ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਦੀ ਲੋੜ — ਲਲਿਤ ਗੁਪਤਾ

ਅਹਿਮਦਗੜ੍ਹ, 16 ਅਕਤੂਬਰ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਗਾਂਧੀ ਸਕੂਲ ਵਿੱਚ ਕਰਵਾਈ ਜਾ ਰਹੀ ਸਾਲਾਨਾ ਰਾਮਲੀਲਾ ਦੇ ਤੀਜੇ ਦਿਨ ਦਾ ਸ਼ਾਨਦਾਰ ਉਦਘਾਟਨ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਦੇ ਮੈਂਬਰ ਲੈਕਚਰਾਰ ਲਲਿਤ ਗੁਪਤਾ, ਨਰੇਸ਼ ਬਾਂਸਲ, ਕਮਲ ਲਾਲੀ ਅਤੇ ਸ਼ਿਵ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਦੀਪਕ ਸ਼ਰਮਾ ਦੀਪਾ, ਦੇਸ਼ਰਾਜ ਸ਼ਰਮਾ ਅਤੇ ਅਜੀਤ ਸਿੰਘ ਰਾਜਦ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਮੈਂਬਰ ਲਲਿਤ ਗੁਪਤਾ ਅਤੇ ਰਮਨ ਸੂਦ ਨੇ ਤ੍ਰਿਮੂਰਤੀ ਕਲਾ ਮੰਚ, ਭਾਰਤੀ ਸਨਾਤਨ ਧਰਮ ਮਹਾਵੀਰ ਦਲ ਅਤੇ ਸਮਾਜ ਸੇਵਾ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਹਾਜ਼ਰ ਸੰਗਤ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਮਰਿਆਦਾ, ਸੱਚਾਈ, ਤਿਆਗ ਅਤੇ ਸੇਵਾ ਦੀ ਭਾਵਨਾ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਅਹਿਮਦਗੜ੍ਹ ਵਿੱਚ ਇਸ ਧਾਰਮਿਕ ਪਰੰਪਰਾ ਨੂੰ ਜਿਊਂਦਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਉਦਘਾਟਨ ਸਮਾਰੋਹ ਤੋਂ ਬਾਅਦ ਰਾਮਲੀਲਾ ਦੇ ਕਲਾਕਾਰਾਂ ਨੇ ਤੀਜੇ ਦਿਨ ਦੇ ਪ੍ਰਸੰਗਾਂ ਕੈਕਈ-ਮੰਥਰਾ ਸੰਵਾਦ ਅਤੇ ਸ਼੍ਰੀ ਰਾਮ ਵਣਵਾਸ ਦਾ ਬੇਹੱਦ ਜੀਵੰਤ ਅਤੇ ਮਨਮੋਹਕ ਮੰਚਨ ਕੀਤਾ। ਇਸ ਦਾ ਆਨੰਦ ਮਾਣਨ ਲਈ ਵੱਡੀ ਗਿਣਤੀ ਵਿੱਚ ਸਥਾਨਕ ਸ਼ਰਧਾਲੂ ਅਤੇ ਦਰਸ਼ਕ ਗਾਂਧੀ ਸਕੂਲ ਦੇ ਵਿਹੜੇ ਵਿੱਚ ਪਹੁੰਚੇ। ਪੂਰਾ ਪੰਡਾਲ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਰਾਮਲੀਲਾ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੁਕੇਸ਼ ਮੋਰਵਾਲ, ਸ਼ਿਵ ਸ਼ਰਮਾ, ਭਾਰਤ ਕਪੂਰ, ਨਰੇਸ਼ ਬਾਂਸਲ, ਮਾਨਵ ਸ਼ਰਮਾ, ਰਾਜੀਵ ਗਰਗ ਰਾਜੂ ਰੀਟਾ ਗਰਗ ਗਾਇਤਰੀ ਸ਼ਰਮਾ ਜਤਿੰਦਰ ਵਰਮਾ ਤੋਂ ਇਲਾਵਾ ਸ਼ਹਿਰ ਦੇ ਸੈਂਕੜੇ ਸ਼ਰਧਾਲੂ ਹਾਜ਼ਰ ਸਨ।

