

ਲੁਧਿਆਣਾ, 4 ਨਵੰਬਰ, (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਚ ਜਾਰੀ ਅੰਤਰ-ਕਾਲਜ ਯੁਵਕ ਮੇਲੇ ਵਿੱਚ ਦੂਜੇ ਗੇੜ ਦੇ ਮੰਚੀ ਮੁਕਾਬਲੇ ਅੱਜ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਸ਼ੁਰੂ ਹੋਏ। ਇਸ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਸ. ਹਰਪਾਲ ਸਿੰਘ ਚੀਮਾ ਸ਼ਾਮਲ ਹੋਏ। ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਵੀ.ਬੀ. ਪਟੇਲ, ਆਡੀਸ਼ਨਲ ਡਾਇਰੈਕਟਰ ਜਰਨਲ (ਬਾਗਬਾਨੀ), ਆਈ.ਸੀ.ਏ.ਆਰ, ਡਾ. ਸਤਿਬੀਰ ਸਿੰਘ ਗੋਸਲ, ਸਾਬਕਾ ਵਾਈਸ ਚਾਂਸਲਰ, ਪੀ.ਏ.ਯੂ, ਡਾ. ਜੇ.ਪੀ.ਸ਼ਰਮਾ, ਸਾਬਕਾ ਵਾਈਸ ਚਾਂਸਲਰ, ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਅਤੇ ਟੈਕਨਾਲੋਜੀ, ਜੰਮੂ, ਡਾ. ਅਸ਼ੋਕ ਕੁਮਾਰ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ, ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਵੀ ਇਸ ਮੌਕੇ ਹਾਜ਼ਰ ਸਨ।
ਮੁੱਖ ਮਹਿਮਾਨ ਸ. ਹਰਪਾਲ ਸਿੰਘ ਚੀਮਾ, ਵਿੱਤ, ਕਰ ਤੇ ਆਬਕਾਰੀ ਮੰਤਰੀ, ਪੰਜਾਬ ਨੇ ਆਪਣੇ ਸੰਬੋਧਨ ਵਿੱਚ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਲੋਕ-ਕਲਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪੀ.ਏ.ਯੂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸਭਿਆਚਾਰਕ ਝਾਕੀਆਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਪੀ.ਏ.ਯੂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ. ਚੀਮਾ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਹੋਰ ਵਿਕਾਸ ਅਤੇ ਸੁਧਾਰ ਲਈ ਹਰ ਸੰਭਵ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੁਵਕ ਮੇਲਿਆਂ ਦਾ ਮਕਸਦ ਕੇਵਲ ਮੰਚ ’ਤੇ ਸੰਗੀਤ, ਨਾਚ ਜਾਂ ਰੰਗਮੰਚ ਦੀਆਂ ਪੇਸ਼ਕਾਰੀਆਂ ਕਰਵਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਬਲਕਿ ਉਨ੍ਹਾਂ ਨੂੰ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਇਸ ਪ੍ਰਸੰਗ ਵਿੱਚ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਲਾਵਾਂ ਮਨੁੱਖ ਨੂੰ ਅਨੁਸ਼ਾਸਨਬੱਧ ਬਣਾਉਂਦੀਆਂ ਹਨ। ਵਿਦਿਆਰਥੀਆਂ ਨੂੰ ਆਪਣੀ ਪੇਸ਼ਕਾਰੀ ਰਾਹੀਂ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਦੂਜਿਆਂ ਦੀ ਕਲਾ ਅਤੇ ਪ੍ਰਤਿਭਾ ਦਾ ਸਨਮਾਨ ਕਰਨਾ ਵੀ ਸਿੱਖਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਦੇ 500 ਤੋਂ ਵੱਧ ਵਿਦਿਆਰਥੀ ਇਸ ਯੁਵਕ ਮੇਲੇ ਵਿੱਚ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਨੂੰ ਆਪਣੀ ਕਲਾ, ਸਿਰਜਣਾਤਮਕਤਾ ਅਤੇ ਪ੍ਰਤਿਭਾ ਦੇ ਪ੍ਰਗਟਾਵੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸੋਲੋ ਨਾਚ, ਪੱਛਮੀ ਸਮੂਹ ਗਾਨ, ਲਾਈਟ ਵੋਕਲ ਸੋਲੋ, ਦੋਗਾਣਾ ਗੀਤ, ਭਾਰਤੀ ਸਮੂਹ ਗਾਨ ਅਤੇ ਨਾਚ ਕਲਾ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਅੰਤ ਵਿੱਚ, ਅਪਰ ਨਿਰਦੇਸ਼ਕ ਸੰਚਾਰ ਅਤੇ ਮਿਲਖ ਅਫ਼ਸਰ, ਪੀ.