ਸਰਪੰਚਾਂ ਤੇ ਪਿੰਡ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ, ਜਲਦ ਹੱਲ ਦਾ ਦਿੱਤਾ ਭਰੋਸਾ
ਕੋਟਕਪੂਰਾ/ਫਰੀਦਕੋਟ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਮਾਰਕੀਟ ਕਮੇਟੀ ਦਫ਼ਤਰ ਸਾਦਿਕ ਵਿਖੇ ਚੇਅਰਮੈਨ ਮੈਡਮ ਨੀਤੂ ਕਪੂਰ ਸਿੰਗਲਾ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਆਗੂਆਂ ਅਤੇ ਪਿੰਡ ਵਾਸੀਆਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਸਤਿਕਾਰਯੋਗ ਸਰਪੰਚ ਸਾਹਿਬਾਨਾਂ, ਪੰਚਾਇਤ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਆਪਣੇ-ਆਪਣੇ ਖੇਤਰਾਂ ਦੀਆਂ ਜਨਤਕ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਨਾਲ ਸਬੰਧਤ ਮੁੱਦੇ ਚੇਅਰਮੈਨ ਜੀ ਦੇ ਧਿਆਨ ਵਿੱਚ ਲਿਆਂਦੇ। ਚੇਅਰਮੈਨ ਨੀਤੂ ਕਪੂਰ ਸਿੰਗਲਾ ਨੇ ਸਾਰੀਆਂ ਸਮੱਸਿਆਵਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਮੌਕੇ ‘ਤੇ ਹੀ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸਾਰੀਆਂ ਮੰਗਾਂ ਤੇ ਜਨਤਕ ਮੁਸ਼ਕਿਲਾਂ ਦੇ ਜਲਦ ਅਤੇ ਯੋਗ ਹੱਲ ਲਈ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਤਾਲਮੇਲ ਕੀਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਮੈਡਮ ਨੀਤੂ ਕਪੂਰ ਸਿੰਗਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਾ ਮੇਰੀ ਹਮੇਸ਼ਾ ਪਹਿਲੀ ਤਰਜੀਹ ਰਹੇਗੀ। ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਮਾਰਕੀਟ ਕਮੇਟੀ ਦੇ ਦਰਵਾਜ਼ੇ ਆਮ ਜਨਤਾ ਅਤੇ ਕਿਸਾਨਾਂ ਲਈ ਹਰ ਵੇਲੇ ਖੁੱਲ੍ਹੇ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਸਮੱਸਿਆ ਲਈ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀ, ਸਰਪੰਚ, ਪੰਚ ਅਤੇ ਮਾਰਕੀਟ ਕਮੇਟੀ ਦਾ ਸਟਾਫ਼ ਵੀ ਹਾਜ਼ਰ ਸੀ।

