ਜਾਂਚ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ
ਫ਼ਰੀਦਕੋਟ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਅਰਾਈਆਂਵਾਲਾ, ਮਹਿਮੂਆਣਾ ਅਤੇ ਮਚਾਕੀ ਕਲਾਂ ਵਿਖੇ ਹੌਟ ਸਪੌਟ ਖੇਤਰਾਂ ਵਿੱਚ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਜਾਂਚ ਦੌਰਾਨ ਪਿੰਡ ਅਰਾਈਆਂਵਾਲਾ ਦੇ ਪਿੱਪਲੀ ਰੋਡ ਸਥਿਤ ਬਾਬਾ ਫ਼ਰੀਦ ਮੈਡੀਕੋਜ਼ ਵਿਖੇ ਫਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਫਰਮ ਵੱਲੋਂ ਸ਼ਡਿਊਲ ਐੱਚ-1 ਦਵਾਈਆਂ ਦਾ ਰਜਿਸਟਰ ਵੀ ਸਹੀ ਢੰਗ ਨਾਲ ਸਾਂਭ ਕੇ ਨਹੀਂ ਰੱਖਿਆ ਗਿਆ ਸੀ ਅਤੇ ਸ਼ਡਿਊਲ ਐੱਚ-1 ਅਧੀਨ ਆਉਣ ਵਾਲੀ ਦਵਾਈ ਸੈਫੀਜੈੱਟ (ਸੈਫਿਕਸਿਮ) ਦਾ ਸਟਾਕ ਵੀ ਪਾਇਆ ਗਿਆ। ਇਸੇ ਲੜੀ ਤਹਿਤ ਪਿੰਡ ਮਹਿਮੂਆਣਾ ਵਿਖੇ ਦਿਲਜਨ ਡਰੱਗਜ਼ ਸਟੋਰ ਅਤੇ ਪਾਰਸ ਮੈਡੀਕੇਅਰ ਅਤੇ ਪਿੰਡ ਮਚਾਕੀ ਕਲਾਂ ਵਿਖੇ ਬਰਾੜ ਮੈਡੀਕਲ ਹਾਲ ਦੀ ਵੀ ਜਾਂਚ ਕੀਤੀ ਗਈ। ਜਾਂਚ ਕੀਤੇ ਗਏ ਚਾਰਾਂ ਮੈਡੀਕਲ ਸਟੋਰਾਂ ਵਿੱਚੋਂ ਕਿਸੇ ਵੀ ਸਟੋਰ ਤੋਂ ਨਸ਼ਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਆਦਤ ਪਾਉਣ ਵਾਲੀਆਂ ਦਵਾਈਆਂ ਨਹੀਂ ਮਿਲੀਆਂ। ਇਸ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਰਪੰਚਾਂ ਵੱਲੋਂ ਲਿਖਤੀ ਤੌਰ :ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕੋਈ ਵੀ ਮੈਡੀਕਲ ਸਟੋਰ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨਹੀਂ ਕਰ ਰਿਹਾ ਅਤੇ ਇਸ ਸਬੰਧੀ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ।