ਏ.ਯੂ., ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਦੀ ਵੱਡੀ ਹਾਜ਼ਰੀ ਅਤੇ ਉਤਸ਼ਾਹ ਨੇ ਸਮਾਗਮ ਦੀ ਰੌਣਕ ਵਧਾਈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਲੋਕ ਕਲਾਵਾਂ ਦੀਆਂ ਪੇਸ਼ਕਾਰੀਆਂ ਵਿੱਚ ਦਿਖਾਈ ਪ੍ਰਤਿਭਾ ਅਤੇ ਪੰਜਾਬੀ ਵਿਰਸੇ ਨਾਲ ਉਨ੍ਹਾਂ ਦੇ ਲਗਾਅ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰੇਦਸ਼ਕ ਖੋਜ, ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਾਸਾਰ ਸਿੱਖਿਆ, ਡਾ. ਹਰਮਿੰਦਰ ਸਿੰਘ, ਡੀਨ ਪੋਸਟ ਗਰੈਜੂਰੇਟ ਸਟੱਡੀਜ਼, ਡ. ਚਰਨਜੀਤ ਔਲਖ, ਡੀਨ ਖੇਤੀਬਾੜੀ, ਡਾ. ਰਿਸ਼ੀ ਇੰਦਰ ਸਿੰਘ ਗਿੱਲ, ਡੀਨ ਹੌਰਟੀਕਲਚਰ, ਡਾ. ਕਮਲ ਵੱਤਾ, ਡੀਨ, ਬੇਸਿਕ ਸਾਇੰਸ, ਡਾ. ਕਿਰਨ ਬੈਂਸ, ਡੀਨ ਕਮਿਊਨਿਟੀ ਸਾਇੰਸ, ਡਾ. ਰੁਪਿੰਦਰ ਕੌਰ ਤੂਰ, ਸਹਿਯੋਗੀ ਨਿਰਦੇਸ਼ਕ ਸੱਭਿਆਚਾਰ, ਡਾ. ਵਿਸ਼ਾਲ ਬੈਕਟਰ ਅਤੇ ਸ. ਸਤਵੀਰ ਸਿੰਘ, ਰਜਿਸਟਰਿੰਗ ਅਫਸਰ ਹਾਜਰ ਸਨ।
ਪੀ.ਏ.ਯੂ ਦੇ ਅੰਤਰ-ਕਾਲਜ ਯੁਵਕ ਮੇਲੇ ਦੇ ਚੌਥੇ ਦਿਨ ਵਿਰਾਸਤੀ ਅਤੇ ਸਾਹਿਤਕ ਕਲਾਵਾਂ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:
ਬੁਣਾਈ- 1. ਰਿਧਿਮਾ ਜੈਨ, ਕਮਿਊਨਿਟੀ ਸਾਇੰਸ ਕਾਲਜ, 2. ਸਿਮਰਨਜੀਤ ਕੌਰ, ਖੇਤੀਬਾੜੀ ਕਾਲਜ, 3. ਗਗਨਦੀਪ ਕੌਰ, ਬਾਗਬਾਨੀ ਕਾਲਜ
ਗੁੱਡੀਆਂ ਪਟੋਲੇ ਬਣਾਉਣਾ- 1. ਜਸਪ੍ਰੀਤ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਅਸ਼ਮੀਨ ਕੌਰ, ਖੇਤੀਬਾੜੀ ਕਾਲਜ, 3. ਰਵਨੀਤ ਕੌਰ, ਕਮਿਊਨਿਟੀ ਸਾਇੰਸ ਕਾਲਜ
ਦਸੂਤੀ ਦੀ ਕਢਾਈ- 1. ਜਸਲੀਨ ਕੌਰ ਭੁੱਲਰ, ਖੇਤੀਬਾੜੀ ਕਾਲਜ, 2. ਗੁਰਨੂਰ ਕੌਰ, ਕਮਿਊਨਿਟੀ ਸਾਇੰਸ ਕਾਲਜ, 3. ਟਵਿੰਕਲ ਬੈਂਸ – ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ
ਪੱਖੀ ਬੁਣਨਾ- 1. ਨਵਦੀਪ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਸੌਗਾਤ ਠੁਕਰਾਲ, ਕਮਿਊਨਿਟੀ ਸਾਇੰਸ ਕਾਲਜ, 3. ਨਵਜੋਤ ਕੌਰ, ਬੇਸਿਕ ਸਾਇੰਸ ਕਾਲਜ
ਫੁਲਕਾਰੀ ਕੱਢਣਾ- 1. ਸੁਖਮਨਜੋਤ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਜਫੀਕਾ ਕੰਬੋਜ, ਖੇਤੀਬਾੜੀ ਕਾਲਜ, 3. ਹਰਪ੍ਰੀਤ ਕੌਰ, ਬੇਸਿਕ ਸਾਇੰਸ ਕਾਲਜ
ਵਾਦ- ਵਿਵਾਦ- 1. ਕਮਿਊਨਿਟੀ ਸਾਇੰਸ ਕਾਲਜ, 2. ਬਾਗਬਾਨੀ ਕਾਲਜ, 3. ਬੇਸਿਕ ਸਾਇੰਸ ਕਾਲਜ
ਸਿਰਜਨਾਤਮਕ ਲੇਖਣ (ਕਵਿਤਾ)- 1. ਰਮਨਜੋਤ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਆਯੁਸ਼, ਖੇਤੀਬਾੜੀ ਕਾਲਜ, 3. ਨਵਰੀਤ ਕੌਰ, ਬੇਸਿਕ ਸਾਇੰਸ ਕਾਲਜ
ਸਿਰਜਨਾਤਮਕ ਲੇਖਣ (ਲੇਖ)- 1. ਤਸ਼ਮੀਨ ਕੌਰ, ਬੇਸਿਕ ਸਾਇੰਸ ਕਾਲਜ, 2. ਪ੍ਰਭਜੋਤ ਕੌਰ, ਖੇਤੀਬਾੜੀ ਕਾਲਜ, 3. ਹਰਪ੍ਰੀਤ ਕੌਰ, ਕਮਿਊਨਿਟੀ ਸਾਇੰਸ ਕਾਲਜ
ਸਿਰਜਨਾਤਮਕ ਲੇਖਣ (ਕਹਾਣੀ)- 1. ਭਵਯ ਕੁਮਾਰ ਬੋਰਾਹ, ਖੇਤੀਬਾੜੀ ਕਾਲਜ, 2. ਪੁਣਿਆ ਸੂਦ, ਕਮਿਊਨਿਟੀ ਸਾਇੰਸ ਕਾਲਜ, 3. ਕਾਤਯਨੀ ਕਿਸਨੋਰ, ਬੇਸਿਕ ਸਾਇੰਸ ਕਾਲਜ

