ. ਸੈਫ਼ੀ ਦੀ ਕਵਿਤਾ ਆਪਣੇ ਸਮੇਂ, ਸਮਾਜ ਅਤੇ ਮਨੁੱਖੀ ਸਰੋਕਾਰਾਂ ਪ੍ਰਤੀ ਡੂੰਘੀ ਫ਼ਿਕਰਮੰਦੀ ਦੀ ਕਵਿਤਾ ਹੈ।ਰੂਬਰੂ ਦੌਰਾਨ ਪ੍ਰੋ. ਕੁਲਜੀਤ ਕੌਰ ਨੇ ਡਾ. ਸੈਫ਼ੀ ਦੇ ਜੀਵਨ, ਸਾਹਿਤਕ ਸਫ਼ਰ, ਚਿੰਤਨ, ਕਾਵਿ-ਸਿਰਜਣਾ ਅਤੇ ਸਾਹਿਤਕ ਪ੍ਰਾਪਤੀਆਂ ਦੇ ਵੱਖ-ਵੱਖ ਪਹਿਲੂਆਂ ਨੂੰ ਸੰਵਾਦ ਰਾਹੀਂ ਉਜਾਗਰ ਕੀਤਾ। ਡਾ. ਸੈਫ਼ੀ ਨੇ ਆਪਣੇ ਪਿੰਡ ਮੋਰਾਂਵਾਲੀ, ਜ਼ਿਲ੍ਹਾ ਫ਼ਰੀਦਕੋਟ ਦੇ ਪਿਛੋਕੜ ਅਤੇ ਸੰਘਰਸ਼ਮਈ ਬਚਪਨ ਨੂੰ ਯਾਦ ਕਰਦਿਆਂ ਕਿਹਾ ਕਿ ਮਨੁੱਖ ਦਾ ਪਿਛੋਕੜ ਉਸ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬਚਪਨ ਵਿੱਚ ਵੇਖੀਆਂ ਸਮਾਜਿਕ, ਧਾਰਮਿਕ ਅਤੇ ਜਾਤੀ ਵੰਡੀਆਂ ਅਤੇ ਕਿਤਾਬਾਂ ਪੜ੍ਹਨ ਦੇ ਸ਼ੌਕ ਨੇ ਉਨ੍ਹਾਂ ਅੰਦਰ ਚਿੰਤਨਸ਼ੀਲ ਦ੍ਰਿਸ਼ਟੀ ਪੈਦਾ ਕੀਤੀ।ਡਾ. ਦੇਵਿੰਦਰ ਸੈਫ਼ੀ ਦਾ ਸਾਹਿਤਕ ਸਫ਼ਰ ਕਵਿਤਾ ਤੱਕ ਹੀ ਸੀਮਤ ਨਹੀਂ, ਸਗੋਂ ਆਲੋਚਨਾ, ਸਾਹਿਤ-ਸਿਧਾਂਤ, ਦਰਸ਼ਨ, ਕਹਾਣੀ ਅਤੇ ਕਾਵਿ-ਚਿੰਤਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਦੀਆਂ ਪ੍ਰਮੁੱਖ ਪੁਸਤਕਾਂ ਵਿੱਚ ਕਾਵਿ-ਪੁਸਤਕ ‘ਦੁਪਹਿਰ ਦਾ ਸਫ਼ਾ’, ਆਲੋਚਨਾ ਦੀ ਪੁਸਤਕ ‘ਇਕਬਾਲ ਰਾਮੂਵਾਲੀਆ ਕਾਵਿ ਉਤਰਆਧੁਨਿਕ ਪਰਿਪੇਖ’, ਮੈਟਾ-ਆਲੋਚਨਾ ਨਾਲ ਸੰਬੰਧਿਤ ‘ਸੁਤਿੰਦਰ ਸਿੰਘ ਨੂਰ : ਸਿਧਾਂਤ ਤੇ ਸਮੀਖਿਆ’, ਫ਼ਿਲਾਸਫ਼ੀ ਅਤੇ ਵਾਰਤਕ ਦੀ ਪੁਸਤਕ ‘ਨੀਤਸ਼ੇ ਦਾ ਮਹਾਂਮਾਨਵ’, ਸਿਧਾਂਤਕਾਰੀ ਨਾਲ ਸੰਬੰਧਿਤ ‘ਸਾਹਿਤ ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ’ ਅਤੇ ਕਹਾਣੀ-ਸੰਗ੍ਰਹਿ ‘ਵੱਡਿਆਂ ਦੀਆਂ ਮੱਤਾਂ’ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਇਸੇ ਤਰ੍ਹਾਂ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ‘ਕਲਾਮ-ਏ-ਸੈਫ਼ੀ’, ਕਾਵਿ-ਪੁਸਤਕ ‘ਮੁਹੱਬਤ ਨੇ ਕਿਹਾ’ ਅਤੇ ਕਾਵਿ-ਚਿੰਤਨ ਦੀ ਪੁਸਤਕ ‘ਕਵਿਤਾ ਦੇ ਪ੍ਰਵੇਸ਼-ਦੁਆਰ’ ਉਨ੍ਹਾਂ ਦੀ ਬਹੁਪੱਖੀ ਸਾਹਿਤਕ ਪ੍ਰਤਿਭਾ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਦੀ ਚੋਣਵੀਂ ਕਵਿਤਾ ਦਾ ਹਿੰਦੀ ਅਨੁਵਾਦ ‘ਜੋ ਮੁਹੱਬਤ ਨਹੀਂ ਕਰਤੇ’ ਵੀ ਪ੍ਰਕਾਸ਼ਨ ਅਧੀਨ ਹੈ।ਆਪਣੇ ਸਿਰਜਣਾਤਮਕ ਸਫ਼ਰ ਦੇ ਯਾਦਗਾਰੀ ਪਲ ਸਾਂਝੇ ਕਰਦਿਆਂ ਡਾ. ਸੈਫ਼ੀ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਦੀਆਂ ਠੋਕਰਾਂ ਅਤੇ ਸਮਾਜਿਕ ਵਿਸੰਗਤੀਆਂ ਨੇ ਉਨ੍ਹਾਂ ਦੀ ਕਵਿਤਾ ਨੂੰ ਦਿਸ਼ਾ ਦਿੱਤੀ। ਪੰਜਾਬੀ ਲੈਕਚਰਾਰ ਦੀ ਨਿਯੁਕਤੀ ਨਾਲ ਜੁੜੇ ਉਸ ਸਮੇਂ ਦੇ ਭ੍ਰਿਸ਼ਟ ਮਾਹੌਲ ਦੇ ਤਜਰਬੇ ਨੇ ਉਨ੍ਹਾਂ ਨੂੰ ਅੰਦਰੋਂ ਝੰਜੋੜਿਆ ਅਤੇ ਇਸੇ ਪੀੜ ਵਿੱਚੋਂ ‘ਵੋਟ ਰਾਜ’ ਵਰਗੀ ਰਚਨਾ ਜਨਮੀ। ਆਪਣੀ ਕਵਿਤਾ ਵਿੱਚ ‘ਅੱਗ’ ਦੇ ਪ੍ਰਤੀਕ ਬਾਰੇ ਗੱਲ ਕਰਦਿਆਂ ਉਨ੍ਹਾਂ ਬਚਪਨ, ਜਵਾਨੀ, ਅਧੂਰੇ ਅਰਮਾਨਾਂ ਅਤੇ ਜੀਵਨ-ਸੰਘਰਸ਼ ਦੀ ਅਗਨੀ ਨੂੰ ਵੱਖ-ਵੱਖ ਰੂਪਾਂ ਵਿੱਚ ਪੇਸ਼ ਕੀਤਾ।
ਆਪਣੇ ਤਖ਼ੱਲਸ ‘ਸੈਫ਼ੀ’ ਬਾਰੇ ਉਨ੍ਹਾਂ ਦੱਸਿਆ ਕਿ ਜਾਤੀਗਤ ਪਛਾਣ ਤੋਂ ਉੱਪਰ ਉੱਠ ਕੇ ਨਿਰਪੱਖ ਰਹਿਣ ਦੀ ਇੱਛਾ ਇਸ ਨਾਮ ਨਾਲ ਜੁੜੀ ਹੋਈ ਹੈ। ਭਾਸ਼ਾ ਪ੍ਰਤੀ ਆਪਣੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਾਂ-ਬੋਲੀ ਪ੍ਰਤੀ ਸੱਚ ਬੋਲਣ ਦੀ ਆਜ਼ਾਦੀ ਉਨ੍ਹਾਂ ਲਈ ਅਹੁਦੇ ਤੋਂ ਵੱਧ ਮਹੱਤਵਪੂਰਨ ਰਹੀ। ਮਾਂ-ਬੋਲੀ ਪ੍ਰਤੀ ਆਪਣੀ ਅਕੀਦਤ ਉਨ੍ਹਾਂ ਇਸ ਕਾਵਿ-ਸਤਰ ਰਾਹੀਂ ਪ੍ਰਗਟਾਈ—
