ਅਰਸ਼ ਸੱਚਰ ਨੇ ਮਿਸ਼ਨ 2027 ਤਹਿਤ ਫ਼ਰੀਦਕੋਟ ਦੇ ਲੋਕਾਂ ਸਾਹਮਣੇ ਰੱਖਿਆ ਆਪਣੀ ਜਨਸੇਵਾ ਦਾ ਰਿਪੋਰਟ ਕਾਰਡ
ਸਿਹਤ, ਸਿੱਖਿਆ, ਨਸ਼ਾ ਮੁਕਤੀ, ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਦੇ ਹੱਕਾਂ ਲਈ ਯਤਨ ਲਗਾਤਾਰ ਜਾਰੀ
ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮਿਸ਼ਨ 2027 ਤਹਿਤ ਆਪਣੀ ਜਨਸੇਵਾ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਆਸਤ ਦਾ ਮੁੱਖ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨਾ ਹੈ। ਅਰਸ਼ ਸੱਚਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਸਿਹਤ ਸਹੂਲਤਾਂ, ਨਸ਼ਾ ਮੁਕਤ ਫ਼ਰੀਦਕੋਟ, ਸਕੂਲਾਂ ਅਤੇ ਕਾਲਜਾਂ ਵਿੱਚ ਸੁਧਾਰ, ਕਿਸਾਨਾਂ ਦੀਆਂ ਮੰਡੀਆਂ ਸਬੰਧੀ ਸਮੱਸਿਆਵਾਂ, ਵਪਾਰੀਆਂ ਤੇ ਦੁਕਾਨਦਾਰਾਂ ਦੇ ਹੱਕਾਂ, ਗਰੀਬ ਪਰਿਵਾਰਾਂ ਦੀ ਸਹਾਇਤਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਵਰਗੇ ਮੁੱਦੇ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਉਪਰਾਲਿਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਅਤੇ ਫ਼ਰੀਦਕੋਟ ਦੀਆਂ ਸਥਾਨਕ ਸਮੱਸਿਆਵਾਂ ਦੇ ਹੱਲ ਲਈ ਉਹ ਲਗਾਤਾਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਰਹੇ ਹਨ। ਅਰਸ਼ ਸੱਚਰ ਨੇ ਕਿਹਾ, “ਮੇਰੇ ਲਈ ਸਿਆਸਤ ਅਹੁਦਾ ਪ੍ਰਾਪਤ ਕਰਨ ਦਾ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਜ਼ਰੀਆ ਹੈ। ਮੇਰੀ ਪਛਾਣ ਮੇਰੇ ਕੰਮ ਹਨ ਅਤੇ ਮੇਰੀ ਸਭ ਤੋਂ ਵੱਡੀ ਤਾਕਤ ਫ਼ਰੀਦਕੋਟ ਦੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੈ।” ਉਨ੍ਹਾਂ ਅੱਗੇ ਕਿਹਾ ਕਿ ਮਿਸ਼ਨ 2027 ਤਹਿਤ ਉਨ੍ਹਾਂ ਦਾ ਸੰਕਲਪ ਫ਼ਰੀਦਕੋਟ ਨੂੰ ਸਿਹਤ, ਸਿੱਖਿਆ, ਰੁਜ਼ਗਾਰ, ਵਪਾਰ ਅਤੇ ਬੁਨਿਆਦੀ ਸਹੂਲਤਾਂ ਦੇ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣਾ ਹੈ। “ਫ਼ਰੀਦਕੋਟ ਦੇ ਲੋਕ ਹੀ ਮੇਰੇ ਕੰਮਾਂ ਦੇ ਅਸਲ ਜੱਜ ਹਨ। ਉਨ੍ਹਾਂ ਦਾ ਆਸ਼ੀਰਵਾਦ ਅਤੇ ਵਿਸ਼ਵਾਸ ਹੀ ਮੇਰੀ ਸਭ ਤੋਂ ਵੱਡੀ ਕਮਾਈ ਹੈ,” ਅਰਸ਼ ਸੱਚਰ ਨੇ ਕਿਹਾ।