“ਮਾਂ ਬੋਲੀ ਬਿਨਾਂ ਕੌਣ ਲੋਰੀਆਂ ਸੁਣਾਏਗਾ।”
ਪ੍ਰੋ. ਕੁਲਜੀਤ ਕੌਰ ਨੇ ਡਾ. ਸੈਫ਼ੀ ਦੀ ਰਚਨਾ ‘ਜੇ ਸਾਈਂ ਤੌਫ਼ੀਕ ਦੇਵੇ ਤਾਂ’ ਨੂੰ ਸੰਗੀਤਕ ਮਾਧਿਅਮ ਰਾਹੀਂ ਸਰੋਤਿਆਂ ਦੇ ਰੂਬਰੂ ਕੀਤਾ, ਜਿਸ ਨੇ ਮਾਹੌਲ ਨੂੰ ਭਾਵਪੂਰਤ ਬਣਾ ਦਿੱਤਾ। ਉਨ੍ਹਾਂ ਦੀ ਕਾਵਿ-ਪੁਸਤਕ ‘ਮੁਹੱਬਤ ਨੇ ਕਿਹਾ’ ਬਾਰੇ ਹੋਈ ਚਰਚਾ ਦੌਰਾਨ ਡਾ. ਸੈਫ਼ੀ ਨੇ ਮੁਹੱਬਤ ਨੂੰ ਮਨੁੱਖੀ ਜੀਵਨ ਦੀ ਡੂੰਘੀ ਅੰਦਰੂਨੀ ਲੋੜ ਦੱਸਦਿਆਂ ਇਸ ਦੇ ਵੱਖ-ਵੱਖ ਰੂਪਾਂ ਅਤੇ ਸੰਵੇਦਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵੱਲੋਂ ਸੁਣਾਈਆਂ ਚੋਣਵੀਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਅਜੋਕੇ ਕਾਵਿ ਦੀਆਂ ਵਿਡੰਬਨਾਵਾਂ ਅਤੇ ਲੋਕ-ਰੰਗ ਬਾਰੇ ਵੀ ਸਾਰਥਕ ਚਰਚਾ ਹੋਈ।
ਇਸ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਸਤੰਬਰ ਮਹੀਨੇ ਦਾ ਈ-ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ। ਅਜੈਬ ਸਿੰਘ ਚੱਠਾ ਨੇ ਡਾ. ਸੈਫ਼ੀ ਦੀ ਸ਼ਖ਼ਸੀਅਤ ਅਤੇ ਸਿਰਜਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਹਮੇਸ਼ਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।
ਪ੍ਰੋਗਰਾਮ ਵਿੱਚ ਸਤਬੀਰ, ਡਾ. ਅਮਰਜੀਤ ਕੌਕੇ, ਗੁਰਚਰਨ ਸਿੰਘ ਜੋਗੀ, ਸਰਦੂਲ ਸਿੰਘ ਥਿਆੜਾ, ਅਜੈਬ ਸਿੰਘ ਚੱਠਾ, ਰਾਜਬੀਰ ਗਰੇਵਾਲ, ਹਰਦਿਆਲ ਸਿੰਘ ਝੀਤਾ, ਜੈਲੀ ਗੇਰਾ, ਡਾ. ਸਤਿੰਦਰ ਕੌਰ ਕਾਹਲੋਂ, ਪ੍ਰੋ. ਪਵਨ ਖਿੱਚੀ, ਹਰਭਜਨ ਕੌਰ ਗਿੱਲ, ਅੰਜੂ ਗਰੋਵਰ, ਡਾ. ਅਮਰਜੋਤੀ ਮਾਂਗਟ , ਡਾ . ਕਰਮਜੀਤ ਕੌਰ ਕਿਸ਼ਾਂਵਲ ਰਿੰਟੂ ਭਾਟੀਆ ਅਤੇ ਹਰਜੀਤਕੌਰ ਗਿੱਲ ਸਮੇਤ ਦੇਸ਼ ਵਿਦੇਸ਼ ਤੋਂ ਅਨੇਕ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਯਪ੍ਰੋਗਰਾਮ ਦੀ ਸਮਾਪਤੀ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਸੁਰਜੀਤ ਨੇ ਸਮੁੱਚੇ ਰੂਬਰੂ ਦਾ ਸਾਰ ਪੇਸ਼ ਕਰਦਿਆਂ ਇਸ ਨੂੰ ਯਾਦਗਾਰੀ, ਪ੍ਰੇਰਨਾਮਈ ਅਤੇ ਚਿੰਤਨ-ਭਰਪੂਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਰੂਬਰੂ ਰਾਹੀਂ ਡਾ. ਸੈਫ਼ੀ ਦੀ ਜ਼ਿੰਦਗੀ, ਸੰਘਰਸ਼, ਸੰਵੇਦਨਾ ਅਤੇ ਕਵਿਤਾ ਦੇ ਅਨੇਕ ਅਣਛੋਹੇ ਪੱਖ ਸਾਹਮਣੇ ਆਏ। ਉਨ੍ਹਾਂ ਪ੍ਰੋ. ਕੁਲਜੀਤ ਕੌਰ ਵੱਲੋਂ ਡੂੰਘੀ ਤਿਆਰੀ ਨਾਲ ਸ਼ਖ਼ਸੀਅਤ ਦੇ ਸਮੁੱਚ ਨੂੰ ਉਜਾਗਰ ਕਰਨ ਦੀ ਵਿਸ਼ੇਸ਼ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਦੀ ਨਿਰੰਤਰਤਾ ਲਈ ਰਮਿੰਦਰ ਰੰਮੀ ਨੂੰ ਵਧਾਈ ਦਿੱਤੀ।
ਇਸ ਤਰ੍ਹਾਂ ‘ਸਿਰਜਣਾ ਦੇ ਆਰ-ਪਾਰ’ ਦਾ 58ਵਾਂ ਰੂਬਰੂ ਡਾ. ਦੇਵਿੰਦਰ ਸੈਫ਼ੀ ਦੇ ਜੀਵਨ-ਸੰਘਰਸ਼, ਚਿੰਤਨ, ਮਾਂ-ਬੋਲੀ ਪ੍ਰਤੀ ਵਚਨਬੱਧਤਾ ਅਤੇ ਕਾਵਿ-ਸੰਵੇਦਨਾ ਦੀਆਂ ਅਨੇਕ ਪਰਤਾਂ ਖੋਲ੍ਹਦਾ ਹੋਇਆ ਯਾਦਗਾਰੀ ਹੋ ਨਿੱਬੜਿਆ।
ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖ਼ੇਖਰ ਅਤੇ ਪ੍ਰੋ. ਕੁਲਜੀਤ ਕੌਰ ਵੱਲੋਂ ਰਮਿੰਦਰ ਰੰਮੀ ਨਾਲ ਸਾਂਝੀ ਕੀਤੀ ਗਈ । ਧੰਨਵਾਦ ਸਹਿਤ ।
